Headlines

ਪ੍ਰੀਮੀਅਰ ਈਬੀ ਫੈਡਰਲ ਸਰਕਾਰ ਨੂੰ ਪੱਤਰ ਲਿਖਣ ਦੀ ਬਿਜਾਏ ਛੋਟੇ ਕਾਰੋਬਾਰੀਆਂ ਨੂੰ ਸਿੱਧੀ ਰਾਹਤ ਦੇਣ

ਪ੍ਰੀਮੀਅਰ ਦੇ ਬਿਆਨ ਤੇ  ਯੂਨਾਈਟਡ ਬੀ ਸੀ ਦੇ ਕਾਰਕੁੰਨ ਸੋਢੀ ਵਲੋਂ ਤਿੱਖੀ ਟਿਪਣੀ-

ਵੈਨਕੂਵਰ ( ਦੇ ਪ੍ਰ ਬਿ)- ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੇੇ ਛੋਟੇ ਕਾਰੋਬਾਰ ਮਾਲਕਾਂ ਦੁਆਰਾ ਕੈਨੇਡਾ ਐਮਰਜੈਂਸੀ ਬਿਜਨਸ ਅਕਾਉਂਟ ਤਹਿਤ ਲਏ ਗਏ ਕਰਜਿਆਂ ਦੀ ਵਸੂਲੀ ਦੀ ਮਿਆਦ ਇਕ ਸਾਲ ਹੋਰ ਵਧਾਏ ਜਾਣ ਦੀ ਮੰਗ ਤੇ ਟਿਪਣੀ ਕਰਦਿਆਂ ਯੁਨਾਈਟਡ ਬੀ ਸੀ ਦੇ ਕਾਰਕੁੰਨ ਦਵਿੰਦਰ ਸੋਢੀ ਨੇ ਕਿਹਾ ਹੈ ਕਿ ਇਕ ਪਾਸੇ  ਐਨ ਡੀ ਪੀ ਸਰਕਾਰ ਖੁਦ ਹੀ ਛੋਟੇ ਕਾਰੋਬਾਰਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਦੂਸਰੇ ਪਾਸੇ ਫੈਡਰਲ ਸਰਕਾਰ ਨੂੰ ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਪੱਤਰ ਲਿਖ ਰਹੀ ਹੈ।

ਉਹਨਾਂ ਇਕ ਬਿਆਨ ਰਾਹੀਂ ਕਿਹਾ ਹੈ ਕਿ ਐਨ ਡੀ ਪੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਮਿਨੀਮਮ ਵੇਜ 15 ਡਾਲਰ ਤੱਕ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਇਹ ਮਿਨੀਮਮ ਵੇਜ 17-18 ਡਾਲਰ ਤੱਕ ਪੁੱਜ ਚੁੱਕੀ ਹੈ ਜਿਸ ਕਾਰਣ ਛੋਟੇ ਕਾਰੋਬਾਰੀਆਂ ਵਲੋਂ ਵਰਕਰਾਂ ਨੂੰ ਅਦਾਇਗੀਆਂ ਕਰਨ ਦੇ ਨਾਲ ਆਪਣੇ ਕਾਰੋਬਾਰ ਚਾਲੂ ਰੱਖਣੇ ਔਖੇ ਹੋਏ ਪਏ ਹਨ। ਕੋਵਿਡ ਦੌਰਾਨ ਫੈਡਰਲ ਸਰਕਾਰ ਵਲੋਂ ਛੋਟੇ ਕਾਰੋਬਾਰੀਆਂ ਨੂੰ ਜੋ ਕਰਜੇ ਦਿੱਤੇ ਗਏ ਸਨ, ਉਹਨਾਂ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ ਪਰ ਹੁਣ ਲਗਾਤਾਰ ਮਹਿੰਗਾਈ ਅਤੇ ਮਿਨੀਮਮ ਵੇਜ਼ ਵਿਚ ਵਾਧੇ ਕਾਰਣ ਛੋਟੇ ਕਾਰੋਬਾਰੀ ਭਾਰੀ ਮੁਸ਼ਕਲ ਦੇ ਦੌਰ ਵਿਚੋ ਲੰਘ ਰਹੇ ਹਨ।

ਉਹਨਾਂ ਹੋਰ ਕਿਹਾ ਕਿ ਅਗਰ ਪ੍ਰੀਮੀਅਰ ਡੇਵਿਡ ਈਬੀ ਅਤੇ ਉਹਨਾਂ ਦੀ ਅਗਵਾਈ ਵਾਲੀ ਐਨ ਡੀ ਪੀ ਸਰਕਾਰ ਸਚਮੁੱਚ ਛੋਟੇ ਕਾਰੋਬਾਰੀਆਂ ਨੂੰ ਸੰਕਟ ਚੋ ਕੱਢਣ ਲਈ ਸੁਹਿਰਦ ਹਨ ਤਾਂ ਉਹ ਫੈਡਰਲ ਸਰਕਾਰ ਨੂੰ ਅਪੀਲਾਂ ਕਰਨ ਦੀ ਥਾਂ ਖੁਦ ਉਹ ਪ੍ਰੋਵਿੰਸ਼ੀਅਲ ਟੈਕਸਾਂ ਵਿਚ ਛੋਟ ਦੇ ਨਾਲ ਹੋਰ ਅਜਿਹੇ ਕਦਮ ਉਠਾਏ ਜੋ ਛੋਟੇ ਕਾਰੋਬਾਰੀਆਂ ਨੂੰ ਸਿੱਧੀ ਰਾਹਤ ਪਹੁੰਚਾਉਣ ਵਾਲੇ ਹੋਣ।

ਜ਼ਿਕਰਯੋਗ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਦਿਨੀਂ ਸੇਬੀ ਕਰਜਿਆਂ ਦੀ ਅਦਾਇਗੀ ਇਕ ਸਾਲ ਹੋਰ ਵਧਾਏ ਜਾਣ ਲਈ ਫੈਡਰਲ ਸਰਕਾਰ ਤੋ ਮੰਗ ਕੀਤੀ ਹੈ। ਸੀਬਾ ਕਰਜ਼ਿਆਂ ਦੀ ਮੁੜ ਅਦਾਇਗੀ ਦੀ ਆਖਰੀ ਮਿਤੀ 18 ਜਨਵਰੀ, 2024 ਹੈ। ਬ੍ਰਿਟਿਸ਼ ਕੋਲੰਬੀਆ ਵਿੱਚ, $6.6 ਬਿਲੀਅਨ ਤੋਂ ਵੱਧ ਦੇ ਸੀਬਾ ਕਰਜ਼ਿਆਂ ਲਈ 122,890 ਕਾਰੋਬਾਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ।