ਨਸਲੀ ਨਫਰਤ ਦੀਆਂ ਘਟਨਾਵਾਂ ਚਿੰਤਾਜਨਕ-
-ਸੁਖਵਿੰਦਰ ਸਿੰਘ ਚੋਹਲਾ-
ਇਜਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੁਨੀਆਂ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆਉਣ ਲੱਗੀ ਹੈ। ਕਿਤੇ ਜੰਗ ਦੇ ਵਿਰੋਧ ਤੇ ਕਿਤੇ ਹਮਾਸ ਖਿਲਾਫ ਰੋਸ ਪ੍ਰਦਰਸ਼ਨਾਂ ਦੌਰਾਨ ਨਸਲੀ ਨਫਰਤ ਵੀ ਆਪਣਾ ਰੰਗ ਵਿਖਾਉਣ ਲੱਗੀ ਹੈ। ਕੈਨੇਡਾ ਜਿਸਨੂੰ ਕਿ ਮਾਨਵੀ ਹੱਕਾਂ ਦੇ ਅਲੰਬਰਦਾਰ ਤੇ ਵਿਸ਼ਵ ਸ਼ਾਂਤੀ ਲਈ ਕੰਮ ਕਰਨ ਵਾਲਾ ਮੋਹਰੀ ਮੁਲਕ ਮੰਨਿਆ ਜਾਂਦਾ ਹੈ, ਦੀ ਆਪਣੀ ਧਰਤੀ ਉਪਰ ਨਸਲੀ ਨਫਰਤ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਪਿਛਲੇ ਦਿਨੀਂ ਜਿਥੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਇਜ਼ਰਾਈਲ ਹਮਲਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਉਥੇ ਯਹੂਦੀਆਂ ਖਿਲਾਫ ਨਸਲੀ ਨਫਰਤ ਪੈਦਾ ਕਰਨ ਵਾਲੀਆਂ ਘਟਨਾਵਾਂ ਦਾ ਵਾਪਰਨਾ ਬੇਹੱਦ ਦੁਖਦਾਈ ਹੈ। ਯਹੂਦੀਆਂ ਖਿਲਾਫ ਨਫਰਤ ਫੈਲਾਉਣ ਦੀ ਕੋਸ਼ਿਸ਼ ਤਹਿਤ ਮਾਂਟਰੀਅਲ ਦੇ ਦੋ ਸਕੂਲਾਂ ਉਪਰ ਗੋਲੀਬਾਰੀ ਕੀਤੀ ਗਈ ਹੈ। ਦੋ ਹੋਰ ਯਹੂਦੀ ਸੰਸਥਾਵਾਂ ਉਪਰ ਅਗਨੀ ਬੰਬ ਸੁੱਟੇ ਗਏ ਹਨ। ਇਹਨਾਂ ਘਟਨਾਵਾਂ ਦੀ ਸਖਤ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਮੁਲਕ ਵਿਚ ਅਜਿਹੇ ਨਸਲੀ ਵਿਵਹਾਰ ਨੂੰ ਸਹਿਣ ਨਹੀ ਕੀਤਾ ਜਾ ਸਕਦਾ। ਕੈਨੇਡਾ ਦੀ ਪਛਾਣ ਇਹ ਨਹੀ ਹੈ। ਮਾਂਟਰੀਅਲ ਦੇ ਮੇਅਰ ਨੇ ਇਹਨਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਸ਼ਰਾਰਤੀਆਂ ਦੀ ਪਛਾਣ ਕਰਨ ਅਤੇ ਪੁਲਿਸ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਇਸਤੋਂ ਪਹਿਲਾਂ ਵੈਨਕੂਵਰ ਵਿਚ ਇਜਰਾਈਲ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਲੰਗਾਰਾ ਕਾਲਜ ਦੀ ਇਕ ਪ੍ਰੋਫੈਸਰ ਵਲੋਂ ਜੰਗਬਾਜਾਂ ਖਿਲਾਫ ਕੀਤੇ ਗਏ ਭਾਸ਼ਨ ਨੂੰ ਨਫਰਤ ਫੈਲਾਉਣਾ ਕਰਾਰ ਦਿੰਦਿਆਂ ਕਾਲਜ ਮੈਨੇਜਮੈਂਟ ਵਲੋਂ ਉਸਦੀ ਛੁੱਟੀ ਕਰ ਦਿੱਤੀ ਗਈ । ਟੋਰਾਂਟੋ ਦੀ ਇਕ ਯੂਨੀਵਰਸਿਟੀ ਵਿਚ ਇਜਰਾਈਲ ਤੇ ਹਮਾਸ ਦੇ ਹਮਾਇਤੀ ਵਿਦਿਆਰਥੀਆਂ ਵਿਚਾਲੇ ਝੜਪਾਂ ਹੋਣ ਦੀ ਖਬਰ ਹੈ। ਸਮਝਿਆ ਜਾ ਸਕਦਾ ਹੈ ਕਿ ਨਸਲੀ ਨਫਰਤ ਦਾ ਸੇਕ ਵਿਦਿਅਕ ਅਦਾਰਿਆਂ ਤੱਕ ਵੀ ਪੁੱਜ ਚੁੱਕਾ ਹੈ।
ਕੈਨੇਡਾ ਸਰਕਾਰ ਵਲੋਂ ਅਮਰੀਕਾ ਦੇ ਭਾਈਵਾਲ ਵਜੋਂ ਗਾਜ਼ਾ ਪੱਟੀ ਵਿਚ ਹਮਾਸ ਦੀ ਅੱਤਵਾਦੀ ਕਾਰਵਾਈ ਉਪਰੰਤ ਇਜ਼ਰਾਈਲ ਦੀ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਕੈਨੇਡਾ ਸਰਕਾਰ ਵਲੋਂ ਖੁੱਲੇ ਰੂਪ ਵਿਚ ਇਜਰਾਈਲੀ ਕਾਰਵਾਈ ਦੀ ਹਮਾਇਤ ਕੀਤੇ ਜਾਣ ਕਾਰਣ ਉਸਦੇ ਮਾਨਵੀ ਹੱਕਾਂ ਦਾ ਅਲੰਬਰਦਾਰ ਹੋਣ ਦੀ ਪਛਾਣ ਨੂੰ ਸੱਟ ਵੱਜੀ ਹੈ।
ਬਿਨਾਂ ਸ਼ੱਕ 7 ਅਕਤੂਬਰ ਨੂੰ ਹਮਾਸ ਦੇ ਭਿਆਨਕ ਹਮਲਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇੱਕ ਸੰਗੀਤ ਸਮਾਰੋਹ ਵਿੱਚ ਸੈਂਕੜੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ। ਬੱਚਿਆਂ ਸਮੇਤ ਸਰਹੱਦੀ ਬਸਤੀਆਂ ਦੇ ਬਹੁਤ ਸਾਰੇ ਵਸਨੀਕਾਂ ਨੂੰ ਵੀ ਬੇਰਹਿਮੀ ਦਾ ਸ਼ਿਕਾਰ ਬਣਾਇਆ ਗਿਆ। ਹਮਾਸ ਦੇ ਇਹਨਾਂ ਹਮਲਿਆਂ ਵਿਚ ਲਗਭਗ 1,400 ਲੋਕ ਮਾਰੇ ਗਏ ਸਨ ਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਇਜਰਾਈਲ ਵਲੋਂ ਹਮਾਸ ਦੇ ਇਹਨਾਂ ਹਮਲਿਆਂ ਖਿਲਾਫ ਕਾਰਵਾਈ ਦੇ ਨਾਮ ਹੇਠ ਅਤੇ ਬੰਧਕਾਂ ਨੂੰ ਛੁਡਵਾਉਣ ਦੀਆਂ ਕੋਸ਼ਿਸ਼ਾਂ ਵਜੋਂ ਹੁਣ ਤੱਕ ਜੋ ਕੀਤਾ ਜਾ ਰਿਹਾ ਹੈ, ਉਹ ਵੀ ਜੰਗੀ ਅਪਰਾਧ ਹੈ। ਇਜਰਾਈਲ ਦੀਆਂ ਫੌਜਾਂ ਵਲੋਂ ਲਗਾਤਾਰ ਗਾਜਾ ਪੱਟੀ ਉਪਰ ਹਮਲੇ ਜਿਹਨਾਂ ਵਿਚ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਨੂੰ ਕਿਸੇ ਵੀ ਤਰਾਂ ਜਾਇਜ਼ ਨਹੀ ਠਹਿਰਾਇਆ ਜਾ ਸਕਦਾ। ਇਜ਼ਰਾਈਲੀ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਨਿੱਤ ਬਿਆਨ ਦਾਗ ਰਹੇ ਹਨ ਕਿ ਹਮਾਸ ਦੇ ਸਫਾਏ ਤੋਂ ਬਿਨਾਂ ਹਮਲੇ ਬੰਦ ਨਹੀ ਹੋਣਗੇ। ਹਸਪਤਾਲਾਂ ਉਪਰ ਹਮਲਿਆਂ ਨੂੰ ਇਹ ਕਹਿਕੇ ਜਾਇਜ਼ ਨਹੀ ਠਹਿਰਾਇਆ ਜਾ ਸਕਦਾ ਕਿ ਹਮਾਸ ਦੇ ਅੱਤਵਾਦੀਆਂ ਵਲੋਂ ਇਹਨਾਂ ਹਸਪਤਾਲਾਂ ਨੂੰ ਆਪਣੇ ਗੁਪਤ ਠਿਕਾਣਿਆਂ ਵਜੋਂ ਵਰਤਿਆ ਜਾ ਰਿਹਾ ਹੈ। ਦਾਅਵਾ ਹੈ ਕਿ ਹਮਾਸ ਦੇ ਅਤਵਾਦੀਆਂ ਨੇ ਹਸਪਤਾਲਾਂ ਦੀਆਂ ਬੇਸਮੈਂਟਾਂ ਅਤੇ ਹੋਰ ਥਾਵਾਂ ਤੇ ਸੁਰੰਗਾਂ ਬਣਾਕੇ,ਇਹਨਾਂ ਨੂੰ ਇਕ ਯੁਧਨੀਤੀ ਤਹਿਤ ਵਰਤਿਆ ਜਾ ਰਿਹਾ ਹੈ। ਇਜ਼ਰਾਈਲ ਵਲੋਂ ਇਸ ਸਬੰਧੀ ਵੀਡੀਓ ਜਾਰੀ ਕਰਦਿਆਂ ਇਹਨਾਂ ਸੁਰੰਗਾਂ ਵਿਚ ਚੱਲ ਰਹੀ ਕਾਰਵਾਈ ਵੀ ਵਿਖਾਈ ਜਾ ਰਹੀ ਹੈ ਪਰ ਦੂਸਰੇ ਪਾਸੇ ਹਸਪਤਾਲਾਂ ਉਪਰ ਹਮਲਿਆਂ ਨਾਲ ਜੋ ਕੋਹਰਾਮ ਮੱਚਿਆ ਪਿਆ ਹੈ, ਇਨਸਾਨੀ ਮਨ ਉਹਨਾਂ ਨੂੰ ਵੇਖਕੇ ਵਿਆਕੁਲ ਹੋ ਜਾਂਦਾ ਹੈ। ਹਮਾਸ ਨੇ ਯਹੂਦੀ ਸਮਾਗਮ ਉਪਰ ਹਮਲਾ ਕਰਕੇ ਲਗਪਗ 1400 ਲੋਕ ਮਾਰ ਮੁਕਾਏ ਸਨ ਪਰ ਹੁਣ ਇਜ਼ਰਾਈਲੀ ਕਾਰਵਾਈ ਵਿਚ 10,000 ਤੋਂ ਉਪਰ ਲੋਕ ਮਾਰੇ ਜਾ ਚੁੱਕੇ ਹਨ। ਇਹਨਾਂ ਵਿਚ ਅੱਧੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਹੈ। ਜ਼ਖਮੀਂ ਮਾਵਾਂ ਦੀਆਂ ਛਾਤੀਆਂ ਉਪਰ ਪਏ ਤੇ ਜ਼ਖਮਾਂ ਨਾਲ ਕਰਾਹ ਰਹੇ ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓ ਵੇਖਦਿਆਂ ਦਿਲ ਦਹਿਲ ਜਾਂਦਾ ਹੈ ਪਰ ਜੰਗਬਾਜ਼ ਹਨ ਕਿ ਉਹ ਹਮਾਸ ਦੇ ਸਫਾਏ ਤੱਕ ਇਹ ਸਭ ਜਾਰੀ ਰੱਖਣ ਦੇ ਬਿਆਨ ਦਾਗ ਰਹੇ ਹਨ। ਹਮਾਸ ਅਤਵਾਦੀਆਂ ਨੂੰ ਗੋਲੀ ਬਦਲੇ ਗੋਲੀ ਦਾ ਜਵਾਬ ਦਿੰਦਿਆਂ ਨਿਰਦੋਸ਼ ਲੋਕਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਕਿਸੇ ਵੀ ਜੰਗ ਦੀ ਨੀਤੀ ਦਾ ਹਿੱਸਾ ਨਹੀ ਹੁੰਦਾ। ਕਿਸੇ ਵੀ ਜੰਗ ਵਿਚ ਔਰਤਾਂ ਤੇ ਬੱਚਿਆਂ ਦੇ ਬਚਾਅ ਨੂੰ ਸਭ ਤੋਂ ਅਹਿਮ ਤੇ ਪਹਿਲਾ ਕੰਮ ਮੰਨਿਆ ਜਾਂਦਾ ਹੈ ਪਰ ਇਜ਼ਰਾਈਲ-ਹਮਾਸ ਜੰਗ ਦੌਰਾਨ ਜੋ ਵਾਪਰ ਰਿਹਾ ਹੈ, ਉਸ ਨੇ ਇਜ਼ਰਾਈਲ ਖਿਲਾਫ ਰੋਸ ਤੇ ਨਫਰਤ ਪੈਦਾ ਕਰ ਦਿੱਤੀ ਹੈ। ਪਰ ਇਸ ਨਫਰਤ ਦਾ ਸ਼ਿਕਾਰ ਜੇਕਰ ਕੋਈ ਨਿਰਦੋਸ਼ ਯਹੂਦੀ ਜਾਂ ਕੋਈ ਯਹੂਦੀ ਸੰਸਥਾ ਬਣਦੀ ਹੈ ਤਾਂ ਇਹ ਪੂਰੀ ਮਾਨੁਖਤਾ ਲਈ ਸ਼ਰਮਸ਼ਾਰੀ ਵਾਲੀ ਗੱਲ ਹੈ। ਹਮਾਸ ਦੇ ਹਮਾਇਤੀ ਮੁਲਕ ਅਤੇ ਲੋਕ ਉਹਨਾਂ ਦੀ ਜੰਗ ਨੂੰ ਜੇ ਜਾਇਜ਼ ਠਹਿਰਾਉਂਦੇ ਹਨ ਤਾਂ ਹਮਾਸ ਵਲੋਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣ ਦੀ ਵੀ ਨਿੰਦਾ ਕਰਨੀ ਬਣਦੀ ਹੈ। ਇਹ ਕਿਸੇ ਵੀ ਤਰਾਂ ਉਚਿਤ ਨਹੀ ਕਿ ਉਹ ਆਪਣੀ ਜੰਗ ਵਿਚ ਔਰਤਾਂ ਤੇ ਬੱਚਿਆਂ ਨੂੰ ਢਾਲ ਵਜੋ ਵਰਤਦੇ ਹੋਏ ਹਸਪਤਾਲਾਂ ਨੂੰ ਮੋਰਚਿਆਂ ਵਾਂਗ ਇਸਤੇਮਾਲ ਕਰਨ। ਦੁਨੀਆ ਦੇ ਇਤਿਹਾਸ ਪਹਿਲਾਂ ਵੀ ਇਹ ਬਹੁਤ ਵਾਰ ਵਾਪਰ ਚੁੱਕਾ ਹੈ ਕਿ ਜਦੋਂ ਅਤਵਾਦੀ ਤਾਕਤਾਂ ਆਪਣੇ ਹੱਕਾਂ ਦੀ ਲੜਾਈ ਨੂੰ ਸਵਾਬ ਦਾ ਕੰਮ ਐਲਾਨਦਿਆਂ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕਰਦੀਆਂ ਰਹੀਆਂ ਹਨ। ਪਰ ਇਸਦਾ ਇਹ ਅਰਥ ਨਹੀ ਕਿ ਅਤਿਵਾਦੀਆਂ ਖਿਲਾਫ ਕਾਰਵਾਈ ਦੇ ਨਾਮ ਹੇਠ ਸਰਕਾਰੀ ਫੌਜਾਂ ਟੈਂਕਾਂ ਤੋਪਾਂ ਸਮੇਤ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਜਾ ਬੇਹੁਰਮਤੀ ਕਰਨ। ਸਰਕਾਰਾਂ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਵਿਚ ਅਤਵਾਦੀ ਕਾਰਵਾਈ ਨਾਲੋਂ ਫਰਕ ਹੋਣਾ ਲਾਜ਼ਮੀ ਹੈ। ਜੇ ਕੋਈ ਸਰਕਾਰ ਵੀ ਅੱਤਵਾਦ ਖਿਲਾਫ ਲੜਾਈ ਲੜਦਿਆਂ ਅਤਵਾਦੀਆਂ ਵਰਗੀ ਹੀ ਯੁਧਨੀਤੀ ਅਪਨਾਉਣ ਲੱਗੇ ਤਾਂ ਲੋਕਾਂ ਤੇ ਜਮਹੂਰੀ ਢੰਗ ਨਾਲ ਚੁਣੀਆਂ ਸੰਸਥਾਵਾਂ ਦਾ ਕੀ ਅਰਥ।
ਇਜਰਾਈਲ- ਹਮਾਸ ਜੰਗ ਨੂੰ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਤਬਾਹੀ ਤੇ ਕੋਹਰਾਮ ਦਾ ਮੰਜ਼ਰ ਵਿਚਲਤ ਕਰ ਰਿਹਾ ਹੈ। ਇਸ ਜੰਗ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦੇ ਨਾਲ ਜੰਗਬੰਦੀ ਦੀ ਆਵਾਜ਼ ਵੀ ਬੁਲੰਦ ਹੋਣ ਲੱਗੀ ਹੈ। ਪਿਛਲੇ ਦਿਨੀ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਫਲਸਤੀਨੀ ਸਮੱਸਿਆ ਦੇ ਹੱਲ ਲਈ ਦੋ ਮੁਲਕਾਂ ਨੂੰ ਸਵੀਕ੍ਰਿਤੀ ਦਿੱਤੇ ਜਾਣ ਦੀ ਗੱਲ ਕਰਦਿਆਂ, ਇਸ ਜੰਗ ਕਾਰਣ ਫੈਲ ਰਹੀ ਨਸਲੀ ਨਫਰਤ ਉਪਰ ਚਿੰਤਾ ਪ੍ਰਗਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਲਈ ਇਹ ਮੌਕਾ ਹੈ ਕਿ ਉਹ ਕੈਨੇਡਾ ਦੀ ਮਾਨਵੀ ਹੱਕਾਂ ਦੇ ਅਲੰਬਰਦਾਰ ਵਜੋਂ ਪਹਿਚਾਣ ਦੀ ਸਥਾਪਤੀ ਨੂੰ ਪਕੇਰਾ ਕਰਦਿਆਂ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ।
ਕੈਨੇਡਾ ਦੇ ਪ੍ਰਸਿਧ ਅਖਬਾਰ ”ਗਲੋਬ ਐਂਡ ਮੇਲ” ਨੇ ਆਪਣੀ ਇਕ ਸੰਪਾਦਕੀ ਵਿਚ ਸਪੱਸ਼ਟ ਲਿਖਿਆ ਹੈ ਕਿ ਫਲਸਤੀਨੀ ਨਾਗਰਿਕ ਇਜ਼ਰਾਈਲੀ ਫੌਜਾਂ ਦੀ ਲਗਾਤਾਰ ਕਾਰਵਾਈ ਕਾਰਣ ਬੇਮਿਸਾਲ ਦੁੱਖ ਝੱਲ ਰਹੇ ਹਨ। ਤਬਾਹੀ ਦੇ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ ਤੇ ਇਸਦਾ ਅੰਤ ਨਜ਼ਰ ਨਹੀਂ ਆ ਰਿਹਾ ਹੈ, ਅੱਜ ਕੈਨੇਡਾ ਕੋਲ ਬੇਕਸੂਰਾਂ ਦੀ ਰੱਖਿਆ ਕਰਨ ਦਾ ਇਕ ਮੌਕਾ ਹੈ ਤੇ ਉਸਦਾ ਇਹ ਫਰਜ਼ ਵੀ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ਇਜਰਾਈਲੀ ਕਾਰਵਾਈ ਨੂੰ ਯੁੱਧ ਅਪਰਾਧ ਦੇ ਘਿਨਾਉਣੇ ਸਬੂਤ ਵਜੋਂ ਚਿਤ੍ਰਿਤ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਜੰਗ ਦੀ ਸਥਿਤੀ ਉਪਰ ਚਿੰਤਾ ਪ੍ਰਗਟ ਕਰਦਿਆਂ ਸ਼ਰਨਾਰਥੀ ਕੈਂਪਾਂ ਅਤੇ ਐਂਬੂਲੈਂਸਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿੰਦਾ ਕੀਤੀ ਹੈ। ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਵਿਚਾਰ ਵਿੱਚ, “ਇਸਰਾਈਲੀ ਅਧਿਕਾਰੀਆਂ ਦੁਆਰਾ ਗਾਜ਼ਾ ਸ਼ਹਿਰ ਦੀ ਆਬਾਦੀ ਨੂੰ ਤੁਰੰਤ ਆਪਣੇ ਘਰ ਛੱਡਣ ਲਈ ਜਾਰੀ ਕੀਤੇ ਗਏ ਨਿਰਦੇਸ਼, ਪੂਰੀ ਘੇਰਾਬੰਦੀ ਦੇ ਨਾਲ ਉਨ੍ਹਾਂ ਨੂੰ ਭੋਜਨ, ਪਾਣੀ ਅਤੇ ਬਿਜਲੀ ਬੰਦ ਕਰਨ ਦੇ ਹੁਕਮ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਹੈ। ਅਜਿਹੀ ਸਥਿਤੀ ਵਿਚ ਕੈਨੇਡਾ ਵਲੋਂ ਉੱਚੀ ਆਵਾਜ਼ ਵਿੱਚ ਵਿਰੋਧ ਕਰਨਾ ਚਾਹੀਦਾ ਹੈ।ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਨੂੰ ਬਰਕਰਾਰ ਰੱਖਣਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਦ੍ਰਿੜਤਾ ਨਾਲ ਖੜੇ ਹੋਣਾ ਕੇਵਲ ਵਿਕਲਪ ਨਹੀਂ ਇੱਕ ਵੱਡੀ ਜ਼ਿੰਮੇਵਾਰੀ ਹੈ ਜੋ ਇੱਕ ਰਾਸ਼ਟਰ ਵਜੋਂ ਕੈਨੇਡਾ ਦੇ ਚਰਿੱਤਰ ਨੂੰ ਪਰਿਭਾਸ਼ਤ ਕਰਦੀ ਹੈ। ਇਸ ਨਾਜ਼ੁਕ ਸਮੇਂ ਵਿੱਚ, ਕੈਨੇਡਾ ਨੂੰ ਨਿਰਦੋਸ਼ ਫਲਸਤੀਨੀਆਂ ਦੇ ਦੁਖ ਵਿਚ ਭਾਈਵਾਲ ਬਣਨ ਅਤੇ ਉਹਨਾਂ ਦੇ ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਕੁਝ ਠੋਸ ਕਰਨ ਦੀ ਲੋੜ ਹੈ।