Headlines

ਪੰਜਾਬ ਦੇ ਮਹਾਨ ਬੁੱਧੀਜੀਵੀ ਜੋੜੇ ਦੀ ਲਾਹੌਰ ਵਿਚ ਜਨਮ ਸ਼ਤਾਬਦੀ ਮਨਾਈ

ਲਾਹੌਰ- ਪ੍ਰਸਿੱਧ ਭਾਰਤੀ  ਪੰਜਾਬੀ ਲੇਖਕ ਅਤੇ ਪੱਤਰਕਾਰ ਗਿਆਨੀ ਗੁਰਦਿੱਤ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਇੰਦਰਜੀਤ ਕੌਰ ਸੰਧੂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ
ਲਾਹੌਰ ਵਿਖੇ ਇਕ ਸਮਾਗਮ ਦੌਰਾਨ ਇਸ ਮਹਾਨ ਬੁੱਧੀਜੀਵੀ ਜੋੜੇ ਦੀ ਜਨਮ ਸ਼ਤਾਬਦੀ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਮੀਰ ਖ਼ਲੀਲੁ ਰਹਿਮਾਨ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਅਤੇ ਰੋਜ਼ਾਨਾ ਜੰਗ ਨਾਲ ਜੁੜੇ ਸੀਨੀਅਰ ਪੱਤਰਕਾਰ ਵਾਸੀਫ ਨਾਗੀ ਸਨ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਸ਼ਾਇਸਤਾ ਨੁਜ਼ਹਤ ਅਤੇ ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਡਾਇਰੈਕਟਰ ਕੋਆਰਡੀਨੇਸ਼ਨ ਡਾ. ਤਨਵੀਰ ਕਾਸਿਮ ਰਾਣਾ ਸਨ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਡਾਇਰੈਕਟਰ ਡਾ. ਅਬਦੁੱਲ ਰੱਜ਼ਾਕ ਸ਼ਾਹਿਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਗਿਆਨੀ ਗੁਰਦਿੱਤ ਸਿੰਘ ਦੀਆਂ ਸਾਹਿਤਕ ਸੇਵਾਵਾਂ ਅਤੇ ਪ੍ਰੋ. ਇੰਦਰਜੀਤ ਕੌਰ ਦੀਆਂ ਵਿੱਦਿਅਕ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਦਾ ਜਨਮ 1923ਈ ਵਿੱਚ ਹੋਇਆ ਸੀ। ਉਨ੍ਹਾਂ ਦੇ ਸ਼ਤਾਬਦੀ ਸਮਾਗਮ ਪੂਰੇ ਭਾਰਤ ਵਿੱਚ ਮਨਾਏ ਜਾ ਰਹੇ ਹਨ। ਗਿਆਨੀ ਜੀ ਪੰਜਾਬੀ ਅਖ਼ਬਾਰ “ਪ੍ਰਕਾਸ਼” ਦੇ ਮਾਲਕ ਅਤੇ ਸੰਪਾਦਕ ਸਨ। ਉਹ ਸਿੱਖ ਇਤਿਹਾਸ ਦੇ ਮਾਸਿਕ ਮੈਗਜ਼ੀਨ “ਸਿੰਘ ਸਭਾ ਪੱਤ੍ਰਿਕਾ” ਦੇ ਸੰਪਾਦਕ ਵੀ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ। 56 ਤੋਂ 62 ਤੱਕ ਉਹ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਅਤੇ ਆਖ਼ਰੀ ਪੰਜਾਬੀ ਲੇਖਕ ਸਨ। ਪ੍ਰੋ. ਇੰਦਰਜੀਤ ਕੌਰ ਨੇ ਵੀ ਬੈਚਲਰ ਆਫ਼ ਟੀਚਿੰਗ ਦੇ ਨਾਲ-ਨਾਲ ਲਾਹੌਰ ਕਾਲਜ ਤੋਂ ਫਿਲਾਸਫੀ ਵਿਚ ਆਪਣੀ ਐਮ.ਏ. ਕੀਤੀ ।ਉਨ੍ਹਾਂ ਨੇ ਆਪਣਾ ਪੇਸ਼ੇਵਰ ਜੀਵਨ ਇੱਕ ਅਧਿਆਪਕਾ ਵਜੋਂ ਸ਼ੁਰੂ ਕੀਤਾ। ਕਈ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ, ਉਹ ਬੇਸਿਕ ਟਰੇਨਿੰਗ ਕਾਲਜ, ਚੰਡੀਗੜ੍ਹ ਦੀ ਪ੍ਰਿੰਸੀਪਲ ਬਣ ਗਈ। ਉਹ ਗੌਰਮਿੰਟ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਪ੍ਰਿੰਸੀਪਲ ਵੀ ਰਹੀ। 1975ਈ ਵਿੱਚ, ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਾਈਸ-ਚਾਂਸਲਰ ਬਣੀ। ਉਹ ਯੂਨੀਵਰਸਿਟੀ ਦੀ ਤੀਜੀ ਵਾਈਸ-ਚਾਂਸਲਰ ਅਤੇ ਉੱਤਰੀ ਭਾਰਤ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਸਨ। ਉਹ ਪਿਛਲੇ ਸਾਲ 99 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ।
ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਗਏ ਇਸ ਸਮਾਗਮ ਨੂੰ ਕੈਨੇਡੀਅਨ ਸੰਸਥਾ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਅਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ. ਦਾ ਭਰਪੂਰ ਸਹਿਯੋਗ ਹਾਸਲ ਸੀ। ਦੋਵਾਂ ਸ਼ਖ਼ਸੀਅਤਾਂ ਦੀ ਜਾਣ-ਪਛਾਣ ਤੋਂ ਬਾਅਦ ਕੈਨੇਡਾ ਵਸਦੇ ਜੈਤੇਗ ਸਿੰਘ ਅਨੰਤ ਵੱਲੋਂ ਵੌਇਸ ਸੰਦੇਸ਼ ਸੁਣਾਇਆ ਗਿਆ। ਦੋਵਾਂ ਪਤੀ-ਪਤਨੀ ਦੀਆਂ ਜੀਵਨ ਪ੍ਰਾਪਤੀਆਂ ‘ਤੇ ਆਧਾਰਿਤ ਸਲਾਈਡਾਂ ਦਿਖਾਈਆਂ ਗਈਆਂ। ਜ਼ੂਮ ਲਿੰਕ ‘ਤੇ ਹੋਏ ਸਮਾਰੋਹ ‘ਚ ਦੋਵਾਂ ਸ਼ਖਸੀਅਤਾਂ ਦੇ ਰਿਸ਼ਤੇਦਾਰ ਮੌਜੂਦ ਸਨ। ਗੁਰਦਿੱਤ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ ਨੇ ਦੋਵਾਂ ਬਾਰੇ ਖ਼ੂਬਸੂਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਅਤੇ ਅਕਾਦਮਿਕ ਸੇਵਾਵਾਂ ਦਾ ਇੱਕ ਜ਼ਮਾਨਾ ਸ਼ਲਾਘਾ ਕਰਦਾ ਹੈ। ਗੁਰਿੰਦਰ ਮਾਨ ਅਮਰੀਕਾ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੇ ਅਗਲੇ ਪੜਾਅ ਵਿੱਚ ਗਿਆਨੀ ਗੁਰਦਿੱਤ ਸਿੰਘ ਬਾਰੇ ਬਲਦੇਵ ਸਿੰਘ ‘ਸੜਕਨਾਮਾ’ ਦੀ ਸ਼ਾਹ ਮੁਖੀ ਵਿਚ ਛਪੀ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਜੋ ਭਾਰਤੀ ਪੰਜਾਬ ਵਿੱਚ ਪਹਿਲਾਂ ਗੁਰਮੁਖੀ ਲਿਪੀ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਸੇਵਾਵਾਂ ਦਾ ਅਹਾਤਾ ਕੀਤਾ ਹੈ। ਸਮਾਗਮ ਦਾ ਤੀਜਾ ਪੜਾਅ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਇਨਾਮਾਂ ਦੀ ਵੰਡ ਸੀ। ਨੈਸ਼ਨਲ ਕਾਲਜ ਆਫ਼ ਆਰਟਸ ਦੇ ਸਾਬਕਾ ਪ੍ਰਿੰਸੀਪਲ ਅਤੇ ‘ਥਾਪ’ ਦੇ ਸੀਈਓ ਪ੍ਰੋ. ਸਾਜਿਦਾ ਹੈਦਰ ਵੰਡਲ, ਨਾਮਵਰ ਪੰਜਾਬੀ ਲੇਖਕ, ਨਾਵਲਕਾਰ, ਸਫ਼ਰਨਾਮਾ ਲੇਖਕ ਅਤੇ ਕਵੀ ਪ੍ਰੋ. ਆਸ਼ਿਕ ਰਾਹੀਲ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਅਤੇ ਨਕਦ ਇਨਾਮ ਦਿੱਤਾ ਗਿਆ। ਜਦਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੇਵਾਵਾਂ ਬਦਲੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ, ਪ੍ਰੋ. ਡਾ. ਇਬਾਦਤ ਨਬੀਲ ਸ਼ਾਦ ਅਤੇ ਸਤਵੰਤ ਕੌਰ ਲੈਕਚਰ ਕਿੰਨਰਡ ਕਾਲਜ ਨੂੰ ਪੰਜਾਬੀ ਸੇਵਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |
ਸਮਾਗਮ ਦੇ ਅਖੀਰਲੇ ਹਿੱਸੇ ਵਿੱਚ ਆਏ ਹੋਏ ਮਹਿਮਾਨਾਂ ਨੇ ਸਮਾਗਮ ਨੂੰ ਸਫ਼ਲ ਕਰਾਰ ਦਿੰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ।