Headlines

ਗਰੈਂਡ ਪਰੇਰੀ ( ਅਲਬਰਟਾ) ਵਿਚ ਦੀਵਾਲੀ ਜਸ਼ਨ ਧੂਮਧਾਮ ਨਾਲ ਮਨਾਏ

ਈਸਟ ਇੰਡੀਆ ਕਲਚਰਲ ਐਸੋਸੀਏਸ਼ਨ ਵਲੋਂ ਸਭਿਆਚਾਰਕ ਪ੍ਰੋਗਰਾਮ ਆਯੋਜਿਤ-

ਗਰੈਂਡ ਪਰੇਰੀ ( ਅਲਬਰਟਾ)- ਬੀਤੇ ਦਿਨੀ ਈਸਟ ਇੰਡੀਅਨ ਕਲਚਰਲ ਐਸੋਸੀਏਸ਼ਨ ਆਫ ਗਰੈਂਡ ਪਰੇਰੀ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਇਕ ਦੀਵਾਲੀ ਸ਼ਾਮ ਧੂਮਧਾਮ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਐਸੋਸੀਏਸ਼ਨ ਦੀ ਚੇਅਰਪਰਸਨ ਸ਼ਮਿੰਦਰ ਮਿਨਹਾਸ, ਪ੍ਰਧਾਨ ਕਮਲ ਮਿਨਹਾਸ ਅਤੇ ਸੈਕਟਰੀ ਜਗਨੰਦਨ ਸਿੰਘ ਤੇ ਗੁਰਮਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਾਬਕਾ ਕੌਂਸਲਰ ਯਾਦ ਮਿਨਹਾਸ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਈਵੈਂਟ ਕੋਆਰਡੀਨੇਟਰ ਦੀਪ ਸਿੰਘ ਸਹਿਜਪਾਲ, ਹਰਮੀਤ ਸਿੰਘ, ਮਨਦੀਪ ਕੌਰ ਤੇ ਰਮਨ ਗਿੱਲ ਦੇ ਪ੍ਰਬੰਧਾਂ ਹੇਠ ਗਿੱਧੇ, ਭੰਗੜੇ ਸਮੇਤ ਪੰਜਾਬੀ ਸਭਿਆਚਾਰ ਦੇ ਕਈ ਰੰਗ ਦਰਸ਼ਕਾਂ ਸਾਹਮਣੇ ਮੰਚ ਉਪਰ ਪੇਸ਼ ਕੀਤੇ ਗਏ ਜਿਹਨਾਂ ਦਾ ਰਾਜ਼ਰੀਨ ਨੇ ਭਰਪੂਰ ਆਨੰਦ ਮਾਣਿਆ। ਕੁੜੀਆਂ ਦੇ ਗਿੱਧਾ ਟੀਮ ਦੀ ਅਗਵਾਈ ਕਮਲ ਮਿਨਹਾਸ ਅਤੇ ਭੰਗੜਾ ਟੀਮ ਦੀ ਅਗਵਾਈ ਜਸਮੀਤ ਸਿੰਘ ਮਿਨਹਾਸ ਨੇ ਕੀਤੀ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਭੰਗੜੇ ਵਿਚ ਬਿੰਦਰਾ ਭਰਾਵਾਂ -ਰੂਪ ਅਤੇ ਫਤਹਿ ਦੀ ਟੀਮ ਨੇ ਸਭ ਨੂੰ ਝੂਮਣ ਲਗਾ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿਚ ਐਸੋਸੀਏਸ਼ਨ ਦੀ ਚੇਅਰਪਰਸਨ ਸ਼ਮਿੰਦਰ ਮਿਨਹਾਸ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਵਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਸਮਾਗਮ ਵਿਚ ਸ਼ਾਮਿਲ ਲੋਕਾਂ ਨੇ ਪਰਿਵਾਰਾਂ ਸਮੇਤ ਰਾਤਰੀ ਭੋਜ ਦਾ ਵੀ ਆਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਗਰੈਂਡ ਪਰੇਰੀ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ  ਲਗਪਗ 450 ਕਿਲੋਮੀਟਰ ਨਾਰਥ ਵੈਸਟ ਵਿਚ ਸਥਿਤ ਛੋਟਾ ਜਿਹਾ ਸ਼ਹਿਰ ਹੈ। ਇਥੇ ਪਿਛਲੇ ਲਗਪਗ 40 ਸਾਲ ਤੋਂ ਵਸਦੇ ਦੁਆਬੇ ਦੇ ਉਘੇ ਪਿੰਡ ਪਾਲਦੀ ਦੇ  ਮਿਨਹਾਸ ਪਰਿਵਾਰ ਦਾ ਵੱਡਾ ਕਾਰੋਬਾਰ ਹੈ।