Headlines

ਫਲਸਤੀਨੀ ਕੈਂਪ ’ਤੇ ਹਵਾਈ ਹਮਲੇ ’ਚ 50 ਹਲਾਕ

150 ਤੋਂ ਵੱਧ ਲੋਕ ਜ਼ਖ਼ਮੀ; ਨੇਤਨਯਾਹੂ ਵੱਲੋਂ ਜੰਗਬੰਦੀ ਤੋਂ ਇਨਕਾਰ

ਗਾਜ਼ਾ, 31 ਅਕਤੂਬਰ

ਇਜ਼ਰਾਇਲ ਵੱਲੋਂ ਅੱਜ ਜਬਾਲੀਆ ’ਚ ਫਲਸਤੀਨੀਆਂ ਦੇ ਸ਼ਰਨਾਰਥੀ ਕੈਂਪ ’ਤੇ ਮਜਿ਼ਾਈਲਾਂ ਦਾਗੀਆਂ ਗਈਆਂ ਜਿਸ ਵਿੱਚ 50 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ ਜਦਕਿ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮ੍ਰਤਿਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ ਜਬਾਲੀਆ ਦੇ ਰਿਹਾਇਸ਼ੀ ਇਲਾਕੇ ਵਿਚਲੀ ਇੱਕ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਇਮਾਰਤ ’ਚ ਫਲਸਤੀਨੀਆਂ ਲਈ ਸ਼ਰਨਾਰਥੀ ਕੈਂਪ ਬਣਾਇਆ ਹੋਇਆ ਸੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਪਨਾਹ ਲਈ ਹੋਈ ਸੀ। ਗਾਜ਼ਾ ਵਿਚਲੇ ਇੰਡੋਨੇਸ਼ੀਅਨ ਹਸਪਤਾਲ ਨੇ ਅਲ-ਜਜ਼ੀਰਾ ਨੂੰ ਦੱਸਿਆ ਕਿ ਇਸ ਹਮਲੇ ’ਚ 50 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋਈ ਹੈ ਤੇ 150 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।

ਇਸੇ ਦੌਰਾਨ ਇਜ਼ਰਾਇਲ ਦੇ ਫੌਜੀ ਦਸਤਿਆਂ ਨੇ ਅੱਜ ਉੱਤਰੀ ਗਾਜ਼ਾ ’ਚ ਹਮਾਸ ਦੇ ਅਤਿਵਾਦੀਆਂ ਤੇ ਬੁਨਿਆਦੀ ਢਾਂਚੇ ’ਤੇ ਜ਼ਮੀਨੀ ਹਮਲੇ ਕੀਤੇ। ਸੈਨਾ ਦਾ ਕਹਿਣਾ ਹੈ ਕਿ ਤਿੰਨ ਹਫ਼ਤੇ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਉੱਤਰੀ ਗਾਜ਼ਾ ਤੋਂ ਤਕਰੀਬਨ ਅੱਠ ਲੱਖ ਲੋਕ ਹਜਿਰਤ ਕਰ ਚੁੱਕੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਜੰਗ ’ਚ ਹੁਣ ਤੱਕ 3542 ਬੱਚਿਆਂ ਸਮੇਤ 8525 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਉੱਧਰ ਹਮਾਸ ਵੱਲੋਂ ਬੰਦੀ ਬਣਾਈ ਗਈ ਇੱਕ ਮਹਿਲਾ ਸੈਨਿਕ ਨੂੰ ਬਚਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੀ ਪੇਸ਼ਕਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਮਾਸ ਨੇ ਚਾਰ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ ਹਜ਼ਾਰਾਂ ਫਲਸਤੀਨੀਆਂ ਬਦਲੇ ਹੋਰਨਾਂ ਬੰਦੀਆਂ ਨੂੰ ਰਿਹਾਅ ਕਰ ਦੇਵੇਗਾ। ਇਜ਼ਰਾਈਲ ਨੇ ਹਾਲਾਂਕਿ ਇਹ ਪੇਸ਼ਕਸ਼ ਰੱਦ ਕਰ ਦਿੱਤੀ ਹੈ।