Headlines

ਪੰਜਾਬੀ ਦੇ ਨਾਮਵਰ ਲੇਖਕ ਮਨਮੋਹਣ ਸਿੰਘ ਬਾਸਰਕੇ ਸਵਰਗਵਾਸ

ਅੰਮ੍ਰਿਤਸਰ:- 30 ਅਕਤੂਬਰ- ਇਹ ਦੁੱਖਦਾਈ ਖ਼ਬਰ ਸਾਹਿਤਕ ਹਲਕਿਆਂ ਵਿੱਚ ਬੜੇ ਦੁੱਖ ਨਾਲ ਪੜੀ ਤੇ ਸੁਣੀ ਜਾਵੇਗੀ ਕਿ ਪੰਜਾਬੀ ਦੇ ਨਾਮਵਰ ਲੇਖਕ ਸ. ਮਨਮੋਹਣ ਸਿੰਘ ਬਾਸਰਕੇ ਲਗਭਗ (65) ਸੰਖੇਪ ਬਿਮਾਰੀ ਉਪਰੰਤ ਬੀਤੀ ਸ਼ਾਮ ਸਵਰਗਵਾਸ ਹੋ ਗਏ। ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਸ਼ਮਸ਼ਾਨ ਘਾਟ ਕਾਲੇ ਰੋਡ ਘੰਨੂਪੁਰ ਵਿਖੇ ਕਰ ਦਿਤਾ ਗਿਆ ਇਸ ਮੌਕੇ ਪੰਜਾਬੀ ਲੇਖਕ, ਕਹਾਣੀਕਾਰ ਅਤੇ ਵੱਖ-ਵੱਖ ਸਾਹਿਤ ਸਭਾਵਾਂ ਦੇ ਪ੍ਰਤੀਨਿੱਧ, ਸਮਾਜਿਕ, ਧਾਰਮਿਕ, ਰਾਜਨਿਤਕ ਪਤਵੰਤੇ ਵੱਡੀ ਗਿਣਤੀ ਵਿੱਚ ਆਪਣੇ ਸਾਥੀ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਸਨ।

ਉਘੇ ਲੇਖਕ ਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਇੰਦਰਜੀਤ ਸਿੰਘ ਬਾਸਰਕੇ ਦੇ ਵੱਡੇ ਭਰਾ ਸ. ਮਨਮੋਹਣ ਸਿੰਘ ਬਾਸਰਕੇ ਦੇ ਬੇਵਕਤੀ ਸਵਰਗਵਾਸ ਹੋਣ ਤੇ ਦਿਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਲੇਖਕ ਸ. ਮਨਮੋਹਣ ਸਿੰਘ ਬਾਸਰਕੇ ਦੇ ਸਵਰਗਵਾਸ ਹੋਣ ਨਾਲ ਜਿਥੇ ਬਾਸਰਕੇ ਪਰਿਵਾਰ ਨੂੰ ਸਦਮਾ ਪੁੱਜਾ ਹੈ ਉਥੇ ਮਾਂ ਬੋਲੀ ਪੰਜਾਬੀ ਨੂੰ ਕਦੇ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ। ਸ. ਬੇਦੀ ਨੇ ਕਿਹਾ ਕਿ ਸ. ਬਾਸਰਕੇ ਨੇ ਦਰਜ਼ਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਵਿਛੋੜਾ ਸਹਿਣ ਦਾ ਬੱਲ ਬਖਸ਼ੇ।

ਉਨ੍ਹਾਂ ਦਸਿਆ ਕਿ ਸ. ਮਨਮੋਹਣ ਸਿੰਘ ਬਾਸਰਕੇ ਦੇ ਨਮਿੱਤ ਅੰਤਿਮ ਅਰਦਾਸ ਸਮਾਗਮ 7 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ ਵਿਖੇ ਬਾਅਦ ਦੁਪਹਿਰ ਹੋਵੇਗਾ। ਅੱਜ ਉਨ੍ਹਾਂ ਦੀ ਅੰਤਿੰਮ ਯਾਤਰਾ ਵਿੱਚ ਜਿੱਥੇ ਵੱਖ-ਵੱਖ ਲੇਖਕ ਸਾਹਿਤ ਸਭਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਵਿੱਚ ਕੇਂਦਰੀ ਲੇਖਕ ਸਭਾ ਦੇ ਸਕੱਤਰ ਸ. ਦੀਪਦਵਿੰਦਰ ਸਿੰਘ, ਸ. ਹਰਜੀਤ ਸਿੰਘ ਸੰਧੂ, ਮਾਸਟਰ ਜਗਦੀਸ਼ ਸਿੰਘ, ਸ੍ਰੀ ਜਗਤਾਰ ਗਿੱਲ, ਮੁਖਤਿਆਰ ਗਿੱਲ, ਧਰਮਿੰਦਰ ਗਿੱਲ, ਜਸਬੀਰ ਸਿੰਘ ਝਬਾਲ, ਸਬਰਬਜੀਤ ਸਿੰਘ ਸੰਧੂ, ਮਲਵਿੰਦਰ ਸਿੰਘ ਅਤੇ ਅਨੇਕਾਂ ਹੀ ਰਿਸ਼ਤੇਦਾਰ ਹਾਜ਼ਰ ਸਨ। ਇਥੇ ਇਹ ਵਰਨਣਯੋਗ ਹੈ ਕਿ ਸ. ਮਨਮੋਹਣ ਸਿੰਘ ਬਾਸਰਕੇ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਸ. ਇੰਦਰਜੀਤ ਸਿੰਘ ਬਾਸਰਕੇ ਦੇ ਵੱਡੇ ਭਰਾ ਸਨ। ਸ. ਮਨਮੋਹਣ ਸਿੰਘ ਬਾਸਰਕੇ ਆਪਣੇ ਪਿੱਛੇ ਇੱਕ ਵੱਡਾ ਖੁਸ਼ਹਾਲ ਪਰਿਵਾਰ ਛੱਡ ਗਏ ਹਨ।