Headlines

ਸਿੱਖਾਂ ਦੀ ਦਸਤਾਰ ਦਾ ਮਤਲਬ ਅਤਿਵਾਦ ਨਹੀਂ: ਨਿਊਯਾਰਕ ਮੇਅਰ

* ਹਾਲ ਹੀ ਵਿੱਚ ਹੋਏ ਨਸਲੀ ਹਮਲੇ ਅਮਰੀਕਾ ’ਤੇ ਧੱਬਾ ਕਰਾਰ

* ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ

ਨਿਊਯਾਰਕ, 30 ਅਕਤੂਬਰ

ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ’ਤੇ ਹਾਲ ਹੀ ਵਿੱਚ ਹੋਏ ਹਮਲਿਆਂ ਅਤੇ ਨਫ਼ਰਤੀ ਅਪਰਾਧਾਂ ਨੂੰ ਦੇਸ਼ ’ਤੇ ਧੱਬਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ਦਾ ਮਤਲਬ ਅਤਿਵਾਦ ਨਹੀਂ ਹੈ ਸਗੋਂ ਇਹ ਆਸਥਾ ਦਾ ਪ੍ਰਤੀਕ ਹੈ| ਉਨ੍ਹਾਂ ਸਿੱਖ ਭਾਈਚਾਰੇ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ। ਐਡਮਜ਼ ਨੇ ਸਾਊਥ ਰਿਚਮੰਡ ਹਿੱਲ ਦੇ ਕੁਈਨਜ਼ ਇਲਾਕੇ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਸੀਂ ਅਤਿਵਾਦੀ ਨਹੀਂ, ਸਗੋਂ ਰਖਵਾਲੇ ਹੋ। ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। ਸਾਡੇ ਨੌਜਵਾਨਾਂ, ਸਾਡੇ ਲੋਕਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ, ‘‘ਤੁਹਾਡੀ ਦਸਤਾਰ ਦਾ ਮਤਲਬ ਅਤਿਵਾਦ ਨਹੀਂ। ਇਸ ਦਾ ਮਤਲਬ ਰੱਖਿਆ, ਇਸ ਦਾ ਮਤਲਬ ਭਾਈਚਾਰਾ, ਪਰਿਵਾਰ, ਵਿਸ਼ਵਾਸ, ਸ਼ਹਿਰ ਹੈ। ਸਾਡੇ ਲਈ ਇਸ ਦਾ ਮਤਲਬ ਮਿਲ ਕੇ ਰਹਿਣਾ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਇਸ ਧਾਰਨਾ ਨੂੰ ਬਦਲ ਦੇਵਾਂਗੇ। ਅਸੀਂ ਇਹ ਮਿਲ ਕੇ ਕਰ ਸਕਦੇ ਹਾਂ।’’ ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਅਤੇ ਹਮਲੇ ਦੀਆਂ ਹਾਲ ਹੀ ਦੀਆਂ ਘਟਨਾਵਾਂ ਮਗਰੋਂ ਐਤਵਾਰ ਨੂੰ ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਨਿਊਯਾਰਕ ਵਿੱਚ 15 ਅਕਤੂਬਰ ਨੂੰ ਸਿੱਖ ਨੌਜਵਾਨ ਉਸ ਸਮੇਂ ਹਮਲੇ ਦਾ ਸ਼ਿਕਾਰ ਹੋਇਆ ਸੀ, ਜਦੋਂ ਉਹ ਗੁਰਦੁਆਰੇ ਜਾ ਰਿਹਾ ਸੀ।