Headlines

ਅਜਿਹਾ ਕੁਝ ਨਹੀਂ ਜੋ ਔਰਤ ਨਹੀਂ ਕਰ ਸਕਦੀ: ਕੈਟਰੀਨਾ

ਮੁੰਬਈ: ਫਿਲਮ ਅਦਾਕਾਰਾ ਕੈਟਰੀਨਾ ਕੈਫ ਜਲਦੀ ਹੀ ਐਕਸ਼ਨ ਫਿਲਮ ‘ਟਾਈਗਰ 3’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿਚ ਕੈਟਰੀਨਾ ਜਾਸੂਸ ਜ਼ੋਇਆ ਦਾ ਕਿਰਦਾਰ ਨਿਭਾ ਰਹੀ ਹੈ। ਕੈਟਰੀਨਾ ਨੇ ਇਸ ਕਿਰਦਾਰ ਲਈ ਆਪਣੇ ਆਪ ਨੂੰ ਢਾਲਣ ਲਈ ਦੋ ਮਹੀਨੇ ਦੀ ਸਖਤ ਮਿਹਨਤ ਕੀਤੀ। ਇਸ ਫਿਲਮ ਵਿਚ ਕੈਟਰੀਨਾ ਦਾ ਕਿਰਦਾਰ ਸਲਮਾਨ ਖਾਨ ਨਾਲੋਂ ਘੱਟ ਨਹੀਂ ਹੈ ਤੇ ਉਹ ਇਸ ਫਿਲਮ ਵਿਚ ਕਈ ਸਟੰਟ ਕਰਦੀ ਨਜ਼ਰ ਆਵੇਗੀ। ਕੈਟਰੀਨਾ ਨੇ ਕਿਹਾ, ‘ਟਾਈਗਰ 3 ਰਾਹੀਂ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਇੱਕ ਔਰਤ ਨਹੀਂ ਕਰ ਸਕਦੀ। ਜਦੋਂ ਉਸ ਦੇ ਆਪਣੇ ਪਰਿਵਾਰ, ਦੇਸ਼ ਜਾਂ ਮਨੁੱਖਤਾ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਹਰ ਔਖਾ ਕੰਮ ਕਰਨ ਨੂੰ ਤਿਆਰ ਹੋ ਜਾਂਦੀ ਹੈ। ਜ਼ੋਇਆ ਦੇ ਕਿਰਦਾਰ ਰਾਹੀਂ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਕੁੜੀਆਂ ਪਾਲਣ-ਪੋਸ਼ਣ ਕਰਨ ਵਾਲੀਆਂ ਦੇ ਨਾਲ-ਨਾਲ ਕਾਮਯਾਬ ਰੱਖਿਅਕ ਵੀ ਹੋ ਸਕਦੀਆਂ ਹਨ। ਕੈਟਰੀਨਾ ਨੇ ਖੁਲਾਸਾ ਕੀਤਾ ਕਿ ‘ਟਾਈਗਰ 3’ ਦੇ ਚੁਣੌਤੀਪੂਰਨ ਐਕਸ਼ਨ ਸੀਨ ਲਈ ਉਸ ਨੇ ਸਰੀਰਕ ਪੱਖੋਂ ਸਖ਼ਤ ਮਿਹਨਤ ਕੀਤੀ। ਜ਼ੋਇਆ ਵਾਈਆਰਐੱਫ ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ ਅਤੇ ਮੈਨੂੰ ਉਸ ਵਰਗਾ ਕਿਰਦਾਰ ਮਿਲਣ ’ਤੇ ਬਹੁਤ ਮਾਣ ਹੈ। ਜ਼ੋਇਆ ਦਾ ਕਿਰਦਾਰ ਨਿਭਾਉਣਾ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ। ਐਕਸ਼ਨ ਕਰਨਾ ਹਮੇਸ਼ਾ ਹੀ ਰੁਮਾਂਚਕ ਹੁੰਦਾ ਹੈ ਅਤੇ ਮੈਂ ਹਮੇਸ਼ਾ ਤੋਂ ਐਕਸ਼ਨ ਸ਼ੈਲੀ ਦੀ ਪ੍ਰਸ਼ੰਸਕ ਰਹੀ ਹਾਂ।’ ਫ਼ਿਲਮ ‘ਟਾਈਗਰ 3’ ਆਦਿੱਤਿਆ ਚੋਪੜਾ ਵੱਲੋਂ ਬਣਾਈ ਗਈ ਹੈ। ਮਨੀਸ਼ ਸ਼ਰਮਾ ਇਸ ਦੇ ਨਿਰਦੇਸ਼ਕ ਹਨ। ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।