Headlines

ਮਿੰਨੀ ਕਹਾਣੀ / ਸੁਪਨੇ ਸੱਚ ਵੀ ਹੁੰਦੇ ਨੇ 

ਦੀਪਾ ਦਿਵਾਲੀ ਤੋਂ ਤਿੰਨ ਮਹੀਨੇ ਪਹਿਲਾਂ ਈ ਦੀਵੇ ਬਣੌਨ ਲੱਗ ਗਿਆ, ਦੀਪੇ ਦਾ ਪਿਓ ਬਚਪਨ ਵਿੱਚ ਹੀ ਮਰ ਗਿਆ ਹੋਣ ਕਾਰਨ ਦੀਪਾ ਹੀ ਆਪਣੇ ਭੈਣ ਭਰਾਵਾਂ ਦਾ ਵੱਡਾ ਭਰਾ ਤੇ ਪਿਓ ਬਣਕੇ ਸਾਰੇ ਫਰਜ਼ ਨਿਭਾ ਰਿਹਾ ਸੀ, ਰਾਤ ਦਿਨ ਮਿੱਟੀ ਕੁੱਟ ਕੁੱਟ ਕੇ ਬਰੀਕ ਕਰਦਾ ਫਿਰ ਚੱਕੇ ਤੇ ਲੱਤਾਂ ਮਾਰਕੇ ਦੀਵੇ ਬਨਾਉਂਦਾ ਰਹਿੰਦਾ ਛੋਟੀ ਭੈਣ ਮੀਨਾ ਕਹਿੰਦੇ ਵੀਰੇ ਇਸਵਾਰ ਦੀਵੇ ਵੇਚਕੇ ਮੈਨੂੰ ਚੱਪਲਾਂ ਤੇ ਨਵਾਂ ਸੂਟ ਲੈਕੇ ਦੇ ਦਵੀਂ, ਕਦੇ ਛੋਟਾ ਭਰਾ ਨੂਰਾ ਫਰਮਾਇਸ਼ ਕਰਦਾ ਵੀਰੇ ਮੈਨੂੰ ਕਾਲੀਆਂ ਐਨਕਾਂ ਤੇ ਚਿਟੇ ਬੂਟ ਲੈਕੇ ਦੇਣੇ ਤੂੰ, ਲਾਗੇ ਬੈਠੀ ਮਾਂ ਮਹਿਰਮ ਵੀ ਹੱਸਕੇ ਟਿੱਚਰਾਂ ਕਰਦੀ ਪੁੱਤਰ ਦੀਪੇ ਜੇ ਪੈਸੇ ਬਚਗੇ ਤਾਂ ਮੈਨੂੰ ਵੀ ਨਵਾਂ ਸੂਟ ਤੇ ਜੁੱਤੀ ਲਈ ਦਵੀਂ, ਜਦੋਂ ਦਾ ਤੇਰੇ ਪਿਓ ਮਰਿਆ ਕਦੇ ਨਵਾਂ ਸੂਟ ਨਹੀਂ ਖਰੀਦਿਆ, ਦੀਪਾ ਅੰਦਰੋ ਰੋਂਦਾ ਪਰ ਹੋਂਸਲਾ ਕਰਕੇ ਕਹਿ ਦਿੰਦਾ ਕੋਇਨਾ ਉਪਰਵਾਲਾ ਕੋਈ ਫਰਿਸ਼ਤਾ ਭੇਜੇਗਾ ਸਭ ਕੁੱਝ ਹੋ ਜਾਵੇਗਾ, ਦਿਵਾਲੀ ਨੂੰ ਦੋ ਦਿਨ ਰਹਿ ਗਏ ਪਰ ਕੋਈ ਦੀਵਾ ਨਾ ਵਿਕਿਆ ਰੇਟ ਵੀ ਘਟਾ ਦਿੱਤਾ ਸੀ ਦੀਪੇ ਨੇ ਪਰ ਫਿਰ ਵੀ ਇਕਾ ਦੁਕਾ ਗ੍ਰਾਹਕ ਆਉਂਦਾ ਦੀਪਾ ਅੰਦਰੋ ਅੰਦਰੀ ਰੋ ਰਿਹਾ ਸੀ ਕਿ ਰੱਬਾ ਕੀ ਕਰਾਂ ਮੈਂ ਰੱਜ ਕੇ ਮੇਹਨਤ ਕੀਤੀ ਪਰ ਖੈਰ ਨਹੀਂ ਪੈ ਰਹੀ ਦਿਵਾਲੀ ਵਾਲਾ ਦਿਨ ਆ ਗਿਆ ਦੀਪਾ ਫਿਰ ਹੋਂਸਲਾ ਕਰਕੇ ਦੀਵੇ ਵੇਚਣ ਲੱਗਾ ਇੱਕ ਦਮ ਇੱਕ ਵੱਡੀ ਕਾਰ ਆਕੇ ਰੁਕੀ ਕਾਰ ਸਵਾਰ ਨੇ ਦੀਪੇ ਨੂੰ ਕਿਹਾ ਤੇਰੇ ਕੋਲ ਜਿੰਨੇ ਦੀਵੇ ਨੇ ਸਾਰੇ ਮੈਨੂੰ ਵੇਚ ਦੇਹ ਮੈਂ ਬਹੁਤ ਵੱਡਾ ਪ੍ਰੋਗਰਾਮ ਕਰਨਾ ਹੈ ਜਿੰਨੇ ਮਰਜੀ ਪੈਸੇ ਲੈ ਲਾ ਦੀਪੇ ਨੇ ਪਰਮਾਤਮਾ ਵੱਲੋਂ ਭੇਜਿਆ ਫਰਿਸ਼ਤਾ ਸਮਝਕੇ ਪੈਸਾ ਘੱਟ ਲਗਾਕੇ ਸਾਰੇ ਦੀਵੇ ਦੇ ਦਿੱਤੇ ਪਰ ਉਸ ਕਾਰ ਸਵਾਰ ਨੇ ਦੀਪੇ ਨੂੰ ਪੰਜ ਗੁਣਾ ਪੈਸੇ ਦਿੱਤੇ ਤੇ ਚਲੇ ਗਿਆ ਦੀਪਾ ਏਨਾ ਖੁਸ਼ ਹੋਇਆ ਕਿ ਉਸਨੇ ਆਪਣੇ ਭੈਣ ਭਰਾ ਦੀਆਂ ਮਨ ਪਸੰਦ ਚੀਜ਼ਾਂ ਦੇ ਨਾਲ ਨਾਲ ਆਪਣੀ ਮਾਂ ਦੇ ਸੂਟ ਵੀ ਖਰੀਦ ਕੇ ਵੇਲੇ ਨਾਲ ਘਰ ਆ ਗਿਆ ਪਹਿਲਾਂ ਤਾਂ ਮਾਂ ਡਰ ਗਈ ਕਿ ਮੇਰਾ ਪੁੱਤ ਘਰ ਜਲਦੀ ਕਿਉਂ ਆ ਗਿਆ ਪਰ ਜਦ ਦੀਪੇ ਨੇ ਸਾਰੀ ਗੱਲ ਦੱਸੀ ਤਾਂ ਸਾਰੇ ਰੱਬ ਦਾ ਸ਼ੁਕਰ ਕਰਨ ਲੱਗੇ ਤੇ ਹੱਥ ਜੋੜਕੇ ਧੰਨਵਾਦ ਕੀਤਾ ਰੱਬਾ ਤੇਰੀ ਮਿਹਰ ਹੋਵੇ ਤਾਂ ਸੁਪਨੇ ਸੱਚ ਵੀ ਹੁੰਦੇ ਨੇ।
ਲੇਖਕ-ਪਰਮਿੰਦਰ ਸਿੰਘ
ਚੋਹਲਾ ਸਾਹਿਬ
ਤਰਨ ਤਾਰਨ
9815561022