Headlines

ਕੇਂਦਰ ਬਿੰਦੂ ਰਹੇਗਾ ਪਾਣੀਆਂ ਦਾ ਮੁੱਦਾ

ਮੁੱਖ ਮੰਤਰੀ ਦੇ ਆਉਣ ਮਗਰੋਂ 12 ਵਜੇ ਸ਼ੁਰੂ ਹੋਵੇਗੀ ਬਹਿਸ

ਚਰਨਜੀਤ ਭੁੱਲਰ

ਚੰਡੀਗੜ੍ਹ, 31 ਅਕਤੂਬਰ

ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਚ ਪੰਜਾਬ ਦਿਵਸ ਮੌਕੇ ਭਲਕੇ ਹੋਣ ਵਾਲੀ ‘ਖੁੱਲ੍ਹੀ ਬਹਿਸ’ ’ਚ ਪਾਣੀਆਂ ਦਾ ਮੁੱਦਾ ਕੇਂਦਰ ਬਿੰਦੂ ’ਚ ਰਹੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਬਹਿਸ ’ਚ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੀ ਉਲਝੀ ਤਾਣੀ ਨੂੰ ਲੈ ਕੇ ਅਤੀਤ ਦੀਆਂ ਭੁੱਲਾਂ ਦਾ ਪਟਾਰਾ ਖੋਲ੍ਹਣਗੇ। ਅਧਿਕਾਰੀਆਂ ਨੇ ਅੱਜ ਐੱਸਵਾਈਐੱਲ ਨੂੰ ਲੈ ਕੇ ਮੁੱਖ ਮੰਤਰੀ ਦੇ ਸਨਮੁੱਖ ਤੱਥ ਰੱਖੇ ਜਿਹੜੇ ਮੁੱਖ ਮੰਤਰੀ ਦੇ ਭਾਸ਼ਣ ਦਾ ਆਧਾਰ ਬਣਨਗੇ। ਅੱਜ ਮੁੱਖ ਮੰਤਰੀ ਨੇ ਖੁੱਲ੍ਹੀ ਬਹਿਸ ਦੀ ਤਿਆਰੀ ਵਜੋਂ ਤੱਥ ਵਾਚੇ ਹਨ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਪੰਜਾਬ ਦੇ ਲੋਕਾਂ ਦੀ ਨਜ਼ਰ ਰਹੇਗੀ ਕਿ ਮੁੱਖ ਮੰਤਰੀ ‘ਖੁੱਲ੍ਹੀ ਬਹਿਸ’ ਵਿਚ ਕਿੰਨਾ ਕੁ ਸੰਜਮ ਅਤੇ ਸਲੀਕਾ ਵਰਤਦੇ ਹਨ। ਮਾਹਿਰਾਂ ਅਨੁਸਾਰ ਜੇ ਉਨ੍ਹਾਂ ਦਾ ਭਾਸ਼ਣ ਠੋਸ ਤੱਥਾਂ ’ਤੇ ਆਧਾਰਤਿ ਹੋਇਆ ਅਤੇ ਉਨ੍ਹਾਂ ਨੇ ਵਿਰੋਧੀ ਧਿਰਾਂ ਪ੍ਰਤੀ ਲਿਆਕਤ ਦਿਖਾਈ ਤਾਂ ਇਸ ਦਾ ਲੋਕਾਂ ਵਿਚ ਬੱਝਵਾਂ ਪ੍ਰਭਾਵ ਜਾਵੇਗਾ। ਜੇ ਖੁੱਲ੍ਹੀ ਬਹਿਸ ਦਾ ਮੁਹਾਂਦਰਾ ਰੈਲੀ ਵਾਲਾ ਬਣ ਗਿਆ ਤਾਂ ਵਿਰੋਧੀ ਧਿਰਾਂ ਵੱਲੋਂ ਕਹੀ ਗੱਲ ’ਤੇ ਮੋਹਰ ਲੱਗ ਜਾਵੇਗੀ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪੰਜਾਬ ਦਿਵਸ ਮੌਕੇ ਪ੍ਰਭਾਵਸ਼ਾਲੀ ਨੁਕਤੇ ਪੇਸ਼ ਕਰਨਾ ਚਾਹੁੰਦੇ ਹਨ।

ਸੂਤਰਾਂ ਅਨੁਸਾਰ ਮੁੱਖ ਸਟੇਜ ’ਤੇ ਮੁੱਖ ਮੰਤਰੀ ਬੈਠਣਗੇ ਅਤੇ ਉਨ੍ਹਾਂ ਦੇ ਨਾਲ ਚਾਰ ਕੁਰਸੀਆਂ ਲਗਾਈਆਂ ਜਾਣਗੀਆਂ, ਜਿਹੜੀਆਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਲਈ ਰਾਖਵੀਆਂ ਹੋਣਗੀਆਂ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਵੱਲੋਂ 23 ਅਪਰੈਲ 1982 ਨੂੰ ਦਰਬਾਰਾ ਸਿੰਘ ਸਰਕਾਰ ਵੱਲੋਂ ਜਾਰੀ ਕੀਤਾ ‘ਵਾਈਟ ਪੇਪਰ’ ਵੀ ਪੇਸ਼ ਕੀਤਾ ਜਾ ਸਕਦਾ ਹੈ।

ਇਸ ਵਾਈਟ ਪੇਪਰ ’ਚ ਐੱਸਵਾਈਐੱਲ ਨਹਿਰ ਦੇ ਨਫ਼ਿਆਂ ਦੀ ਚਰਚਾ ਕੀਤੀ ਗਈ ਹੈ। ਕੁੱਝ ਸਰਕਾਰੀ ਪੱਤਰ ਵੀ ਪੇਸ਼ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਐਸਵਾਈਐੱਲ ਦੀ ਉਸਾਰੀ ਲਈ ਹਰਿਆਣਾ ਤੋਂ ਮੰਗੀ ਰਾਸ਼ੀ ਅਤੇ ਪ੍ਰਾਪਤ ਕੀਤੀ ਰਾਸ਼ੀ ਤੋਂ ਇਲਾਵਾ 1998 ਵਿਚ ਅਕਾਲੀ ਸਰਕਾਰ ਵੱਲੋਂ ਭਾਖੜਾ ਮੇਨ ਲਾਈਨ ਨੂੰ ਔਸਤਨ ਇੱਕ ਫੁੱਟ ਉੱਚਾ ਕਰਨ ਅਤੇ ਉਸ ਦੇ ਬਦਲੇ ਹਾਸਲ ਕੀਤੀ 45 ਕਰੋੜ ਦੀ ਰਾਸ਼ੀ ਦੀ ਗੱਲ ਵੀ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ 19 ਨੁਕਾਤੀ ਖ਼ਾਕੇ ਵਿਚ ਅੰਕੜੇ ਪੇਸ਼ ਕੀਤੇ ਜਾਣਗੇ ਜਿਸ ਵਿਚ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਚਰਚਾ ਕੀਤੀ ਗਈ ਹੋਵੇਗੀ। ਖੁੱਲ੍ਹੀ ਬਹਿਸ ਦੇ ਪੰਡਾਲ ਵਿਚ ਨਾਮੀ ਲੇਖਕ, ਖੇਤੀ ਵਿਗਿਆਨੀ, ਸਮਾਜ ਵਿਗਿਆਨੀ ਅਤੇ ਹੋਰ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵੀ ਸ਼ਮੂਲੀਅਤ ਕਰਨਗੀਆਂ। ਇਸੇ ਦੌਰਾਨ ਖੁੱਲ੍ਹੀ ਬਹਿਸ ਦਾ ਪੰਡਾਲ ਸਜ ਕੇ ਤਿਆਰ ਹੈ ਅਤੇ ਵਿਰੋਧੀ ਧਿਰਾਂ ਨੇ ਅੱਜ ਸਾਫ਼ ਕੀਤਾ ਕਿ ਲੁਧਿਆਣਾ ’ਚ ਹੋਣ ਵਾਲੇ ਇਸ ਵੀਵੀਆਈਪੀ ਪ੍ਰੋਗਰਾਮ ’ਚੋਂ ਆਮ ਆਦਮੀ ਗ਼ਾਇਬ ਰਹੇਗਾ ਕਿਉਂਕਿ ਸੁਰੱਖਿਆ ਘੇਰਾ ਹੀ ਏਨਾ ਸਖ਼ਤ ਹੈ ਕਿ ਆਮ ਆਦਮੀ ਪੰਡਾਲ ਦੀ ਪਹੁੰਚ ਤੋਂ ਦੂਰ ਰਹੇਗਾ। ਵਿਰੋਧੀ ਧਿਰਾਂ ਦੇ ਇਸ ਪ੍ਰੋਗਰਾਮ ’ਚੋਂ ਗ਼ੈਰਹਾਜ਼ਰ ਰਹਿਣ ਦੀ ਸੰਭਾਵਨਾ ਜ਼ਿਆਦਾ ਜਾਪਦੀ ਹੈ।

ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿਆਰੀਆਂ ਮੁਕੰਮਲ

ਲੁਧਿਆਣਾ (ਗਗਨਦੀਪ ਅਰੋੜਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੀ ਗਈ ਖੁੱਲ੍ਹੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦਾ ਸਿਆਸੀ ਮੰਚ ਤਿਆਰ ਹੈ। ਇਥੇ ਪਹਿਲੀ ਨਵੰਬਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਸ਼ੁਰੂ ਹੋਵੇਗੀ ਜਿਸ ਲਈ ‘ਆਪ’ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ, ਬੁੱਧੀਜੀਵੀਆਂ ਤੇ ਆਮ ਲੋਕਾਂ ਨੂੰ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਆਡੀਟੋਰੀਅਮ ਵਿੱਚ 1000 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੈ। ਇਥੇ ਸੁਰੱਖਿਆ ਲਈ ਦਰਜਨਾਂ ਆਈਪੀਐਸ ਅਫ਼ਸਰ ਤੇ ਦੋ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਦੂਜੇ ਪਾਸੇ ਆਈਪੀਐਸ ਅਧਿਕਾਰੀ ਏ ਐਸ ਰਾਏ ਨੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨਾਲ ਅੱਜ ਮੀਟਿੰਗ ਕੀਤੀ। ਇਸ ਬਹਿਸ ਲਈ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਡੇਰੇ ਲਾ ਲਏ ਹਨ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ‘ਆਪ’ ਦੇ ਕੌਮੀ ਬੁਲਾਰੇ ਅਹਬਿਾਬ ਗਰੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਹ ਖੁੱਲ੍ਹੀ ਬਹਿਸ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਹੈ। ਇਸ ਬਹਿਸ ਵੀ ਕੋਈ ਵੀ ਪੰਜਾਬੀ ਹਿੱਸਾ ਲੈ ਸਕਦਾ ਹੈ। ਇਥੇ ਮੰਚ ਸੰਚਾਲਨ ਨਿਰਮਲ ਸਿੰਘ ਜੌੜਾ ਕਰਨਗੇ। ਇਸ ਦੇ ਨਾਲ ਸਿਆਸੀ ਪਾਰਟੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਵਰਗੇ 75 ਬੁੱਧੀਜੀਵੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਵਿਚ 1000 ਲੋਕਾਂ ਦੇ ਬੈਠਣ ਲਈ ਕੁਰਸੀਆਂ ਲੱਗੀਆਂ ਹੋਈਆਂ ਹਨ ਜਿਸ ਵਿੱਚ ਪਹਿਲਾਂ ਆਉਣ ਵਾਲੇ ਬੰਦੇ ਨੂੰ ਪਹਿਲ ਦਿੱਤੀ ਜਾਏਗੀ। ਖੁੱਲ੍ਹੀ ਬਹਿਸ ਲਈ ਪੰਜਾਬ ਪੁਲੀਸ ਵੀ ਪੱਬਾਂ ਭਾਰ ਹੋ ਗਈ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਇਸ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਅਨੁਸਾਰ ਪੀਏਯੂ ਵਿੱਚ ਹੀ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰੇਗਾ ਤੇ ਉਹ ਕਾਰ ਰਾਹੀਂ ਬਹਿਸ ਵਾਲੀ ਥਾਂ ’ਤੇ ਪੁੱਜਣਗੇ। ਪੀਏਯੂ ਅੰਦਰ ਪੰਜਾਬ ਪੁਲੀਸ ਵੱਲੋਂ ਕਈ ਥਾਵਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਪੰਜਾਬ ਪੁਲੀਸ ਦੀਆਂ ਟੀਮਾਂ ਯੂਨੀਵਰਸਿਟੀ ਦੇ ਹਰ ਗੇਟ ’ਤੇ ਤਾਇਨਾਤ ਰਹਿਣਗੀਆਂ ਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾਵੇਗੀ।