Headlines

ਭੋਗ ‘ਤੇ ਵਿਸ਼ੇਸ਼ -ਲੋੜਵੰਦਾਂ ਦੇ ਮਦਦਗਾਰ ਤੇ ਨੇਕ ਇਨਸਾਨ ਸਨ ਸ. ਕੁਲਵੰਤ ਸਿੰਘ ਮਿਨਹਾਸ

ਸਰੀ (ਹਰਦਮ ਮਾਨ)- ਬਹੁਤ ਹੀ ਸ਼ਰੀਫ ਅਤੇ ਈਮਾਨਦਾਰ ਇਨਸਾਨ ਸ. ਕੁਲਵੰਤ ਸਿੰਘ ਮਿਨਹਾਸ (ਰਿਟਾਇਰਡ ਬੀਡੀਪੀਓ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਸਮਾਜ ਸੇਵੀ ਸ. ਕੁਲਵੰਤ ਸਿੰਘ ਮਿਨਹਾਸ ਉਨ੍ਹਾਂ ਦੇ ਭਤੀਜੇ ਜਤਿੰਦਰ ਜੇ ਮਿਨਹਾਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਗੁਰੂ ਨਾਨਕ ਮੋਦੀਖਾਨਾ ਕਿਚਨ ਰਾਹੀਂ ਲੋੜਵੰਦਾਂ ਦੀ ਸੇਵਾ ਵਿਚ ਜੁਟੇ ਰਹਿੰਦੇ ਸਨ ਅਤੇ ਹਰ ਸਾਲ ਆਦਮਪੁਰ ਵਿਚ ਅੱਖਾਂ ਦਾ ਕੈਂਪ ਲਾਉਂਦੇ ਸਨ। ਉਨ੍ਹਾਂ ਦਾ ਜਨਮ 18 ਅਪ੍ਰੈਲ 1942 ਪਿੰਡ ਦਮੂੜਾ, ਆਦਮਪੁਰ ਜ਼ਿਲਾ ਜਲੰਧਰ ਵਿਖੇ ਹੋਇਆ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਆਦਮਪੁਰ ਵਿਚ ਜ਼ਮੀਨ ਅਲਾਟ ਹੋਈ। ਆਦਮਪੁਰ ਵਿਖੇ ਐਫ.ਏ. ਦੀ ਪੜ੍ਹਾਈ ਕਰਕੇ ਉਹ ਗ੍ਰਾਮ ਸੇਵਕ ਭਰਤੀ ਹੋ ਗਏ, ਫਿਰ ਪੰਚਾਇਤ ਸੈਕਟਰੀ ਬਣ ਗਏ ਅਤੇ ਲੰਬਾ ਸਮਾਂ ਉਹਨਾਂ ਨੇ ਆਦਮਪੁਰ ਬਲਾਕ ਵਿਚ ਪੰਚਾਇਤ ਸੈਕਟਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਤਰੱਕੀ ਮਿਲਣ ‘ਤੇ ਉਹ ਪੰਚਾਇਤ ਅਫਸਰ ਬਣ ਗਏ ਅਤੇ 2000 ਵਿਚ ਬੀਡੀਪੀਓ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

2012 ਵਿਚ ਉਹ ਆਪਣੀ ਬੇਟੀ ਸ਼ੀਤਲ ਮਿਨਹਾਸ ਸਰੋਇਆ ਅਤੇ ਜਵਾਈ ਇੰਜੀਨੀਅਰ ਜਗਤਾਰ ਸਿੰਘ ਸਰੋਆ ਕੋਲ ਅਮਰੀਕਾ ਆ ਗਏ। ਉਹ ਬਹੁਤ ਹੀ ਸ਼ਰੀਫ ਇਨਸਾਨ, ਬਹੁਤ ਮਿੱਠ ਬੋਲੜੇ, ਬੜੇ ਮਿਹਨਤੀ ਅਤੇ ਈਮਾਨਦਾਰ ਅਫਸਰ ਸਨ। ਇਲਾਕੇ ਦੀਆਂ ਪੰਚਾਇਤਾਂ ਵਿਚ ਉਨ੍ਹਾਂ ਦਾ ਬੜਾ ਮਾਣ ਸਨਮਾਨ ਸੀ ਅਤੇ ਸਰਪੰਚ, ਪੰਚ ਉਹਨਾਂ ਦੀ ਬੇਹੱਦ ਇੱਜ਼ਤ ਕਰਦੇ ਸਨ। ਉਨ੍ਹਾਂ ਸਾਰੀ ਸਰਵਿਸ ਬੇਦਾਗ਼ ਰਹਿੰਦਿਆਂ ਕੀਤੀ ਅਤੇ ਇਕ ਪੈਸੇ ਦੇ ਵੀ ਰਵਾਦਾਰ ਨਹੀਂ ਹੋਏ।

28 ਅਕਤੂਬਰ 2023 ਨੂੰ ਇਸ ਦੁਨੀਆਂ ਨੂੰ ਉਹ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਪਿੱਛੇ ਬੇਟਾ ਸੰਦੀਪ ਸਿੰਘ ਮਿਨਹਾਸ, ਨੂੰਹ ਸ਼ਰਨ ਕੌਰ ਮਿਨਹਾਸ, ਬੇਟੀ ਸ਼ੀਤਲ ਮਿਨਹਾਸ ਸਰੋਆ, ਜਵਾਈ ਜਗਤਾਰ ਸਿੰਘ ਸਰੋਆ ਅਤੇ ਦੋ ਦੋਹਤੀਆਂ ਜਸਪ੍ਰੀਤ ਕੌਰ ਸਰੋਆ ਅਤੇ ਜਸਨੂਰ ਕੌਰ ਸਰੋਆ ਦਾ ਪਰਿਵਾਰ ਹੈ। ਉਹਨਾਂ ਦਾ ਅੰਤਿਮ ਸੰਸਕਾਰ 4 ਨਵੰਬਰ 2023 ਨੂੰ ਸਵੇਰੇ 10.30 ਵਜੇ 55 W Valley Hwy S., Auburn, WA (USA) ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 2440 132 Avenue SE Kent, WA (USA) ਵਿਖੇ ਹੋਵੇਗੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 206-355-3263, 206-326-8820 ਅਤੇ ਜਤਿੰਦਰ ਜੇ ਮਿਨਹਾਸ ਨਾਲ ਫੋਨ ਨੰਬਰ 604-880-2228 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।