Headlines

ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵਿਦੇਸ਼ ਜਾਣ ਤੋਂ ਰੋਕਿਆ

ਅੰਮ੍ਰਿਤਸਰ ਏਅਰਪੋਰਟ ਤੋਂ ਵਾਪਿਸ ਪਰਤਣਾ ਪਿਆ-

ਅੰਮ੍ਰਿਤਸਰ ( ਭੰਗੂ)-ਇੱਥੇ ਅੱਜ ਹਵਾਈ ਅੱਡੇ ’ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਮਿਲੇ ਵੇਰਵਿਆਂ ਅਨੁਸਾਰ ਉਹ  ਕਤਰ ਏਅਰਵੇਜ਼ ਦੀ ਹਵਾਈ ਉਡਾਣ ਰਾਹੀ ਕਤਰ ਜਾਣ ਲਈ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਸਨ। ਇਹ ਉਡਾਣ ਬਾਅਦ ਦੁਪਹਿਰ ਲਗਪਗ ਪੌਣੇ ਚਾਰ ਵਜੇ ਸਥਾਨਕ ਹਵਾਈ ਅੱਡੇ ਤੋਂ ਰਵਾਨਾ ਹੋਣੀ ਸੀ। ਇਸ ਉਡਾਣ ਰਾਹੀਂ ਤਰਸੇਮ ਸਿੰਘ ਨੇ ਪਹਿਲਾਂ ਖਾੜੀ ਮੁਲਕ ਅਤੇ ਬਾਅਦ ਵਿਚ ਕੈਨੇਡਾ ਜਾਣਾ ਸੀ। ਇਸ ਦੌਰਾਨ ਹਵਾਈ ਅੱਡੇ ’ਤੇ ਸਥਿਤ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਹ ਵਾਪਸ ਪਰਤ ਗਏ। ਇਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਐਡਵੋਕੇਟ ਬੀਐੱਸ ਸਿਆਲਕਾ ਨੇ ਕੀਤੀ ਹੈ ਜੋ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਕੇਸ ਦੀ ਸ਼੍ਰੋਮਣੀ ਕਮੇਟੀ ਵੱਲੋਂ ਪੈਰਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਨੂੰ  ਹਵਾਈ ਅੱਡੇ ’ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ।

ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਵੀ ਯੂਕੇ ਜਾਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਉਸ ਨੂੰ ਵੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਅਸਾਮ ਦੀ ਡਬਿਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।