Headlines

ਪ੍ਰਧਾਨ ਮੰਤਰੀ ਟਰੂਡੋ ਵਲੋਂ ਘਰੇਲੂ ਹੀਟਿੰਗ ਤੇਲ ਤੋਂ ਕਾਰਬਨ ਟੈਕਸ ਹਟਾਉਣ ਦਾ ਐਲਾਨ

ਓਟਵਾ – ਅਟਲਾਂਟਿਕ ਕੈਨੇਡਾ ਵਿੱਚ ਆਪਣੀ ਸਰਕਾਰ ਦੀ ਲੋਕਪ੍ਰਿਯਤਾ ਵਿਚ ਗਿਰਾਵਟ ਨੂੰ ਵੇਖਦਿਆਂ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਆਪਣੇ ਕਾਰਬਨ ਟੈਕਸ ਦੇ ਵਿੱਤੀ ਪ੍ਰਭਾਵ ਨੂੰ ਘਟਾਉਣ ਦੀ ਯੋਜਨਾ ਤਹਿਤ ਅਸਥਾਈ ਤੌਰ ‘ਤੇ ਘਰੇਲੂ ਹੀਟਿੰਗ ਤੇਲ ਤੋਂ ਟੈਕਸ ਹਟਾਉਣ ਅਤੇ ਪੇਂਡੂ ਵਸਨੀਕਾਂ ਲਈ  ਛੋਟਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਟਰੂਡੋ ਨੇ ਇਹ ਐਲਾਨ ਵੀਰਵਾਰ ਦੁਪਹਿਰ ਆਪਣੇ ਅਟਲਾਂਟਿਕ ਕਾਕਸ ਦੇ ਮੈਂਬਰਾਂ ਨਾਲ ਕੀਤਾ। ਐਲਾਨ ਮੁਤਾਬਿਕ ਘਰੇਲੂ ਹੀਟਿੰਗ ਤੇਲ ਨੂੰ ਦੇਸ਼ ਭਰ ਵਿੱਚ ਅਗਲੇ ਤਿੰਨ ਸਾਲਾਂ ਲਈ ਕਾਰਬਨ ਟੈਕਸ ਤੋਂ ਛੋਟ ਦਿੱਤੀ ਜਾਵੇਗੀ। ਵਰਤਮਾਨ ਵਿੱਚ ਪੇਂਡੂ ਵਸਨੀਕਾਂ ਨੂੰ ਕਾਰਬਨ ਟੈਕਸ ਛੋਟ ਭੁਗਤਾਨਾਂ ਵਿੱਚ 10 ਪ੍ਰਤੀਸ਼ਤ ਛੋਟ ਮਿਲਦੀ ਜੋ ਅਗਲੇ ਸਾਲ ਤੋ ਵਧਕੇ 20 ਪ੍ਰਤੀਸ਼ਤ ਹੋ ਜਾਵੇਗੀ।

ਦੇਸ਼ ਭਰ ਵਿੱਚ ਘਰੇਲੂ ਹੀਟਿੰਗ ਤੇਲ ਵਾਲੇ ਲੋਕਾਂ ਦਾ ਸਭ ਤੋਂ ਵੱਧ ਅਨੁਪਾਤ ਐਟਲਾਂਟਿਕ ਕੈਨੇਡਾ ਵਿੱਚ ਹੈ  ਜਦੋਂਕਿ ਜ਼ਿਆਦਾਤਰ ਦੇਸ਼ ਵਿੱਚ, ਘਰਾਂ ਨੂੰ ਗਰਮ ਰੱਖਣ ਵਾਲਾ ਤੇਲ ਘੱਟ ਹੀ ਵਰਤਿਆ ਜਾਂਦਾ ਹੈ, ਪਰ ਐਟਲਾਂਟਿਕ ਕੈਨੇਡਾ ਵਿੱਚ ਇਹ 40 ਪ੍ਰਤੀਸ਼ਤ ਘਰਾਂ ਵਿੱਚ ਵਰਤਿਆ ਜਾਂਦਾ ਹੈ।