Headlines

ਪੱਤਰਕਾਰੀ ਤੇ ਨਿਆਂ ਪ੍ਰਣਾਲੀ ਲਈ ਖ਼ਤਰਨਾਕ ਦੌਰ: ਤੀਸਤਾ ਸੀਤਲਵਾੜ

ਗਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਸੱਦਾ

ਜਲੰਧਰ, 31 ਅਕਤੂਬਰ

ਇੱਥੇ ਗ਼ਦਰੀ ਬਾਬਿਆਂ ਦੇ 32ਵੇਂ ਮੇਲੇ ਦੇ ਦੂਜੇ ਦਿਨ ਵਿਚਾਰ ਚਰਚਾ ਹੋਈ ਜਿਸ ਵਿੱਚ ਹਿੱਸਾ ਲੈਂਦਿਆਂ ਮਨੁੱਖੀ ਹੱਕਾਂ ਦੀ ਕਾਰਕੁਨ ਤੇ ਪੱਤਰਕਾਰ ਤੀਸਤਾ ਸੀਤਲਵਾੜ ਨੇ ਕਿਹਾ ਕਿ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਵਿਮਲਾ ਡਾਂਗ ਵਰਗੀਆਂ ਪੰਜਾਬ ਦੀਆਂ ਜੁਝਾਰੂ ਔਰਤਾਂ, ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਪੱਤਰਕਾਰੀ ਤੇ ਨਿਆਂ ਪ੍ਰਣਾਲੀ ਸਭ ਤੋਂ ਖ਼ਤਰਨਾਕ ਦੌਰ ਵਿੱਚੋਂ ਲੰਘ ਰਹੇ ਹਨ। ਕੇਂਦਰ ਸਰਕਾਰ ਵੱਲੋਂ ਹੁਣ ਯੂਏਪੀਏ ਨੂੰ ਅਤਿਵਾਦ ਦੀ ਥਾਂ ਲੋਕਾਂ ਦੇ ਹਰ ਤਰ੍ਹਾਂ ਦੇ ਵਿਰੋਧ ਤੇ ਪ੍ਰਦਰਸ਼ਨਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ, ਆਦਿਵਾਸੀਆਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਪੱਖ ਪੂਰੇ ਜਾ ਰਹੇ ਹਨ। ਉਨ੍ਹਾਂ ਸਮਾਜ ਦੇ ਸਭਨਾਂ ਤਬਕਿਆਂ ਖਾਸਕਰ ਵਕੀਲਾਂ ਨੂੰ ਸੱਦਾ ਦਿੱਤਾ ਕਿ ਉਹ ਤਾਨਾਸ਼ਾਹ, ਲੋਕ ਵਿਰੋਧੀ ਤਾਕਤਾਂ ਖ਼ਿਲਾਫ਼ ਖੁੱਲ੍ਹ ਕੇ ਅੱਗੇ ਆਉਣ ਤੇ ਚੁੱਪ ਕਰ ਕੇ ਨਾ ਬੈਠਣ। ਇਸ ਮੌਕੇ ਬੁਲਾਰੇ ਵਿਨੀਤ ਤਿਵਾੜੀ ਨੇ ਭਗਤ ਸਿੰਘ, ਊਧਮ ਸਿੰਘ, ਸੈਫੂਦੀਨ ਕਿਚਲੂ, ਡਾ. ਸਤਪਾਲ, ਪਾਸ਼ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਤੋਂ ਪ੍ਰੇਰਨਾ ਲੈਂਦਿਆਂ ਅੱਜ ਹੋਰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਮਾਰਗ ਦਰਸ਼ਨ ਅਤੇ ਕਿਸਾਨ ਅੰਦੋਲਨ ਸਾਡਾ ਪ੍ਰੇਰਨਾ ਸਰੋਤ ਹੈ। ਪ੍ਰਧਾਨਗੀ ਮੰਡਲ ਵੱਲੋਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਵੱਲੋਂ ਪੇਸ਼ ਮਤੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ’ਚ ਮੰਗ ਕੀਤੀ ਗਈ ਕਿ ਫ਼ਲਸਤੀਨ ਦੀ ਜੰਗ ਤੁਰੰਤ ਬੰਦ ਕੀਤੀ ਜਾਏ, ਅਮਰੀਕੀ ਸਾਮਰਾਜ ਦੀ ਸ਼ਹਿ ’ਤੇ ਇਜ਼ਰਾਈਲ ਵੱਲੋਂ ਫਲਸਤੀਨ ’ਤੇ ਵਿਸ਼ੇਸ਼ ਕਰਕੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਫ਼ਲਸਤੀਨ ਦੇ ਲੋਕਾਂ ਦਾ ਨਸਲਘਾਤ ਬੰਦ ਕੀਤਾ ਜਾਵੇ। ਦੂਜੇ ਮਤੇ ਵਿੱਚ ਜੇਲ੍ਹਾਂ ਵਿੱਚ ਨਜ਼ਰਬੰਦ ਬੁੱਧੀਜੀਵੀਆਂ, ਲੇਖਕਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਤੀਸਰੇ ਮਤੇ ਵਿੱਚ ਅੱਜ ਦੀ ਇਕੱਤਰਤਾ ਦੌਰਾਨ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਮੇਲੇ ਦੇ ਮੁੱਖ ਸੁਨੇਹੇ ਮੁਤਾਬਕ ਗ਼ਦਰੀ ਬਾਬਿਆਂ ਦੀ ਵਿਰਾਸਤ ’ਤੇ ਪਹਿਰਾ ਦਿੰਦੇ ਹੋਏ ਅਜੋਕੀਆਂ ਚੁਣੌਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਪਰਮਿੰਦਰ ਹਾਜ਼ਰ ਸਨ।

ਅੱਜ ਹੋਣ ਵਾਲੇ ਪ੍ਰੋਗਰਾਮ

ਗਦਰੀ ਬਾਬਿਆਂ ਦੇ ਮੇਲੇ ਦੌਰਾਨ ਪਹਿਲੀ ਨਵੰਬਰ ਨੂੰ ਸਿਧਾਰਥ ਵਰਧਰਾਜਨ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਨਾਟਕ ਖੇਡੇ ਜਾਣਗੇ ਤੇ ਗੀਤ-ਸੰਗੀਤ ਦਾ ਸਮਾਗਮ ਹੋਵੇਗਾ। ਸੁਰਿੰਦਰ ਕੁਮਾਰੀ ਕੋਛੜ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ਕੇਵਲ ਧਾਲੀਵਾਲ ਪੇਸ਼ ਕਰਨਗੇ।