Headlines

ਮਨਿੰਦਰ ਗਿੱਲ ਵੱਲੋਂ ਕੈਨੇਡਾ ਵਿਚ ਸਿਖਸ ਫਾਰ ਜਸਟਿਸ ਤੇ ਪਾਬੰਦੀ ਲਗਾਉਣ ਦੀ ਮੰਗ

ਪ੍ਰਧਾਨ ਮੰਤਰੀ ਟਰੂਡੋ ਨੂੰ ਪੱਤਰ ਲਿਖਿਆ-

ਸਰੀ ( ਬਲਦੇਵ ਸਿੰਘ ਭੰਮ)- ਸਥਾਨਕ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖਕੇ ਕਿਸੇ ਖਾਸ ਧਿਰ ਦੀ ਬਜਾਏ ਪੂਰੇ ਪੰਜਾਬੀ ਸਿੱਖ ਭਾਈਚਾਰੇ ਦੇ ਹਿਤਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮੀਡੀਆ ਸ਼ਖਸੀਅਤ ਹੋਣ ਦੇ ਨਾਤੇ ਕੈਨੇਡਾ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਦਰਪੇਸ਼ ਸੁਰੱਖਿਆ ਚਿੰਤਾਵਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਾ ਉਸਦੀ ਜਿੰਮੇਵਾਰੀ ਬਣਦੀ ਹੈ।
ਗਿੱਲ ਨੇ ਕਿਹਾ ਕਿ ਕੈਨੇਡਾ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਵਿਰੁੱਧ ਨਫ਼ਰਤੀ ਫੈਲਾਉਣ ਕਾਰਵਾਈਆਂ ਚਿੰਤਾਜਨਕ ਹਨ।   ਉਨ੍ਹਾਂ ਕਿਹਾ ਕਿ ਸਰੀ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਮੈਨੂੰ ਖੁਦ ਜਿਸਮਾਨੀ ਹਮਲੇ ਅਤੇ ਜਾਨਲੇਵਾ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਨੂੰਨ ਦੇ ਰਾਜ ਵਾਲੇ ਦੇਸ਼ ਵਿੱਚ ਅਜੇ ਤੱਕ ਉਸਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹੈ, ਜਦੋਂਕਿ ਇਹ ਹਮਲੇ 19 ਮਾਰਚ, 2023 ਨੂੰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਏ ਸਨ।

ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ  ਸੁਰੱਖਿਆ ਉਪਰ ਉਸ ਵੇਲੇ ਵੱਡੇ ਸਵਾਲ ਖੜੇ ਹੁੰਦੇ ਹਨ ਜਦੋਂ  ਸਿੱਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਪੰਨੂ   ਏਅਰ ਇੰਡੀਆ ‘ਤੇ ਹਮਲਾ ਕਰਨ ਦੀ ਖੁੱਲ੍ਹੀ ਧਮਕੀ ਦੇ ਰਿਹਾ ਹੈ। ਪੰਨੂ ਨੇ ਸ਼ਰ੍ਹੇਆਮ ਸਿੱਖ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਏਅਰ ਇੰਡੀਆ ਤੇ ਯਾਤਰਾ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਅੱਤਵਾਦੀ ਧਮਕੀ ਗੁਰਪਤਵੰਤ ਪੰਨੂ ਦੁਆਰਾ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਦਿੱਤੀ ਗਈ ਹੈ, ਜਿੱਥੇ ਉਸਨੇ ਹਿੰਦੂ ਭਾਈਚਾਰੇ ਨੂੰ ਕੈਨੇਡਾ ਛੱਡਕੇ ਭਾਰਤ ਵਾਪਸ ਜਾਣ ਲਈ ਕਿਹਾ ਸੀ।

ਉਨ੍ਹਾਂ ਕਿਹਾ ਕਿ ਇਹ ਦਹਿਸ਼ਤੀ ਧਮਕੀਆਂ ਏਅਰ ਇੰਡੀਆ ਉਪਰ ਅਤਿਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਹੋਰ ਮੁੜ ਡਰਾਉਣ ਵਾਲੀਆਂ ਹਨ, ਜਿੰਨਾ ਦੇ ਪਰਿਵਾਰਕ ਮੈਂਬਰ ਇਸ ਘਟਨਾ ਵਿਚ ਮਾਰੇ ਗਏ ਸਨ। ਗਿੱਲ ਨੇ ਕਿਹਾ ਕਿ ਪੰਨੂ ਦੀਆਂ ਤਾਜ਼ਾ ਧਮਕੀਆਂ ਉਨ੍ਹਾਂ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ।
ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਇਸ ਗੱਲ ਤੋਂ ਦੁਖੀ ਹੈ ਕਿ ਗੁਰਪਤਵੰਤ ਪੰਨੂ ਵਰਗੇ ਲੋਕ ਕੈਨੇਡਾ ਵਿਚ ਕਾਨੂੰਨੀ ਛੋਟ ਦਾ ਆਨੰਦ ਕਿਉਂ ਮਾਣ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਨਫ਼ਰਤ ਭਰੇ ਅਤੇ ਅੱਤਵਾਦੀ ਬਿਆਨਾਂ ਦਾ ਕੋਈ ਨਤੀਜਾ  ਭੁਗਤਣ ਦਾ ਡਰ ਨਹੀਂ।

ਸ੍ਰੀ ਗਿੱਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਮੰਗ ਕੀਤੀ ਕਿ ਕਨੂੰਨ ਦੇ ਰਾਜ ਵਾਲੇ ਕੈਨੇਡਾ ਵਿਚ ਜਿੱਥੇ ਸਿੱਖਸ ਫਾਰ ਜਸਟਿਸ ‘ਤੇ ਅੱਤਵਾਦੀ ਸੰਗਠਨ ਵਜੋਂ ਪਾਬੰਦੀ ਲਗਾਈ ਜਾਵੇ, ਉਥੇ  ਨਫਰਤ ਭਰੇ ਭਾਸ਼ਣ ਅਤੇ ਅੱਤਵਾਦੀ ਧਮਕੀਆਂ ਦੇ ਕੇ ਏਅਰ ਇੰਡੀਆ ਦੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਅਧੀਨ ਗੁਰਪਤਵੰਤ ਪੰਨੂ ‘ਤੇ ਮੁਕੱਦਮਾ ਚਲਾਇਆ ਜਾਵੇ ।