Headlines

ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦਾ ਨਾਵਲ ‘ਬਾਗੀ ਘਰਾਂ ਦੀ ਚੁੱਪ’ ਲੋਕ ਅਰਪਣ

ਪ੍ਰੈਸ ਕਲੱਬ ਚੋਹਲਾ ਸਾਹਿਬ ਅਤੇ ਉੱਘੀਆਂ ਸਖਸ਼ੀਅਤਾਂ ਨੇ ਭਰੀ ਹਾਜ਼ਰੀ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਨਵੰਬਰ –
ਉੱਘੀ ਲੇਖਿਕਾ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀ ਤੀਜੀ ਪੁਸਤਕ (ਨਾਵਲ) ‘ਬਾਗੀ ਘਰਾਂ ਦੀ ਚੁੱਪ’ ਨੂੰ ਪ੍ਰੈਸ ਕਲੱਬ ਚੋਹਲਾ ਸਾਹਿਬ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਵੱਲੋਂ ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਹਾਲ ਚੋਹਲਾ ਸਾਹਿਬ ਵਿਖੇ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਬੋਲਦਿਆਂ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਯਾਦਗਾਰ ਕਮੇਟੀ ਜਿਲਾ ਲੁਧਿਆਣਾ ਦੇ ਆਗੂ ਉੱਘੇ ਕਵੀ ਅਤੇ ਸਾਹਿਤਕਾਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਬੀਬੀ ਪਰਮਿੰਦਰ ਕੌਰ ਖਹਿਰਾ ਦਾ ਨਾਵਲ ‘ਬਾਗੀ ਘਰਾਂ ਦੀ ਚੁੱਪ’ ਅੱਜ ਦੇ ਸਭ ਤੋਂ ਮਹੱਤਵਪੂਰਨ ਮਸਲੇ ਘੱਟ ਗਿਣਤੀ ਕੌਮਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਕੀਤੀ ਜਾ ਰਹੀ ਜਦੋ-ਜਹਿਦ ਅਤੇ ਕੇਂਦਰੀ ਹਕੂਮਤ ਵੱਲੋਂ ਵੱਖ-ਵੱਖ ਕੌਮਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਜਬਰ ਅਤੇ ਫਾਸੀ ਹੱਲਿਆਂ ਨੂੰ ਬੇਪਰਦਾ ਕਰਦਾ ਹੋਇਆ,ਸੰਨ ਸੰਤਾਲੀ ਵਿੱਚ ਪੰਜਾਬ ਦੇ ਡੁੱਲੇ ਖੂਨ ਅਤੇ ਜਨੂੰਨੀ ਅੱਗ ਵਿੱਚ ਇਨਸਾਨੀਅਤ ਨੂੰ ਝੋਕਣ ਤੋਂ ਲੈਕੇ,ਸੰਨ ਚੌਰਾਸੀ ਵਿਖੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ, ਦਿੱਲੀ,ਕਾਨਪੁਰ ਅਤੇ ਹੋਰ ਸ਼ਹਿਰਾਂ ਵਿੱਚ ਹਕੂਮਤੀ ਸ਼ਹਿ ਪ੍ਰਾਪਤ ਜਨੂੰਨੀ ਗੁੰਡਿਆਂ ਵੱਲੋਂ ਸਿੱਖਾਂ ਨੂੰ ਚੁਣ-ਚੁਣ ਕੇ ਨਿਸ਼ਾਨਾਂ ਬਣਾਕੇ ਜਿਉਂਦੇ ਸਾੜਨ ਅਤੇ ਧੀਆਂ-ਭੈਣਾਂ ਦੀ ਇੱਜਤ ਰੋਲਣ,ਮੁਸਲਮਾਨ ਘੱਟ ਗਿਣਤੀ ਨਾਲ ਜੰਮੂ ਕਸ਼ਮੀਰ ਤੋਂ ਇਲਾਵਾ ਗੁਜਰਾਤ ਅਤੇ ਹੋਰ ਅਨੇਕਾਂ ਥਾਵਾਂ ‘ਤੇ ਕੀਤੇ ਗਏ ਵਹਿਸ਼ੀ ਜਬਰ ਅਤੇ ਇਸਾਈ ਭਾਈਚਾਰੇ ਨਾਲ ਮਨੀਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਵਹਿਸੀਕਾਰੇ ਨੂੰ ਰੂਪਮਾਨ ਕਰਕੇ ਇੱਕ ਇਤਿਹਾਸਕ ਦਸਤਾਵੇਜ਼ ਦਾ ਦਰਜਾ ਪ੍ਰਾਪਤ ਕਰ ਗਿਆ ਹੈ।ਨਾਵਲਕਾਰ ਪਰਮਿੰਦਰ ਕੌਰ ਖਹਿਰਾ ਨੇ ਕਿਹਾ ਕਿ ਮੇਰਾ ਪਹਿਲਾ ਨਾਵਲ ‘ਬਾਗੀ ਬਾਪੂ’ ਮੈਨੂੰ ਆਪਣੇ ਪਰਿਵਾਰ ਵੱਲੋਂ ਹੰਡਾਏ ਸੰਤਾਪ ਅਤੇ ਮੇਰੇ ਪਿਤਾ ਜੀ ਵੱਲੋਂ ਪੰਜਾਬ ਦੀ ਮੁਕਤੀ ਦੇ ਮਨੋਰਥ ਨਾਲ ਕੀਤੀ ਗਈ ਕੁਰਬਾਨੀ ਦੀ ਦਾਸਤਾਂ ਸੀ ਪਰ ਮੇਰਾ ਨਵਾਂ ਨਾਵਲ ‘ਬਾਗੀ ਘਰਾਂ ਦੀ ਚੁੱਪ’ ਮੇਰੇ ਨਿੱਜੀ ਪਰਿਵਾਰ ਦੇ ਦੁੱਖ ਦੇ ਨਾਲ-ਨਾਲ ਸਾਰੇ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ‘ਤੇ ਹੋਏ ਅਤੇ ਹੋ ਰਹੇ ਜਬਰ ਅਤੇ ਜੁਲਮ ਦੀ ਗਾਥਾ ਹੈ।ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਚੋਹਲਾ ਸਾਹਿਬ ਨੇ ਕਿਹਾ ਕਿ ਇਹ ਨਾਵਲ ਬੇਸ਼ੱਕ ਅਕਾਰ ਵਿੱਚ ਛੋਟਾ ਹੈ ਪਰ ਇਸਦਾ ਵਿਸ਼ਾ ਵਸਤੂ ਇੰਨਾ ਵਿਸ਼ਾਲ ਹੈ ਕਿ ਇਹ ਸਮੁੱਚੇ ਭਾਰਤ ਅੰਦਰ ਕੇਂਦਰੀ ਹਕੂਮਤ ਵੱਲੋਂ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਨੂੰ ਇੱਕ ਫਿਲਮ ਵਾਂਗ ਸਾਡੇ ਰੂਬਰੂ ਕਰ ਦਿੰਦਾ ਹੈ।ਤਰਕਸ਼ੀਲ ਆਗੂ ਸੁਖਵਿੰਦਰ ਸਿੰਘ ਖਾਰਾ ਨੇ ਇਸ ਨਾਵਲ ਦੀ ਭਾਸ਼ਾ ਦੀ ਸਾਦਗੀ,ਰੌਚਕਿਤਾ ਅਤੇ ਸ਼ਬਦਾਂ ਵਿੱਚ ਵੱਡੀ ਗੱਲ ਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਤੁਲਨਾ ਨਾਲ ਕੀਤੀ।ਪੱਤਰਕਾਰ ਅਤੇ ਲੇਖਕ ਪਰਮਿੰਦਰ ਸਿੰਘ ਚੋਹਲਾ ਨੇ ਕਿਹਾ ਕਿ ਬਹੁਤ ਚਿਰ ਤੋਂ ਪੰਜਾਬੀ ਪਾਠਕਾਂ ਵਿੱਚ ਯਥਾਰਵਾਦੀ ਇਤਿਹਾਸਕ ਨਾਵਲ ਦੀ ਘਾਟ ਮਹਿਸੂਸ ਹੋ ਰਹੀ ਸੀ,ਜਿਸ ਨੂੰ ਬੀਬੀ ਖਹਿਰਾ ਨੇ ਇਸ ਨਾਵਲ ‘ਤੇ ਪੂਰਾ ਕਰਕੇ ਪੰਜਾਬੀ ਮਾਂ ਬੋਲੀ ਦੀ ਵਿਰਾਸਤ ਨੂੰ ਹੋਰ ਅਜੀਤ ਕੀਤਾ ਹੈ। ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰੋਫੈਸਰ ਹਿੰਮਤ ਸਿੰਘ ਅਤੇ ਮਾਸਟਰ ਦਲਬੀਰ ਸਿੰਘ ਚੰਬਾ ਨੇ ਪ੍ਰਿੰਸੀਪਲ ਖਹਿਰਾ ਨੂੰ ਇਸ ਸ਼ਾਨਦਾਰ ਦਸਤਾਵੇਜ਼ ਦੀ ਰਚਨਾ ਕਰਨ ਲਈ ਵਧਾਈ ਦਿੱਤੀ।ਸਟੇਜ਼ ਦੀ ਭੂਮਿਕਾ ਸੀਨੀਅਰ ਪੱਤਰਕਾਰ ਅਤੇ ਉੱਘੇ ਚਿੰਤਕ ਬਲਬੀਰ ਸਿੰਘ ਪਰਵਾਨਾ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ,ਬਲਵਿੰਦਰ ਸਿੰਘ ਚੋਹਲਾ,ਰਮਨ ਕੁਮਾਰ ਚੱਡਾ,ਸੰਦੀਪ ਸਿੱਧੂ,ਜਗਤਾਰ ਸਿੰਘ ਤੁੰਗ ਤੋਂ ਇਲਾਵਾ ਨਾਵਲਕਾਰ ਖਹਿਰਾ ਦੇ ਮਾਤਾ ਜੀ ਹਰਜੀਤ ਕੌਰ,ਬੀਬੀ ਖਹਿਰਾ ਦੇ ਜੀਵਨ ਸਾਥੀ ਰਵੀਇੰਦਰ ਸਿੰਘ,ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ,ਅਮਰੀਕ ਸਿੰਘ ਚੋਹਲਾ ਖ਼ੁਰਦ, ਡੀਪੀਈ ਜਗਜੀਤ ਸਿੰਘ,ਬੀਬਾ ਪਰਮੀਤ ਕੌਰ,ਗਿਆਨੀ ਗਗਨਦੀਪ ਸਿੰਘ,ਐਡਵੋਕੇਟ ਗੁਰਪ੍ਰੀਤ ਸਿੰਘ,ਜਗਮੇਲ ਸਿੰਘ,ਰਾਜਬੀਰ ਸਿੰਘ,ਅਮਰੀਕ ਸਿੰਘ ਪੰਜਾਬੀ ਮਾਸਟਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।