Headlines

ਕੌਮਾਂਤਰੀ ਪੰਜਾਬੀ ਕਾਨਫਰੰਸ ‘ਚ ਸਨਮਾਨੇ ਉਰਦੂ ਤੇ ਪੰਜਾਬੀ ਲੇਖਕ ਨਦੀਮ ਪਰਮਾਰ 

‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਨਾਲ ਨਦੀਮ ਨੂੰ ਕੀਤਾ ਗਿਆ ਸਨਮਾਨਿਤ

ਗਾਇਕ ਜਗਜੀਤ ਸਿੰਘ ਤੇ ਹੋਰਾਂ ਨਾਮੀ ਗਾਇਕਾਂ ਨੇ ਗਈਆਂ ਨਦੀਮ ਦੀਆਂ ਗ਼ਜ਼ਲਾਂ

ਨਦੀਮ ਪਰਮਾਰ ਨੂੰ ਐਵਾਰਡ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ -ਸੁੱਖੀ ਬਾਠ

ਬਚਪਨ ‘ਚ ਕਵਿਤਾ ਲਿਖਣ ‘ਤੇ ਪਿੰਡ ਵਾਲਿਆਂ ਵਲੋਂ ਮਿਲੇ ਉਤਸ਼ਾਹ ਤੇ ਦੋ ਰੁਪਏ ਦੇ ਇਨਾਮ ਨੇ ਮੈਨੂੰ ਸਾਹਿਤਕਾਰ ਬਣਾ ਦਿੱਤਾ-ਨਦੀਮ ਪਰਮਾਰ

**

ਜੋਗਿੰਦਰ ਸਿੰਘ-9855862377 ਵਟਸਐਪ

ਸਰੀ-ਦਹਾਕਿਆਂ ਤੋਂ ਅੰਗਰੇਜਾਂ ਦੇ ਮੁਲਕ ‘ਚ ਰਹਿ ਕੇ ਉਰਦੂ ਤੇ ਪੰਜਾਬੀ ਨੂੰ ਸਮਰਪਿਤ ਰਹੇ ਸਾਹਿਤਕਾਰ ਕੁਲਵੰਤ ਸਿੰਘ ਉਰਫ਼ ਨਦੀਮ ਪਰਮਾਰ ਨੂੰ ਕੈਨੇਡਾ ‘ਚ ਹੋਈ ਕੌਮਾਂਤਰੀ ਪੰਜਾਬੀ ਕਾਨਫਰੰਸ ‘ਚ ”ਅਰਜਨ ਸਿੰਘ ਬਾਠ” ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ l ਸਾਹਿਤਕ ਖੇਤਰ ‘ਚ ਨਦੀਮ ਪਰਮਾਰ ਇਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਿਸ਼ੇਸ ਸਨਮਾਨ ਮਿਲ ਚੁੱਕੇ ਹਨ ਤੇ ਉਨ੍ਹਾਂ ਦੀਆਂ ਹੁਣ ਤੱਕ ਉਰਦੂ ਦੀਆਂ ਨਜ਼ਮਾਂ ਦੀਆਂ 5 ਕਿਤਾਬਾਂ ਤੋਂ ਇਲਾਵਾ ਪੰਜਾਬੀ ‘ਚ 11 ਨਾਵਲ ਅਤੇ 5 ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ l ਨਦੀਮ ਪਰਮਾਰ ਦੀਆਂ ਉਰਦੂ ਦੀਆਂ ਗ਼ਜ਼ਲਾਂ ਨੂੰ ਨਾਮੀ ਗਾਇਕ ਜਗਜੀਤ ਸਿੰਘ, ਪਾਕਿਸਤਾਨ ਦੇ ਗਾਇਕ ਸ਼ੌਕਤ ਅਲੀ ਸਮੇਤ ਜਿਥੇ ਹੋਰ ਗਾਇਕਾਂ ਨੇ ਗਾਇਆ, ਉਥੇ ਉਨ੍ਹਾਂ ਦੇ ਨਾਵਲਾਂ ‘ਤੇ ਬਹੁਤ ਸਾਰੇ ਵਿਦਿਆਰਥੀ ਪੀ. ਐਚ. ਡੀ ਵੀ ਕਰ ਚੁੱਕੇ ਹਨ l ਸਾਹਿਤਕਾਰ ਨਦੀਮ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਪਾਂਸਟਾਂ  ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਬੀ. ਐਸ ਸੀ ਸਾਇੰਸ, ਐਮ.ਏ. ਉਰਦੂ, ਬੀ. ਏ., ਬੀ.ਟੀ. ਤੋਂ ਬਾਅਦ 1965 ‘ਚ ਇੰਗਲੈਂਡ ਪੁੱਜ ਕੇ ਇੰਜਨੀਰਿੰਗ ਕੀਤੀ ਸੀ ਤੇ ਇਸ ਤੋਂ ਬਾਅਦ ਪਤਨੀ ਸੁਰਜੀਤ ਕੌਰ ਤੇ ਬੱਚਿਆਂ ਸਮੇਤ ਆ ਕੇ ਉਹ ਕੈਨੇਡਾ ਦੇ ਬਰਨਬੀ ਸ਼ਹਿਰ ‘ਚ ਵਸ ਗਏ l ਮੁੱਢਲੇ ਦਿਨਾਂ ‘ਚ ਪਰਿਵਾਰ ਪਾਲਣ ਲਈ ਸਖ਼ਤ ਮਿਹਨਤ ਵੀ ਕਰਨੀ ਪਈ, ਪਰ ਸਮਾਂ ਪਾ ਕੇ ਡਿਗਰੀ ਨਾਲ ਸੰਬੰਧਤ ਕੈਨੇਡਾ ‘ਚ ਸੀ. ਐਨ. ਸੀ. ਪੀ. ਵਿਭਾਗ ‘ਚ ਨੌਕਰੀ ਮਿਲ ਗਈ, ਜਿਥੇ ਉਨ੍ਹਾਂ ਨੇ ਇਕ ਛੋਟੇ ਮੁਲਾਜ਼ਮ ਤੋਂ ਲੈ ਕੇ ਉੱਚ ਅਹੁਦੇ ਤੱਕ ਕੰਮ ਕੀਤਾ l ਰੁਝੇਵੇਂ ਭਰੀ ਜਿੰਦਗੀ ‘ਚ ਵੀ ਉਨ੍ਹਾਂ ਨੂੰ 12 ਸਾਲ ਦੀ ਉਮਰ ‘ਚ ਮਹਾਤਮਾ ਗਾਂਧੀ ਦੀ ਮੌਤ ‘ਤੇ ਸਰਧਾਂਜਲੀ ਵਜੋਂ ਲਿਖੀ ਕਵਿਤਾ ‘ਤੇ ਉਸ ਸਮੇਂ 2 ਰੁਪਏ ਦਾ ਪਿੰਡ ਵਾਸੀਆਂ ਵਲੋਂ ਮਿਲਿਆ ਇਨਾਮ ਤੇ ਉਤਸ਼ਾਹ ਹਮੇਸ਼ਾ ਇਸ ਖੇਤਰ ‘ਚ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਦਾ ਰਿਹਾ ਤੇ ਇਸੇ ਉਤਸ਼ਾਹ ਨੇ ਪੇਂਡੂ ਮੁੰਡੇ ਕੁਲਵੰਤ ਨੂੰ ਨਦੀਮ ਪਰਮਾਰ ਬਣਾ ਦਿੱਤਾ l ਪਿਤਾ ਇੰਜ. ਲਖਮੀਰ ਸਿੰਘ ਦੇ ਘਰ ਮਾਤਾ ਦਵਿੰਦਰ ਕੌਰ ਦੀ ਕੁੱਖੋਂ ਜਨਮਿਆ ਨਦੀਮ ਪਰਮਾਰ ਦੋ ਹੋਰ ਭਰਾਵਾਂ ਤੇ ਇਕ ਭੈਣ ਦਾ ਵੀਰ ਹੈ ਤੇ ਨਦੀਮ ਨੂੰ ਇਹ ਨਾਂਅ ਉਰਦੂ ਦੇ ਪ੍ਰਸਿੱਧ ਲੇਖਕ ਮੇਲਾ ਰਾਮ ਵਫ਼ਾ ਨੇ ਉਨ੍ਹਾਂ ਦੀਆਂ ਉਰਦੂ ਦੀਆਂ ਲਿਖਤਾਂ ਨੂੰ ਪੜ੍ਹ ਕੇ ਦਿੱਤਾ ਤੇ ਨਦੀਮ ਦਾ ਕਹਿਣਾ ਹੈ ਕਿ ਅਜਿਹੇ ਹੌਸਲੇ ਹੀ ਉਸਨੂੰ ਹੋਰ ਲਿਖਣ ਲਈ ਉਤਸ਼ਾਹ ਦਿੰਦੇ ਰਹੇ। ਭਾਵੇਂ ਪੜ੍ਹਾਈ ਤੋਂ ਬਾਅਦ ਨਦੀਮ ਪਰਮਾਰ, ਪੰਜਾਬ ‘ਚ ਡੀ. ਏ. ਵੀ. ਸਕੂਲ ਹੁਸ਼ਿਆਰਪੁਰ ‘ਚ ਥੋੜਾ ਸਮਾਂ ਇਕ ਅਧਿਆਪਕ ਵੀ ਰਹੇ, ਪਰ ਉਨ੍ਹਾਂ ਦਾ ਜਿੰਦਗੀ ਦਾ ਬਹੁਤਾ ਸਮਾਂ ਕੈਨੇਡਾ ‘ਚ ਹੀ ਬੀਤਿਆ l ਨਦੀਮ ਪਰਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ, ਉਸਨੂੰ ਵੱਡੀ ਉਮਰ ‘ਚ ਵੀ ਜਿੰਦਗੀ ਦਾ ਸਕੂਨ ਦਿੰਦੀਆਂ ਤੇ ਹੁਣ ਉਹ ਹੱਥ ਨਾਲ ਲਿਖਣ ਦੀ ਬਜਾਏ ਕੰਪਿਊਟਰ ‘ਤੇ ਕੁਝ ਨਾ ਕੁਝ ਲਿਖਦਾ ਰਹਿੰਦਾ ਤੇ ਘਰ ‘ਚ ਬਣੀ ਲਾਇਬਰੇਰੀ ਉਸ ਦੀ ਬੈਠਣ ਦੀ ਥਾਂ ਹੈ, ਜਿਥੇ ਉਹ ਜਿਆਦਾ ਸਮਾਂ ਗੁਜਾਰਦੇ ਹਨ l ਅਰਜਨ ਸਿੰਘ ਯਾਦਗਾਰੀ ਐਵਾਰਡ ਮਿਲਣ ‘ਤੇ ਉਨ੍ਹਾਂ ਸੁੱਖੀ ਬਾਠ ਤੇ ਪੰਜਾਬ ਭਵਨ ਟੀਮ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬ ਭਵਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਵੀ ਕੀਤੀ l ਇਸ ਬਾਰੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਦਾ ਕਹਿਣਾ ਹੈ ਕਿ ਇਹ ਲਿਖਤ ਨਦੀਮ ਪਰਮਾਰ ਦੇ ਜੀਵਨ ‘ਤੇ ਇਕ ਪੰਛੀ ਝਾਤ ਹੀ ਹੈ l ਉਨ੍ਹਾਂ ਦਾ ਕਹਿਣਾ ਹੈ ਕਿ ਨਦੀਮ ਪਰਮਾਰ ਇਕ ਸੰਸਥਾ ਹਨ ਤੇ ਉਨ੍ਹਾਂ ਦੇ ਜੀਵਨ ‘ਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ l ਉਨ੍ਹਾਂ ਕਿਹਾ ਕਿ ਨਦੀਮ ਨੂੰ ਪੰਜਾਬੀ ਕਾਨਫਰੰਸ ‘ਤੇ ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ ਦੇ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ l