Headlines

ਕਤਰ ਦੀ ਇਕ ਅਦਾਲਤ ਨੇ 8 ਭਾਰਤੀ ਨਾਗਰਿਕਾਂ ਨੂੰ ਜਸੂਸੀ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ

ਦੋਹਾ- ਕਤਰ ਦੀ ਇੱਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਭਾਰਤੀ ਜਲ ਸੈਨੇ  ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਭਾਰਤ ਸਰਕਾਰ ਨੇ ਅਦਾਲਤ ਵਲੋਂ ਆਏ ਇਸ ਫੈਸਲੇ ਨੂੰ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਦਸਦਿਆਂ ਕਿਹਾ ਹੈ ਕਿ  ਉਹ ਵਿਸਥਾਰਤ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਨ।
ਭਾਰਤੀ ਜਲ ਸੈਨਾ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਇਨ੍ਹਾਂ ਅਧਿਕਾਰੀਆਂ ‘ਤੇ ਕਤਰ ਦੀ  ਇਕ ਕੰਪਨੀ ਨਾਲ ਕੰਮ ਕਰਦਿਆਂ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਹਨ।
ਕਤਰ ਦੀ ਜਾਂਚ ਏਜੰਸੀ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੇ ਇਜ਼ਰਾਈਲ ਨੂੰ ਇਟਲੀ ਤੋਂ  ਪਣਡੁੱਬੀਆਂ ਖਰੀਦਣ ਦੇ ਕਤਰ ਦੇ ਗੁਪਤ ਪ੍ਰੋਗਰਾਮ ਦੇ ਵੇਰਵੇ ਮੁਹੱਈਆ ਕਰਵਾਏ ਸਨ।

ਇਹਨਾਂ ਸਾਬਕਾ ਅਧਿਕਾਰੀਆਂ ਦੀ ਪਛਾਣ ਕੈਪਟਨ ਨਵਤੇਜ ਸਿੰਘ ਗਿੱਲ, ਕਮਾਂਡਰ ਪੁਰਨੇਂਦੂ ਤਿਵਾੜੀ, ਕੈਪਟਨ ਸੌਰਭ ਵਸ਼ਿਸ਼ਟ, ਕਮਾਂਡਰ ਸੰਜੀਵ ਗੁਪਤਾ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਸੁਗੁਨਾਕਰ ਪਕਾਲਾ, ਕਮਾਂਡਰ ਅਮਿਤ ਨਾਗਪਾਲ ਅਤੇ ਸੇਲਰ ਰਾਗੇਸ਼ ਵਜੋਂ ਕੀਤੀ ਗਈ ਹੈ।

ਭਾਰਤ ਦੇ ਵਿਦੇਸ਼ ਵਿਭਾਗ ਨੇ ਅਦਾਲਤ ਦੇ ਫੈਸਲੇ ਉਪਰੰਤ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ “ਸਾਡੇ ਕੋਲ ਸ਼ੁਰੂਆਤੀ ਜਾਣਕਾਰੀ ਹੈ ਕਿ ਕਤਰ ਦੀ ਇਕ ਸਥਾਨਕ ਅਦਾਲਤ ਨੇ ਕਤਰ ਦੀ ਇਕ ਕੰਪਨੀ ਅਲ ਦਾਹਰਾ ਦੇ ਅੱਠ ਭਾਰਤੀ ਕਰਮਚਾਰੀਆਂ ਦੇ ਮਾਮਲੇ ਵਿੱਚ ਇੱਕ ਫੈਸਲਾ ਸੁਣਾਇਆ ਹੈ। “ਅਸੀਂ ਮੌਤ ਦੀ ਸਜ਼ਾ ਦੇ ਫੈਸਲੇ ਤੋਂ ਡੂੰਘੇ ਸਦਮੇ ਵਿੱਚ ਹਾਂ ਅਤੇ ਵਿਸਥਾਰਤ ਫੈਸਲੇ ਦੀ ਉਡੀਕ ਕਰ ਰਹੇ ਹਾਂ। ਅਸੀਂ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਸੰਪਰਕ ਵਿੱਚ ਹਾਂ, ਅਤੇ ਅਸੀਂ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਹੇ ਹਾਂ।ਇਹ ਅੱਠ ਭਾਰਤੀ ਨਾਗਰਿਕ ਅਕਤੂਬਰ 2022 ਤੋਂ ਕਤਰ ਦੀ ਇਕ ਜੈਲ ਵਿਚ ਕੈਦ ਹਨ ਅਤੇ ਉਨ੍ਹਾਂ ‘ਤੇ ਕਥਿਤ ਤੌਰ ‘ਤੇ ਪਣਡੁੱਬੀ ਪ੍ਰੋਗਰਾਮ ਦੀ ਜਾਸੂਸੀ ਕਰਨ ਦਾ ਦੋਸ਼ ਹੈ। ਉਹਨਾਂ ਖਿਲਾਫ ਇਹ ਮੁਕਦਮਾ  ਮਾਰਚ 2022 ਦੇ ਅਖੀਰ ਵਿਚ ਸ਼ੁਰੂ ਹੋਇਆ ਸੀ।