Headlines

ਪੰਜਾਬ ਡੇਅ ਅਤੇ ਪੰਜਾਬੀ

-ਪ੍ਰਿਥੀਪਾਲ ਸਿੰਘ ਸੋਹੀ-
ਪਹਿਲਾਂ 1947 ਵਿੱਚ ਧਰਮ ਦੇ ਅਧਾਰ ਤੇ ਭਾਰਤ ਦੀ ਵੰਡ ਕੀਤੀ ਗਈ ਸੀ ਤੇ ਵੰਡ ਵਿੱਚ ਪੰਜਾਬੀਆਂ ਨੂੰ ਵੰਡਿਆ ਗਿਆ। 70 ਪਰਸੈਂਟ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਰਹਿ ਗਏ ਸਨ। ਫਿਰ 1948 ਵਿੱਚ ਪੰਜਾਬ ਵਿੱਚੋਂ ਕੁਝ ਪਹਾੜੀ ਖੇਤਰ ਕੱਢਕੇ ਹਿਮਾਚਲ ਨਾਮ ਦਾ ਚੀਫ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ, ਪੰਜਾਬੀ ਫਿਰ ਵੰਡੇ ਗਏ।    ਅਕਾਲੀ ਦਲ ਵੱਲੋਂ ਵਿੱਢੇ ਲੰਬੇ ਸੰਘਰਸ਼ ਤੋਂ ਬਾਅਦ ਇੱਕ ਨਵੰਬਰ 1966 ਤੋਂ ਬੋਲੀ ਦੇ ਅਧਾਰ ਤੇ ਨਵਾਂ ਪੰਜਾਬ ਹੋਂਦ ਵਿੱਚ ਲਿਆਂਦਾ ਗਿਆ। ਪੰਜਾਬੀਆਂ ਤੇ ਫਿਰ ਕੁਹਾੜਾ ਚੱਲਿਆ, ਦਿੱਲੀ ਤੱਕ ਫੈਲੇ ਪੰਜਾਬੀ ਛੋਟੇ ਜਿਹੀ ਸੂਬੀ ਤੱਕ ਸੀਮਤ ਹੋ ਗਏ। ਕੁੱਲੂ, ਲਾਹੁਲ, ਸਪਿੱਤੀ ਅਤੇ ਕਾਂਗੜਾ ਦੇ ਪੰਜਾਬੀਆਂ ਨੂੰ ਪੰਜਾਬ ਨਾਲੋਂ ਕੱਟਕੇ, ਹਿਮਾਚਲ ਨਾਲ ਜੋੜ ਦਿੱਤਾ ਅਤੇ ਹਿਸਾਰ, ਜੀਂਦ, ਕਰਨਾਲ, ਅੰਬਾਲਾ ਗੱਲ ਕੀ ਦਿੱਲੀ ਤੱੱਕ ਫੈਲੇ ਪੰਜਾਬੀਆਂ ਨੂੰ ਪੰਜਾਬੀਅਤ ਤੋਂ ਦਰ ਕਿਨਾਰ ਕਰਾ ਦਿੱਤਾ ਗਿਆ। ਦਿੱਲੀ ਭਾਵੇਂ ਵੱਖਰਾ ਖੇਤਰ ਸੀ ਪਰ 1966 ਤੱਕ ਦਿੱਲੀ ਦੇ ਅੱਧੇ ਲੋਕ ਆਪਣੇ ਆਪ ਨੁੰ ਪੰਜਾਬੀ ਕਹਿੰਦੇ ਸਨ। ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਲੋਕ ਭਾਵੇਂ ਠੇਠ ਪੰਜਾਬੀ ਨਹੀਂ ਸਨ ਬੋਲਦੇ, ਪਰ ਉਹ ਆਪਣੀ ਸੱਭਆਿਚਾਰਕ ਪਹਿਚਾਣ ਪੰਜਾਬੀ ਹੀ ਦਸਦੇ ਸਨ। ਇੱਕ ਨਵੰਬਰ 1966 ਤੋਂ ਬਾਅਦ ਉਨਾਂ ਦੀ ਪਹਿਚਾਣ ਬਦਲ ਗਈ, ਉਹ ਆਪਣੇ ਆਪ ਨੂੰ ਹਰਿਆਣਵੀ, ਹਿਮਾਚਲੀ ਜਾਂ ਦਿੱਲੀ ਵਾਲੇ ਕਹਿਣ ਲੱਗ ਗਏ।
ਅਸਲ ਵਿੱਚ ਸ੍ਰੋਮਣੀ ਅਕਾਲੀ ਦਲ ਜਦੋਂ ਅੰਗੇਰਜ਼ਾਂ ਤੋਂ ਸਿੱਖਾਂ ਲਈ ਕੋਈ ਵੱਖਰਾ ਰਾਜਨੀਤਕ ਖਿੱਤਾ ਲੈਣ ਵਿੱਚ ਫੇਲ ਹੋ ਗਿਆ ਤਾਂ ਉਸ ਨੇ ਆਪਣੀਆਂ ਰਾਜਨੀਤਕ ਸੱਤਾ ਪ੍ਰਾਪਤੀ ਦੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ 1948 ਤੋਂ ਹੀ ਯਤਨ ਆਰੰਭ ਦਿੱਤੇ ਸਨ। ਬਾਅਦ ਵਿੱਚ ਜਦੋਂ ਅੰਬੇਦਕਰ ਵਰਗੇ ਲੀਡਰਾਂ ਨੇ ਉਨਾਂ ਨੂੰ ਦੱਸਿਆ ਕਿ ਧਰਮ ਦੇ ਅਧਾਰ ਤੇ ਨਵਾਂ ਸੂਬਾ ਹੁਣ ਨਹੀਂ ਲਿਆ ਜਾ ਸਕਦਾ, ਕੇਂਦਰੀ ਕਮਿਸ਼ਨ ਭਾਸ਼ਾ ਦੇ ਅਧਾਰ ਤੇ ਸੂਬੇ ਬਨਾਉਣ ਲਈ ਬਣ ਰਿਹਾ ਹੈ, ਫਿਰ ਅਕਾਲੀ ਆਗੂਆਂ ਨੇ ਧਰਮ ਦਾ ਨਾਮ ਲਏ ਵਗੈਰ, ਪੰਜਾਬੀ ਭਾਸ਼ਾ ਨੂੰ ਮੋਹਰੇ ਰੱਖਕੇ ਆਪਣੀਆਂ ਧਾਰਮਿਕ ਅਤੇ ਰਾਜਨੀਤਕ ਖਾਹੁਸ਼ਾਂ ਦੀ ਪੂਰਤੀ ਲਈ ਸੰਘਰਸ਼ ਵਿੱਡ ਦਿੱਤਾ। ਇਸ ਤਰਾਂ ਅਕਾਲੀ ਦਲ ਦੁਆਰਾ ਪੰਜਾਬੀ ਸੂਬੇ ਦੀ ਮੰਗ ਪਿਛੇ ਦੋ ਮੁਖ ਮੰਤਵ ਬਣ ਗਏ। ਪਹਿਲਾ ਪੰਜਾਬੀ ਬੋਲੀ ਦੀ ਰੱਖਿਆ ਅਤੇ ਵਿਸਥਾਰ, ਦੂਜਾ ਲੁਕਵਾਂ, ਪਰ ਅਸਲ ਮੁੱਦਾ ਸੀ ਸੱਤਾ ਦੀ ਲਾਲਸਾ। ਨਵਾਂ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਬੋਲੀ ਦਾ ਵਿਸਥਾਰ ਤਾਂ ਸਗੋਂ ਰੁਕ ਗਿਆ, ਪੰਜਾਬੀ ਬੋਲੀ ਦਾ ਘੇਰਾ ਸੀਮਤ ਹੋ ਗਿਆ। ਲਾਹੁਲ ਸਪਿੱਤੀ, ਕੁੱਲੂ, ਸਿ਼ਮਲਾ, ਕਾਂਗੜਾ ਅਤੇ ਇੱਧਰ ਦਿੱਲੀ ਤੱਕ ਪੰਜਾਬੀ ਬੋਲਣ ਵਾਲੇ ਲੋਕ ਹੁੰਦੇ ਸਨ ਜੋ ਛੋਟੇ ਜਿਹੇ ਖੇਤਰ ਵਿੱਚ ਸਿਮਟਕੇ ਰਹਿ ਗਏ। ਅੱਜ ਲੋਕ ਕਹਿ ਰਹੇ ਹਨ ਕਿ ਹੁਣ ਘਰਾਂ ਵਿੱਚ ਬੱਚੇ ਪੰਜਾਬੀ ਨਾਲੋਂ ਵੱਧ ਹਿੰਦੀ ਬੋਲਦੇ ਹਨ। ਸਕੂਲਾਂ ਵਿੱਚ ਵੀ ਹਿੰਦੀ ਅਤੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸੋ ਪੰਜਾਬੀ ਦੇ ਵਿਕਾਸ ਵਾਲਾ ਮਿਸ਼ਨ ਫੇਲ ਰਿਹਾ। ਇਹ ਫੇਲ ਹੋਣਾ ਹੀ ਸੀ ਕਿEਂਕੇ ਪੰਜਾਬੀ ਸੂਬੇ ਦੇ ਸੰਘਰਸ਼ ਲਈ ਇਹ ਅਸਲ ਮੁੱਦਾ ਹੈ ਹੀ ਨਹੀਂ ਸੀ।
  ਅਸਲ ਮੁੱਦਾ ਤਾਂ ਸੱਤਾ ਨੂੰ ਹਾਸਲ ਕਰਨ ਦਾ ਸੀ । 1966 ਦੀ ਵੰਡ ਤੋਂ ਬਾਅਦ ਪਹਿਲੀਆਂ ਚੋਣਾਂ 1967 ਵਿੱਚ ਹੋਈਆਂ ਅਕਾਲੀ ਦਲ ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਵੀ ਇਕੱਲਾ ਬੁਹੁਮੱਤ ਨਾ ਲੈ ਸਕਿਆ, ਸਰਕਾਰ ਟੁੱਟ ਗਈ ਤੇ ਫਿਰ 1969 ਵਿੱਚ ਵੋਟਾਂ ਪਈਆਂ ਅਕਾਲੀ ਦਲ ਫਿਰ ਵੀ ਬਹੁਮੱਤ ਨਾ ਲੈ ਸਕਿਆ, ਪਰ 1970 ਵਿੱਚ ਮਿਲੀ ਜੁਲੀ ਸਰਕਾਰ ਵਿੱਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਛੋਟੀ ਉਮਰ ਵਾਲੇ ਮੁੱਖ ਮੰਤਰੀ ਜਰੂਰ ਬਣ ਗਏ। ਦੋਵੇਂ ਵਾਰ ਸਰਕਾਰ ਬਨਾਉਣ ਲਈ ਉਸੇ ਜਨ ਸੰਘ ਦਾ ਸਹਾਰਾ ਲੈਣਾ ਪਿਆ ਜੋ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਸਨ। ਸਰਕਾਰ ਫਿਰ ਟੁੱਟ ਗਈ। 1971-72 ਵਿੱਚ ਲੋਕਾਂ ਨੇ ਅਕਾਲੀਆਂ ਨੂੰ ਪਰਾਂ ਕਰਕੇ ਉਸੇ ਕਾਂਗਰਸ ਨੂੰ ਫਿਰ ਵੱਡੀ ਜਿੱਤ ਦਵਾ ਦਿੱਤੀ ਜੋ ਪੰਜਾਬੀ ਸੂਬੇ ਦਾ ਵਿਰੋਧ ਕਰਦੀ ਸੀ ਅਤੇ ਮਹਾਂ ਪੰਜਾਬ ਦੀ ਗੱਲ ਕਰਦੀ ਸੀ। ਅਕਾਲੀ ਸੱਤਾ ਤੋਂ ਫੇਰ ਪਰਾਂ ਰਹੇ। ਬਾਅਦ ਵਿੱਚ ਕਦੇ ਅਕਾਲੀ ਤੇ ਕਦੇ ਕਾਂਗਰਸ ਸੱਤਾ ਵਿੱਚ ਆਉਂਦੇ ਰਹੇ। ਅਕਾਲੀਆਂ ਦੀ ਸਤਾ ਦੀ ਲਾਲਸਾ ਵੀ ਅਸਲ ਵਿੱਚ ਪੂਰੀ ਨਾ ਹੋ ਸਕੀ।
ਪੰਜਾਬੀ ਸੂਬਾ ਬਣਨ ਤੋਂ ਤਿੰਨ ਸਾਲ ਬਾਅਦ ਮੁੱਖ ਮੰਤਰੀ ਬਣਕੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਰਾਜਨੀਤਕ ਸੀਨ ਤੇ ਆ ਗਏ ਸਨ, ਉਨਾਂ ਨੇ ਸਿੱਖ ਭਾਵਨਾਵਾਂ ਦੀ ਵਰਤੋਂ ਜਾਂ ਸ਼ੋਸ਼ਣ ਕਰਕੇ ਕਈ ਵਾਰ ਸੱਤਾ ਦੀ ਵਾਗਡੋਰ ਸੰਭਾਲੀ, ਪਰ ਆਖਰ ਪਰਿਵਾਰਵਾਦ ਨੂੰ ਤਰਜੀਹ ਦੇਕੇ ਜੋ ਕੁਝ ਸਿੱਖ ਸਮਾਜ ਜਾਂ ਪੰਜਾਬ ਲਈ ਕੀਤਾ ਉਹ ਸਭ ਦੇ ਸਾਹਮਣੇ ਹੈ। ਅਕਾਲੀ ਦਲ ਦੇ ਸੰਘਰਸ਼ ਦਾ ਸਭ ਤੋਂ ਵੱਧ ਫਾਇਦਾ ਹੋਇਆ ਹਰਿਆਣਵੀਆਂ ਨੂੰ, ਜਿਨਾਂ ਨੂੰ ਬਿਨਾਂ ਮੰਗਿਆਂ ਪਲੇਟ ਵਿੱਚ ਰੱਖਕੇ ਅਕਾਲੀਆਂ ਨੇ ਹਰਿਆਣਾ ਦਵਾ ਦਿੱਤਾ, ਤੇ ਉਥੇ ਬਾਦਲ ਸਾਹਿਬ ਦੇ ਜੁੱਟੀ ਦੇ ਯਾਰ ਹੀ ਨਵੇਂ ਹਾਕਮ ਬਣ ਗਏ।
1966 ਵਿੱਚ ਇੰਦਰਾ ਗਾਂਧੀ ਦੀ ਕਮਾਂਡ ਹੇਠ ਜੋ ਨਵਾਂ ਪੰਜਾਬ ਬਣਾਇਆ ਤਾਂ ਚੰਡੀਗੜ, ਅਬਹੋਰ ਅਤੇ ਫਾਜ਼ਲਿਕਾ ਦੇ ਪੰਜਾਬੀ ਬੋਲਦੇ ਇਲਾਕੇ ਉਸ ਤੋਂ ਦੂਰ ਰੱਖ ਗਏ, ਅਕਾਲੀਆਂ ਨੇ ਇਸ ਦਾ ਵਿਰੋਧ ਤਾਂ ਕੀਤਾ ਪਰ 1967 ਦੀਆਂ ਚੋਣਾਂ ਵਿੱਚ ਹਿੱਸਾ ਲੈਕੇ, ਇਸ ਨੂੰ ਇੱਕ ਤਰਾਂ ਪ੍ਰਵਾਨ ਕਰ ਲਿਆ। ਇਨਾਂ ਇਲਾਕਿਆਂ ਨੂੰ ਲੈਣ ਲਈ ਫਿਰ ਨਵਾਂ ਸੰਘਰਸ਼ ਵਿੱਡ ਦਿੱਤਾ। ਬਾਅਦ ਦੀਆਂ ਸਾਰੀਆਂ ਹੀ ਚੋਣਾਂ ਵਿੱਚ ਉਹ ਚੰਡੀਗੜ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਸੰਘਰਸ਼ ਕਰਨ ਦੇ ਨਾਮ ਤੇ ਵੋਟਾਂ ਲੈਂਦੇ ਰਹੇ।
ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਸਮੇਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਤੋਂ ਬਾਅਦ ਅਕਾਲੀ ਦਲ ਨੇ ਕਦੇ ਵੀ ਪੰਜਾਬ ਲਈ ਕੋਈ ਸਾਰਥਿਕ ਸਹੀ ਕੰੰਮ ਨਹੀਂ ਕੀਤਾ। ਸਾਰੇ ਮੋਰਚਿਆਂ ਪਿਛੇ ਸੱਤਾ ਦਾ ਲਾਲਸ ਹੁੰਦਾ ਸੀ ਅਤੇ ਇਹ ਮੋਰਚੇ ਪੰਜਾਬ ਦਾ ਮਹੌਲ ਖਰਾਬ ਕਰਨ ਵਿੱਚ ਸਹਾਈ ਹੁੰਦੇ ਰਹੇ। ਅਜ਼ਾਦੀ ਮੌਕੇ ਜਦੋਂ ਜਿਨਾਹ ਅਤੇ ਨਹਿਰੂ ਪਾਕਿਸਤਾਨ ਅਤੇ ਭਾਰਤ ਲਈ ਵਕਾਲਤ ਕਰ ਰਹੇ ਸਨ, ਅਕਾਲੀ ਦਲ ਕਦੇ ਵੀ ਸਿੱਖਾਂ ਲਈ ਵੱਖਰੇ ਰਾਜ ਦੀ ਮੰਗ ਠੋਸ ਅਤੇ ਧੜੱਲੇ ਭਰੇ ਢੰਗ ਨਾਲ ਅੰਗਰੇਜ਼ਾਂ ਤੱਕ ਨਹੀਂ ਪਹੁੰਚਾ ਸਕਿਆ। ਠੀਕ ਹੈ ਕਿ ਉਸ ਸਮੇਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਸਿਰਫ 13 ਪਰਸੈਂਟ ਸੀ, ਇੱਕ ਦੋ ਤਹਿਸੀਲਾਂ ਨੂੰ ਛੱਡਕੇ ਇਹ ਕਿਧਰੇ ਵੀ ਬਹੁਮੱਤ ਵਿੱਚ ਨਹੀਂ ਸਨ, ਜੇ ਧਰਮ ਦੇ ਅਧਾਰ ਤੇ ਨਹੀਂ ਤਾਂ ਉਹ ਪੁਰਾਣੇ ਸਿੱਖ ਰਾਜ, ਜਿਸ ਨੂੰ ਅੰਗੇਰਜ਼ਾਂ ਨੇ ਹਥਿਆਇਆ ਸੀ, ਦੇ ਅਧਾਰ ਤੇ ਇੱਕ ਸੈਕੂਲਰ ਪੰਜਾਬ ਸਥਾਪਤ ਕਰਨ ਦਾ ਮੁੱਦਾ ਵੀ ਧੜੱਲੇ ਨਾਲ ਨਹੀਂ ਉਠਾ ਸਕੇ। ਇੱਕ ਪੱਖ ਇਹ ਵੀ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦਾ ਰਾਜਨੀਤਕ ਕੱਦ ਜਿਨਾਹ ਅਤੇ ਨਹਿਰੂ ਦੇ ਮੁਕਾਬਲੇ ਬਹੁਤ ਛੋਟਾ ਸੀ। ਉਹ ਅੰਗਰੇਜ਼ਾਂ ਨਾਲ ਧੜੱਲੇ ਨਾਲ ਗੱਲ ਕਰਨ ਦੀ ਸਮਰੱਥਾ ਨਹੀਂ ਸੀ ਰਖਦੇ ਅਤੇ ਨਾ ਹੀ ਉਨਾਂ ਨੂੰ ਡਿਪਲੋਮੇਸੀ ਆਉਂਦੀ ਸੀ। ਉਹ ਕਦੇ ਜਿਨਾਹ ਨਾਲ ਅਤੇ ਕਦੇ ਨਹਿਰੂ ਨਾਲ ਬਾਰਗੇਨਿੰਗ ਕਰਦੇ ਰਹੇ। ਉਹ ਵਿਜ਼ਨਰੀ ਆਗੂ ਨਹੀਂ ਸਨ। ਅਸਲ ਵਿੱਚ ਮਾਸਟਰ ਤਾਰਾ ਸਿੰਘ ਅੰਗਰੇਜ਼ ਹਾਕਮਾਂ ਨੂੰ ਮਿਲਣ ਦਾ ਹੀਂਆਂ ਜਾਂ ਦਲੇਰੀ ਹੀ ਨਹੀਂ ਸਨ ਰਖਦੇ।
ਅਕਾਲੀ ਆਗੂਆਂ ਪਾਸ ਇੱਕ ਵਿਕਲਪ ਬੋਲੀ ਦੇ ਅਧਾਰ ਤੇ ਵੱਖਰਾ ਦੇਸ਼ ਮੰਗਣ ਦਾ ਵੀ ਸੀ। ਉਸ ਸਮੇਂ ਲਾਰਡ ਮੈਕਡੌਨਲਡ ਨੇ ਸਿੱਖ ਆਗੂਆਂ ਨੂੰ ਪੰਜਾਬੀ ਭਾਸ਼ਾ ਦੇ ਅਧਾਰ ਤੇ ਵੱਖਰਾ ਦੇਸ਼ ਮੰਗਣ ਲਈ ਇੱਕ ਅੱਧ ਵਾਰ ਗੱਲ ਕਹੀ ਦੱਸੀ ਜਾਂਦੀ ਹੈ, ਪਰ ਉਸ ਸਮੇਂ ਪੰਜਾਬੀ ਬੋਲੀ ਦੇ ਅਧਾਰ ਤੇ ਵੀ ਉਹ ਲਹਿਰ ਖੜੀ ਨਹੀਂ ਕਰ ਸਕੇ। ਪਰ ਇਸ ਲਈ ਲੋਕ ਲਹਿਰ ਖੜੀ ਕਰਨ ਲਈ ਅਤੇ ਇਸ ਦੇ ਹੱਕ ਵਿੱਚ ਬਿਰਤਾਂਤ ਖੜਾ ਕਰਨ ਲਈ, ਵੱਡੀ ਸੁਲਝੀ ਹੋਈ ਧੜੱਲੇਦਾਰ ਲੀਡਰਸਿੱ਼ਪ ਦੀ ਲੋੜ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੱਜ ਤੱਕ ਵੀ ਸਿੱਖਾਂ ਨੂੰ ਕੋਈ ਵਿਜ਼ਨਰੀ, ਦੂਰ ਅੰਦੇਸ਼, ਸਟੇਟਸਮੈਨਸਿੱ਼ਪ ਵਾਲਾ ਲੀਡਰ ਨਹੀਂ ਮਿਲਿਆ।
ਉਹੀ ਲੀਡਰਸ਼ੀਪ ਜੋ ਅੰਗਰੇਜ਼ਾਂ ਵੇਲੇ ਪੰਜਾਬੀ ਬੋਲੀ ਦੇ ਅਧਾਰ ਤੇ ਵੱਖਰਾ ਦੇਸ਼ ਬਨਾਉਣ ਲਈ ਸਾਰਥਕ ਸੰਘਰਸ਼ ਤੋਂ ਖੂੰਝ ਗਈ ਸੀ, ਨੇ ਬਾਅਦ ਵਿੱਚ ਉਸ ਬੋਲੀ ਦੇ ਅਧਾਰ ਤੇ ਹੀ ਪੰਜਾਬੀ ਸੂਬੀ ਬਨਾਉਣ ਲਈ ਮਰਨ ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਸੂਬੇ ਦੇ ਮਸਲੇ ਨੁੰ ਸਿੱਖ ਧਰਮ ਨਾਲ ਜੋੜਕੇ, ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਸੰਘਰਸ਼ੀਆਂ ਨੂੰ ਮੋਰਚਿਆਂ ਵਿੱਚ ਭੇਜਣ ਦੀ ਕ੍ਰਿਆ ਸ਼ੁਰੂ ਕਰਕੇ, ਭਾਸ਼ਾਈ ਸੰਘਰਸ਼ ਨੂੰ ਵੀ ਕਮਿEਨਲ ਰੂਪ ਦੇ ਦਿੱਤਾ, ਜਿਸ ਕਾਰਨ ਪਾਕਿਸਤਾਨ ਵੰਡ ਤੋਂ ਬਾਅਦ ਸਹਿੰਮੇ ਹਿੰਦੂਆਂ ਨੂੰ ਮਹਾਸ਼ਾ ਪਰੈਸ ਨੇ ਹੋਰ ਟੂਲ ਦੇ ਦਿੱਤੀ ਤੇ ਉਹ ਡਰ ਕਾਰਨ ਪੰਜਾਬੀ ਮਾਂ ਬੋਲੀ ਤੋਂ ਹੀ ਕਿਨਾਰਾ ਕਰ ਗਏ। ਇਸ ਡਰ ਅਧੀਨ ਪੰਜਾਬੀ ਹਿੰਦੂਆਂ ਨੇ ਮਜ਼ਬੂਰੀ ਵਸ ਆਪਣੀ ਮਾਂ ਭਾਸ਼ਾਂ ਹਿੰਦੀ ਘੋਸ਼ਤ ਕਰ ਦਿੱਤੀ। ਸਿੱਟੇ ਵਜੋਂ 1951 ਅਤੇ 1961 ਵਿੱਚ ਹਿੰਦੀ ਨੂੰ ਮਾਤ ਭਾਸ਼ਾ ਲਿਖਵਾ ਦਿੱਤਾ ਜਿਸ ਕਾਰਨ ਅੰਬਾਲਾ, ਹਿਸਾਰ, ਜੀਂਦ ਅਤੇ ਕਰਨਾਲ ਦੇ ਪੰਜਾਬੀ ਬੋਲਣ ਵਾਲੇ ਹਿੰਦੂ ਵੀ ਪੰਜਾਬੀ ਦੀ ਥਾਂ ਹਿੰਦੀ ਭਸ਼ਾਈ ਬਣ ਗਏ। ਇਹ ਖੇਤਰ ਜੋ ਪੰਜਾਬ ਵਿੱਚ ਆ ਸਕਦੇ ਸਨ, ਅਕਾਲੀਆਂ ਅਤੇ ਸੰਘੀਆਂ ਦੇ ਸੰਪਰਦਾਇਕ ਏਜੰਡਿਆਂ ਕਾਰਨ ਵਰਤਮਾਨ ਪੰਜਾਬ ਤੋਂ ਬਾਹਰ ਰਹਿ ਗਏ।
ਅਸਲ ਵਿੱਚ ਤਾਂ 1947 ਤੋਂ ਬਾਅਦ ਬਣੇ ਪੰਜਾਬੀ ਸੂਬੇ ਨੂੰ ਬੋਲੀ ਦੇ ਅਧਾਰ ਤੇ ਵੰਡਣ ਦੀ ਲੋੜ ਹੀ ਨਹੀਂ ਸੀ। ਬੋਲੀ ਦੇ ਅਧਾਰ ਤੇ ਵੰਡ ਦਾ ਅਰਥ ਸੀ ਪੰਜਾਬੀਆਂ ਨੂੰ ਵੰਡਣਾ ਤੇ ਉਹ ਵੰਡ ਦਿੱਤਾ ਜਿਸ ਦਾ ਸੰਤਾਪ ਪੰਜਾਬੀ ਅੱਜ ਤੱਕ ਭੋਗ ਰਹੇ ਹਨ। ਚੰਡੀਗੜ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਵੰਡ ਆਦਿ ਸਭ ਇਸ ਵੰਡ ਦੇ ਹੀ ਨਤੀਜੇ ਹਨ। ਰਾਜਨੀਤਕ ਪਾਰਟੀਆਂ ਅਤੇ ਆਗੂਆਂ ਲਈ ਇਹ ਮੁੱਦੇ ਹਨ, ਪਰ ਆਮ ਪੰਜਾਬੀਆਂ ਲਈ ਇਹ ਸੰਤਾਪ ਹੈ। ਅੱਜ ਹਰ ਸਮੇਂ ਇਨਾਂ ਮੁੱਦਿਆਂ ਤੇ ਸਿਆਸਤ ਹੁੰਦੀ ਰਹਿੰਦੀ ਹੈ।
ਖੈਰ ਵਿਸ਼ਾਲ ਹਿਰਦੇ ਅਤੇ ਸੋਚ ਵਾਲੇ ਪੰਜਾਬੀ ਛੋਟੇ ਜਿਹੇ ਖਿੱਤੇ ਵਿੱਚ ਸੁੰਗੜਕੇ ਨਹੀਂ ਸਨ ਰਹਿ ਸਕਦੇ। ਉਨਾਂ ਨੇ ਭਾਰਤ ਵਿੱਚ ਫੈਲਣ ਦੇ ਨਾਲ ਨਾਲ ਦੁਨੀਆਂ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ। ਅੱਜ ਉਨਾਂ ਦੀਆਂ ਹੱਦਾਂ ਤਕਰੀਬਨ 150 ਦੇਸ਼ਾਂ ਤੱਕ ਫੈਲ ਗਈਆਂ ਹਨ। 50 ਲੱਖ ਦੇ ਕਰੀਬ ਪੰਜਾਬੀ ਵਸਿ਼ਵ ਧਰਾਤਲ ਤੇ ਪੰਜਾਬੀ ਸੱਭਿਆਚਾਰਕ ਤਹਿਜ਼ੀਬ ਦੀ ਖੁਸ਼ਬੋ ਫੈਲਾਅ  ਰਹੇ ਹਨ।