Headlines

ਸਨਫਰਾਂਸਿਸਕੋ (ਕੈਲੀਫੋਰਨੀਆ) ਵਿਖੇ ਗ਼ਦਰੀ ਸਮਾਰਕ ‘ਤੇ ਪਹੁੰਚ ਕੇ ਪੰਜਾਬੀ ਲੇਖਕ ਗ਼ਦਰੀ ਬਾਬਿਆਂ ਨੂੰ ਨਤਮਸਤਕ ਹੋਏ

ਇੱਥੇ ਪਹੁੰਚ ਕੇ ਅਸੀਂ ਬਹੁਤ ਹੀ ਰੋਮਾਂਚਿਕ ਅਨੁਭਵ ਵਿੱਚੋਂ ਗੁਜ਼ਰ ਰਹੇ ਹਾਂ – ਡਾ. ਵਰਿਆਮ ਸੰਧੂ

ਸਨਫਰਾਂਸਿਸਕੋ, 31 ਅਕਤੂਬਰ (ਹਰਦਮ ਮਾਨ)- ਸਨਫਰਾਂਸਿਸਕੋ (ਕੈਲੀਫੋਰਨੀਆ) ਵਿਖੇ ਗ਼ਦਰੀ ਸਮਾਰਕ ‘ਤੇ ਪਹੁੰਚ ਕੇ ਪੰਜਾਬੀ ਲੇਖਕ ਗ਼ਦਰੀ ਬਾਬਿਆਂ ਨੂੰ ਨਤਮਸਤਕ ਹੋਏ। ਇਨ੍ਹਾਂ ਲੇਖਕਾਂ ਦੀ ਅਗਵਾਈ ਨਾਮਵਰ ਪੰਜਾਬੀ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ। ਇਸ ਮੌਕੇ ਬੋਲਦਿਆਂ ਡਾ. ਵਰਿਆਮ ਸਿੰਘ ਸੰਧੂ ਨੇ  ਕਿਹਾ ਕਿ ਅੱਜ ਜਦੋਂ ਅਸੀਂ ਗਦਰੀ ਬਾਬਿਆਂ ਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬੜੇ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਸਨਫਰਾਂਸਿਸਕੋ ਵਿਖੇ ਇਹ ਉਹ ਸਥਾਨ ਹੈ ਜਿੱਥੇ ਮਹਾਨ ਗਦਰੀ ਯੋਧਿਆ ਵੱਲੋਂ ਗ਼ਦਰੀ ਮੈਮੋਰੀਅਲ ਸਥਾਪਿਤ ਕੀਤਾ ਗਿਆ ਸੀ, ਜਿੱਥੋਂ ਗ਼ਦਰ ਅਖਬਾਰ ਨਿਕਲਦੀ ਰਹੀ। ਜਿੱਥੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਹੋਰਨਾਂ ਮਹਾਨ ਸੂਰਬੀਰਾਂ ਦੇ ਚਰਨ ਲੱਗੇ ਸਨ, ਕਦਮ ਚਾਪ ਹੋਈ ਸੀ। ਇੱਥੇ ਪਹੁੰਚ ਕੇ ਅਸੀਂ ਬਹੁਤ ਹੀ ਰੋਮਾਂਚਿਕ ਅਨੁਭਵ ਵਿੱਚੋਂ ਗੁਜ਼ਰ ਰਹੇ ਹਾਂ, ਸਾਡੇ ਸਾਹਮਣੇ ਜਿਹੜੀ ਸੜਕ ਹੈ, ਜਿਹੜਾ ਏਰੀਆ ਹੈ, ਸਾਨੂੰ ਲੱਗਦਾ ਕਿ ਇਹਨਾਂ ਸੜਕਾਂ ਦੇ ਉੱਤੇ ਉਹਨਾਂ ਸਾਡੇ ਬਾਬਿਆਂ ਦੀ ਕਦਮ ਚਾਪ ਲੱਗੀ ਹੋਵੇਗੀ। ਇਨ੍ਹਾਂ ਤੇ ਹੀ ਸੋਹਣ ਸਿੰਘ ਭਕਨਾ ਤੁਰਦੇ ਹੋਣਗੇ, ਇੱਥੇ ਹੀ ਕਰਤਾਰ ਸਿੰਘ ਸਰਾਭਾ ਤੁਰਦਾ ਹੋਵੇਗਾ। ਇਸ ਅਹਿਸਾਸ ਵਿੱਚੋਂ ਗੁਜ਼ਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਣ ਮੱਤਾ ਅਨੁਭਵ ਹੈ। ਉਹਨਾਂ ਗਦਰੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਇਥੇ ਸੰਗਰਾਮ ਵਿੱਢਿਆ ਅਤੇ ਕਿਸ ਤਰ੍ਹਾਂ ਉਹ ਸਿਰਾਂ ਉੱਤੇ ਕੱਫਣ ਬੰਨ੍ਹ ਕੇ ਦੇਸ਼ ਨੂੰ ਗਏ ਅਤੇ ਆਪਣਾ ਆਪ ਕੁਰਬਾਨ ਕੀਤਾ, ਫਾਂਸੀਆਂ ਤੇ ਚੜ੍ਹੇ, ਕਾਲੇ ਪਾਣੀਆਂ ਦੀਆਂ ਕੈਦਾਂ ਭੁਗਤੀਆਂ, ਦੇਸ਼ ਨੂੰ ਇੱਕ ਨਵੀਂ ਤਰਾਂ ਦਾ ਆਜ਼ਾਦੀ ਸੰਗਰਾਮ ਦਾ ਵਰ ਦਿੱਤਾ, ਜਿਸ ਉੱਤੇ ਚੱਲ ਕੇ ਸਾਡੀ ਜਿਹੜੀ ਕਮਿਊਨਿਸਟ ਲਹਿਰ ਵੀ ਅੱਗੇ ਉਸਰੀ ਜਿੱਥੇ ਅੱਗੇ ਜਾ ਕੇ ਗਦਰੀ ਬਾਬਿਆਂ ਦੇ ਪੈਰੋਕਾਰ ਸ਼ਹੀਦ ਭਗਤ ਸਿੰਘ ਹੋਣੀ, ਬੱਬਰ ਅਕਾਲੀ ਅਤੇ ਇਹਨਾਂ ਸਾਰਿਆਂ ਲੋਕਾਂ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਯੋਗਦਾਨ ਪਾਇਆ।

ਡਾ. ਵਰਿਆਮ ਸੰਧੂ ਨੇ ਕਿਹਾ ਕਿ ਇਸ ਵੇਲੇ ਮੇਰੇ ਨਾਲ ਪੰਜਾਬੀ ਅਦਬ ਦੇ ਵਿੱਚ ਬਹੁਤ ਉੱਚਾ ਮੁਕਾਮ ਵਾਲੇ ਲੇਖਕ ਮੌਜੂਦ ਹਨ ਅਤੇ ਉਹ ਸਾਰੀ ਉਸ ਪਰੰਪਰਾ ਦੇ ਨਾਲ ਜੁੜੇ ਹੋਏ ਹਨ ਜਿਹੜੀ ਪਰੰਪਰਾ ਸਾਨੂੰ ਗਦਰੀ ਕਾਵਿ ਨੇ ਦਿੱਤੀ ਸੀ, ਗਦਰੀ ਵਾਰਤਕ ਨੇ ਦਿੱਤੀ ਸੀ, ਗ਼ਦਰੀ ਸਹਿਤ ਨੇ ਦਿੱਤੀ ਸੀ। ਗ਼ਦਰੀ ਬਾਬਿਆਂ ਨੇ ਜਦੋਂ ਗਦਰ ਅਖਬਾਰ ਕੱਢਿਆ ਸੀ ਉਹਦੇ ਪਹਿਲੇ ਸਫੇ ਉੱਤੇ ਪਹਿਲਾ ਜਿਹੜਾ ਲੇਖ ਸੀ ਉਹਦੇ ਵਿਚ ਲਿਖਿਆ ਸੀ ਕਿ ਅੱਜ ਵਿਦੇਸ਼ੀ ਧਰਤੀਆਂ ਤੋਂ ਆਪਣੀ ਜ਼ੁਬਾਨ ਦੇ ਵਿੱਚ ਅੰਗਰੇਜ਼ੀ ਸਾਮਰਾਜ ਦੇ ਖਿਲਾਫ਼ ਜੰਗ ਆਰੰਭ ਦਿੱਤੀ ਗਈ ਹੈ ਅਤੇ ਜਿਹੜੀ ਜ਼ੁਬਾਨ ਦੇ ਵਿੱਚ ਉਹਨਾਂ ਨੇ ਜੰਗ ਆਰੰਭੀ ਸੀ, ਉਸੇ ਜ਼ੁਬਾਨ ਦੇ ਵਿੱਚ ਹੀ ਅੱਜ ਵੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਇਹ ਜਿਹੜੇ ਸਾਡੇ ਨੌਜਵਾਨ ਲੇਖਕ ਨੇ, ਇਹਨਾਂ ਨੇ ਉਸ ਜੰਗ ਨੂੰ ਅੱਗੇ ਤੋਰਿਆ ਹੋਇਆ ਹੈ ਅਤੇ ਗ਼ਦਰੀ ਬਾਬਿਆਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਹਨਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਤੁਰ ਰਹੇ ਹਨ। ਇਹਨਾਂ ਵਾਸਤੇ ਵੀ ਇਹ ਬਹੁਤ ਖੁਸ਼ੀ ਤੇ ਮਾਣ ਦਾ ਮੁਕਾਮ ਹੈ ਕਿ ਇਹਨਾਂ ਨੇ ਆਪਣੀ ਵਿਰਾਸਤ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਕਲੇਜੇ ਨਾਲ ਲਾ ਕੇ ਰੱਖੇ ਬਾਬਿਆਂ ਨੂੰ ਅਤੇ ਉਨ੍ਹਾਂ ਦੀ ਯਾਦ ਨੂੰ ਨਤਮਸਤਕ ਹੁੰਦੇ ਹਾਂ। ਇਸ ਵੇਲੇ ਜਦੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਉਹਨਾਂ ਦੀ ਯਾਦ ਵਿੱਚ ਮੇਲਾ ਮਨਾਇਆ ਜਾ ਰਿਹਾ ਹੈ ਤਾਂ ਅੱਜ ਅਸੀਂ ਉਸੇ ਮੇਲੇ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਾਮਲ ਸਮਝਦੇ ਹਾਂ।

ਕੈਲੀਫੋਰਨੀਆ ਵਿਖੇ ਗ਼ਦਰੀ ਬਾਬਿਆਂ ਨੂੰ ਨਤਮਸਤਕ ਹੋਣ ਵਾਲਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬੀ ਦੇ ਨਾਮਵਰ ਗਜ਼ਲਗੋ ਜਸਵਿੰਦਰ, ਪੰਜਾਬੀ ਸ਼ਾਇਰ ਜਸਵੰਤ ਜਫਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਆਤਮ ਰੰਧਾਵਾ, ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ, ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੇਲੇਫੋਰਨੀਆ ਦੇ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵਿੰਦਰ ਤੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ, ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ, ਹਰਦਮ ਸਿੰਘ ਮਾਨ, ਦਲਬੀਰ ਕੌਰ (ਯੂਕੇ), ਪ੍ਰਸਿੱਧ ਪੰਜਾਬੀ ਗਜ਼ਲ ਗਾਇਕ ਸੁਖਦੇਵ ਸਾਹਿਲ, ਰਕਿੰਦ ਕੌਰ, ਸ਼ਾਇਰ ਸਤੀਸ਼ ਗੁਲਾਟੀ, ਰਾਜਵੰਤ ਕੌਰ ਸੰਧੂ, ਅੰਜੂ ਗੁਲਾਟੀ, ਨੀਰੂ ਸਹਿਰਾਅ ਸ਼ਾਮਲ ਸਨ।