Headlines

ਅਮਰੀਕੀ ਸਿੱਖ ਜਗਤੇਸ਼ਵਰ ਸਿੰਘ ਬੈਂਸ ਨੇ ‘ਬਿੱਗ ਬ੍ਰਦਰ’ ਜਿੱਤ ਕੇ ਇਤਿਹਾਸ ਰਚਿਆ

ਜਗ ਬੈਂਸ ਨੂੰ 7,50,000 ਅਮਰੀਕੀ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ-

ਲਾਸ ਏਂਜਲਸ-ਵਾਸ਼ਿੰਗਟਨ ਦੇ ਕਾਰੋਬਾਰੀ ਅਤੇ ਟਰੱਕ ਕੰਪਨੀ ਦੇ ਮਾਲਕ ਜਗਤੇਸ਼ਵਰ ਸਿੰਘ ਬੈਂਸ ਨੇ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚਿਆ। ਬੈਂਸ (25) ਨੇ ਪੇਸ਼ੇਵਰ ਤੈਰਾਕ ਮੈਟ ਕਲਾਟਜ਼ ਅਤੇ ਡੀਜੇ ਬੋਵਈ ਜੇਨ ਨੂੰ ਹਰਾ ਕੇ 100 ਰੋਜ਼ਾ ਪ੍ਰੋਗਰਾਮ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਜਗ ਬੈਂਸ ਅਮਰੀਕਾ ਵਿੱਚ ‘ਬਿੱਗ ਬ੍ਰਦਰ’ ਹਾਊਸ ਵਿੱਚ ਪੁੱਜਣ ਵਾਲਾ ਪਹਿਲਾ ਸਿੱਖ-ਅਮਰੀਕੀ ਸੀ ਅਤੇ ਹੁਣ ਉਹ ਕੌਮਾਂਤਰੀ ਰਿਐਲਿਟੀ ਸੀਰੀਜ਼ ਦੇ 25ਵੇਂ ਸੀਜ਼ਨ ਵਿੱਚ ਅਮਰੀਕੀ ਸੰਸਕਰਣ ਵਿੱਚ ਜਿੱਤ ਹਾਸਲ ਕਰਨ ਵਾਲਾ ਪਹਿਲਾ ਸਿੱਖ-ਅਮਰੀਕੀ ਬਣ ਗਿਆ ਹੈ। ‘ਬਿੱਗ ਬ੍ਰਦਰ’ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਆਪਣੇ ਅਧਿਕਾਰਕ ਹੈਂਡਲ ’ਤੇ ਪ੍ਰੋਗਰਾਮ ਦੇ ਨਤੀਜਿਆਂ ਦਾ ਐਲਾਨ ਕੀਤਾ। ਜਗ ਬੈਂਸ ਨੂੰ 7,50,000 ਅਮਰੀਕੀ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ।  । ਇਸ ਤੋਂ ਪਹਿਲਾਂ 2021 ਵਿੱਚ ਜ਼ੇਵੀਅਰ ਪ੍ਰਾਥਰ ਪ੍ਰੋਗਰਾਮ ਵਿੱਚ ਜਿੱਤ ਹਾਸਲ ਕਰਨ ਵਾਲਾ ਪਹਿਲਾ ਸਿਆਹਫਾਮ ਵਿਅਕਤੀ ਸੀ, ਜਦਕਿ ਪਿਛਲੇ ਸਾਲ ਟੇਲਰ ਹੇਲ ਸ਼ੋਅ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਬਣੀ ਸੀ।