Headlines

ਪੰਜਾਬ ਦੇ ਕਬੱਡੀ ਕੋਚ ਸਰਦਾਰ ਸਰਵਣ ਸਿੰਘ ਬੱਲ ਨਹੀ ਰਹੇ

ਸਰੀ ( ਸੰਤੋਖ ਸਿੰਘ ਮੰਡੇਰ)-ਪੰਜਾਬ ਖੇਡ ਵਿਭਾਗ ਦੇ, ਉਚੇ ਲੰਮੇ, ਕਬੱਡੀ ਦੇ ਬਾਬਾ ਬੋਹੜ, ਸਰਦਾਰ ਸਰਵਣ ਸਿੰਘ ਬੱਲ ‘ਰਮੀਦੀ’, ਸਾਬਕਾ ਜਿਲਾ ਕਪੂਰਥੱਲਾ ਕਬੱਡੀ ਕੋਚ ਪਿਛੱਲੇ ਦਿਨੀ ਚਲਾਣਾ ਕਰ ਗਏ ਹਨ| ਸਰਦਾਰ ਬੱਲ ਦਾ ਦਾ ਜਨਮ 26 ਮਈ 1938 ਨੂੰ ਪਿੰਡ ਰਮੀਦੀ ਰਿਆਸਤ ਕਪੂਰਥਲਾ ਵਿਚ, ਬ੍ਰੀਟਿਸ ਸਾਮਰਾਜ਼ ਦੇ ਸਮੇ ਹੋਇਆ ਸੀ| ‘ਕੌਡੀ’ ਪੰਜਾਬ ਸਟਾਈਲ ਤੇ ਨੈਸ਼ਨਲ ਸਟਾਈਲ ਵਿਚ ਇਸ ਜੁਆਨ ਦਾ ਕੋਈ ਸਾਨੀ ਨਹੀ ਸੀ| 10 ਸਾਲ ਲਗਾਤਾਰ ‘ਸਰਵਣ ਰਮੀਦੀ’ ਨੈਸ਼ਨਲ ਕਬੱਡੀ ਚੈਮਪੀਅਨਸਿ਼ਪ ਆਫ ਇੰਡੀਆ ਵਿਚ ਪੰਜਾਬ ਕਬੱਡੀ ਟੀਮ ਵਲੋ ਭਾਗ ਲੈਦਾ ਰਿਹਾ| ਸਾਲ 1968 ਵਿਚ ਸਰਵਣ ਸਿੰਘ ਬੱਲ,‘ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ’ਵਿਚ ਜਿਲਾ ਕਪੂਰਥਲਾ ਦੇ ਕਬੱਡੀ ਕੋਚ ਨਾਮਜਦ ਹੋਏ ਸੀ| ਮੇਰੀ ਪੋਸਟਿੰਗ ਵੀ ਸਾਲ 1975 ਵਿਚ ਜਿਲਾ ਕਬੱਡੀ ਕੋਚ ਸੰਗਰੂਰ ਹੋ ਗਈ ਸੀ ਅਤੇ ਅਸੀ ਸਰਵਣ ਸਿੰਘ ਬੱਲ ਨਾਲ ਪੰਜਾਬ ਕਬੱਡੀ ਚੈਮਪੀਅਨਸਿ਼ਪ, ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਤੇ ਹੋਰ ਪੰਜਾਬ ਸਟੇਟ ਲੈਵਲ ਦੇ ਟੂਰਨਾਮੈਟਾਂ ਅੰਦਰ ਸਾਲ ਵਿਚ ਕਈ ਵਾਰ ਮਿਲਦੇ ਸੀ| ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ, ਜਿਸ ਦਾ ਕਰਤਾ ਧਰਤਾ ਜਗਤਪੁਰ ਦਾ ਦਰਸ਼ਣੀ ਸਰਦਾਰ ਮੁੱਖਤਿਆਰ ਸਿੰਘ ਸੀ ਜੋ ਬਾਅਦ ਵਿਚ ਪੰਜਾਬ ਖੇਡ ਵਿਭਾਗ ਵਿਚ ਤਬਦੀਲ ਹੋ ਗਿਆ ਜਿਸ ਦੇ ਡਾਈਰੈਕਟਰ ਸਰਦਾਰ ਬਲਬੀਰ ਸਿੰਘ, ਸਾਬਕਾ ਹਾਕੀ ਉਮੰਪੀਅਨ ਬਣੇ ਸਨ| ਸਰਦਾਰ ਬੱਲ ਦੀ ਕੋਚਿੰਗ ਸਦਕਾ ਕਪੂਰਥਲਾ ਜਿਲੇ ਦੀ ਕਬੱਡੀ ਟੀਮ ਪੰਜਾਬ ਕਬੱਡੀ ਚੈਪੀਅਨਸਿ਼ਪ ਵਿਚ ਸਦਾ ਹੀ ਖਿਤਾਬੀ ਜਿਤਾਂ ਹਾਸਿਲ ਕਰਦੀ ਰਹੀ| ਪੰਜਾਬ ਕਬੱਡੀ ਐਸ਼ੋਸ਼ੀਏਸਨ ਦੇ ਸਕਤਰ ਜਰਨਲ ਸਰਦਾਰ ਐਚ ਐਸ ਭੁੱਲਰ (ਹਰਮੁਹਿੰਦਰ ਸਿੰਘ ਭੱੁਲਰ) ਸਕਤਰ ਸਰਦਾਰ ਪੀ ਪੀ ਸਿੰਘ (ਪ੍ਰੇਮ ਪ੍ਰਕਾਸ਼ ਸਿੰਘ) ਪ੍ਰਧਾਨ ਸਰਦਾਰ ਮੁੱਖਤਿਆਰ ਸਿੰਘ ਜੱਗਤਪੁਰ-ਡਾਈਰੈਕਟਰ ਪੰਜਾਬ ਰਾਜ ਖੇਡ ਪ੍ਰੀਸ਼ਦ ਅੱਤੇ ਕਬੱਡੀ ਕੋਚ ਸਰਵਣ ਸਿੰਘ ਰਮੀਦੀ, ਦੀ ਇਹ ਨਾਮੀ ਸੰਸਥਾ ਮਾਂ ਖੇਡ ਕਬੱਡੀ ਦੀ ਲੰਮਾ ਸਮਾ ਸੇਵਾ ਕਰਦੀ ਰਹੀ ਸੀ| ਕਬੱਡੀ ਕੋਚ ਸਰਵਣ ਰਮੀਦੀ ਦੀ ਮਿਹਨਤ ਸਦਕਾ ਕਪੂਰਥਲਾ ਜਿਲੇ ਨੇ ਮਾਂ ਖੇਡ ਕਬੱਡੀ ਦੇ ਬਹੁੱਤ ਆਲਾ ਦਰਜੇ ਦੇ ਖਿਡਾਰੀ ਪੈਦਾ ਕੀਤੇ|
ਫੋਟੋ ਤੇ ਵੇਰਵਾ: ਸੰਤੋਖ ਸਿੰਘ ਮੰਡੇਰ