Headlines

ਐਡਮਿੰਟਨ ਵਿਚ ਗੋਲੀਬਾਰੀ ਦੌਰਾਨ ਪਿਤਾ ਦੇ ਨਾਲ 11 ਸਾਲ ਦਾ ਪੁੱਤਰ ਵੀ ਹਲਾਕ

ਮਾਰੇ ਗਏ ਨੌਜਵਾਨ ਦੀ ਪਛਾਣ ਹਰਪ੍ਰੀਤ ਉਪਲ ਦੱਸੀ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਸਾਊਥ ਈਸਟ ਐਡਮਿੰਟਨ ਦੀ 50 ਸਟਰੀਟ ਤੇ ਐਲਰਸਲੀ ਰੋਡ ਉਪਰ ਇਕ ਸ਼ਾਪਿੰਗ ਕੰਪਲੈਕਸ ਵਿਚ ਦਿਨ ਦਿਹਾੜੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਤੇ ਉਸਦੇ 11 ਸਾਲ ਦੇ ਪੁੱਤਰ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ।

ਪੁਲਿਸ ਅਧਿਕਾਰੀਆਂ ਮੁਤਾਬਿਕ  ਵੀਰਵਾਰ ਨੂੰ ਦੁਪਹਿਰ ਦੇ ਕਰੀਬ ਇੱਕ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ਤੇ  ਇੱਕ 41 ਸਾਲਾ ਵਿਅਕਤੀ ਅਤੇ ਇੱਕ 11 ਸਾਲਾ ਲੜਕੇ ਨੂੰ ਜਖਮੀ ਹਾਲਤ ਵਿਚ ਪਾਇਆ ਪਰ ਇਸ ਦੌਰਾਨ ਹੀ ਦੋਵਾਂ ਦੀ ਮੌਤ ਹੋ ਗਈ।
ਸਟਾਫ ਸਾਰਜੈਂਟ ਨੇ ਕਿਹਾ, “ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਅੱਜ ਇਸ ਹਿੰਸਕ ਘਟਨਾ ਦੇ ਨਤੀਜੇ ਵਜੋਂ ਇੱਕ ਬੱਚੇ ਦੀ ਜਾਨ ਚਲੀ ਗਈ। ਬੱਚਾ ਆਪਣੇ ਪਿਤਾ ਨਾਲ ਕਾਰ ਵਿਚ ਬੈਠਾ ਸੀ। ਪੁਲਿਸ ਮੁਤਾਬਿਕ ਇਹ ਮਿਥਕੇ ਕੀਤੀ ਗੋਲੀਬਾਰੀ ਸੀ ਜਿਸ ਵਿਚ ਪਿਤਾ-ਪੁੱਤਰ ਮਾਰੇ ਗਏ। ਪੁਲਿਸ ਮੁਤਾਬਿਕ ਘਟਨਾ ਦਾ ਸਬੰਧ ਗੈਂਗਵਾਰ ਨਾਲ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਉਪਲ ਦੱਸੀ ਗਈ ਹੈ ਜਿਸ ਉਪਰ ਨਾਜਾਇਜ ਹਥਿਆਰ ਰੱਖਣ ਅਤੇ ਡਰੱਗ ਦਾ ਕੇਸ ਚੱਲ ਰਿਹਾ ਸੀ। ਪੁਲਿਸ ਮੁਤਾਬਿਕ ਹਰਪ੍ਰੀਤ ਉਪਰ ਦੋ ਸਾਲ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ ਜਿਸ ਦੌਰਾਨ ਉਹ ਜਖਮੀ ਹੋ ਗਿਆ ਸੀ।
ਪੁਲਿਸ ਨੇ 2012 ਵਿਚ ਹਰਪ੍ਰੀਤ ਉਪਲ ਦੇ ਘਰ ਛਾਪਾਮਾਰੀ ਦੌਰਾਨ ਇਕ ਲੋਡਿਡ ਗੰਨ, 12,000 ਡਾਲਰ ਨਗਦ ਅਤੇ ਡਰੱਗ ਦੇ ਪੈਕਟ ਬਰਾਮਦ ਕੀਤੇ ਸਨ। ਇਸ ਕੇਸ ਸਬੰਧੀ ਉਸਦੀ ਅਗਲੇ ਦਿਨਾਂ ਵਿਚ ਕੋਰਟ ਵਿਚ ਪੇਸ਼ੀ ਸੀ।

ਪੁਲਿਸ ਨੂੰ ਇਸ ਘਟਨਾ ਉਪਰੰਤ 34 ਸਟਰੀਟ ਅਤੇ 510 ਟਾਊਨਸ਼ਿਪਰ ਰੋਡ ਤੋਂ ਇਕ ਸੜੀ ਹੋਈ ਗੱਡੀ ਮਿਲੀ ਹੈ ਜਿਸ ਬਾਰੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾਵਰਾਂ ਵਲੋਂ ਵਰਤੀ ਹੋ ਸਕਦੀ ਹੈ।