Headlines

​ਤਰਕਸ਼ੀਲ ਸੁਸਾਇਟੀ ਵਲੋਂ ਲੰਗਾਰਾ ਕਾਲਜ ਦੇ ਅਧਿਆਪਕ ਨੂੰ ਜ਼ਬਰੀ ਛੁੱਟੀ ਤੇ ਭੇਜਣ ਦੀ ਨਿੰਦਾ

ਐਬਸਫੋਰਡ​-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਐਬਟਸਫੋਰਡ ਵਲੋਂ ਵੈਨਕੂਵਰ ਦੇ ਲੰਗਾਰਾ ਕਾਲਜ ਵਲੋਂ ਪ੍ਰੋਫੈਸਰ ਨੈਟਲੀ ਨਾਈਟ ਨੂੰ ਜਬਰੀ ਪ੍ਰਸਾਸ਼ਕੀ ਛੁੱਟੀ (ਐਡਮਨਿਸਟਰੇਟਿਵ ਲੀਵ) ਤੇ ਭੇਜੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪ੍ਰੋ. ਨੈਟਲੀ ਦਾ ‘ਕਸੂਰ’ ਇਹ ਕੱਢਿਆ ਜਾ ਰਿਹਾ ਹੈ ਕਿ ਉਸਨੇ   28 ਅਕਤੂਬਰ ਨੂੰ ਵੈਨਕੂਵਰ ਵਿੱਚ ਫ਼ਲਸਤੀਨੀ ਲੋਕਾਂ ਦੇ ਹੋ ਰਹੇ ਘਾਣ ਨੂੰ ਅਤੇ ਗਾਜ਼ਾ ਵਿੱਚ ਇਸਰਾਈਲ ਵਲੋਂ ਕੀਤੀ ਜਾ ਰਹੀ ਫੌਜੀ ਕਾਰਵਾਈ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈਕੇ ਹਜ਼ਾਰਾਂ ਇਨਸਾਫ਼ ਪਸੰਦ ਲੋਕਾਂ ਨੂੰ ਸੰਬੋਧਨ ਕੀਤਾ ਸੀ।
ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਅਤੇ ਜਰਨਲ ਸਕੱਤਰ ਸੁਰਿੰਦਰ ਚਾਹਲ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਫਲਸਤੀਨੀ ਲੋਕਾਂ ਲਈ ਇਨਸਾਫ਼ ਦੀ ਮੰਗ ਕਰਕੇ ਪ੍ਰੋ. ਨੈਟਲੀ ਨੇ ਕੋਈ ਅਪਰਾਧ ਨਹੀਂ ਕੀਤਾ। ਇਸਦੇ ਉਲਟ ਲੰਗਾਰਾ ਕਾਲਜ ਪ੍ਰਸ਼ਾਸਨ ਨਾ ਸਿਰਫ ਅਕਾਦਮਿਕ ਅਜ਼ਾਦੀਆਂ ਦਾ ਗਲਾ ਘੁੱਟ ਰਿਹਾ ਹੈ, ਸਗੋਂ ਉਹ ਕੈਨੇਡੀਅਨ ਚਾਰਟਰ ਆਫ ਹਿਉਮਨ ਰਾਈਟਸ ਦਾ ਘੋਰ ਉਲੰਘਣ ਵੀ ਕਰ ਰਿਹਾ ਹੈ ਜਿਸ ਰਾਹੀਂ ਹਰ ਕੈਨੇਡੀਅਨ ਨਾਗਰਿਕ ਨੂੰ ਆਪਣੇ ਵਿਚਾਰ ਖੁੱਲ ਕੇ ਪ੍ਰਗਟਾਉਣ ਦਾ ਹੱਕ ਦਿੰਦਾ ਹੈ।
ਬਿਆਨ ਵਿੱਚ ਇਸਰਾਈਲੀ ਜਿਉਸ਼ ਫੈਡਰੇਸ਼ਨ ਵਲੋਂ ਲੰਗਾਰਾ ਕਾਲਜ ਪ੍ਰਸ਼ਾਸਨ ਤੇ ਪ੍ਰੋ. ਨੈਟਲੀ ਨੂੰ ਕਾਲਜ ਵਿੱਚੋਂ ਬ੍ਰਖਾਸਤ ਕੀਤੇ ਜਾਣ ਲਈ ਪਾਏ ਜਾ ਰਹੇ ਬੇਲੋੜੇ ਦਬਾਅ ਦੀ ਨਿੰਦਾ ਕੀਤੀ ਗਈ।