Headlines

25 ਹਜ਼ਾਰ ਡਾਲਰ ਦਾ ਢਾਹਾਂ ਸਾਹਿਤ ਪੁਰਸਕਾਰ ਦੀਪਤੀ ਬਬੂਟਾ ਨੂੰ

10-10 ਹਜ਼ਾਰ ਡਾਲਰ ਦੇ ਪੁਰਸਕਾਰ ਜਮੀਲ ਅਹਿਮਦ ਪਾਲ ਤੇ ਬਲੀਜੀਤ ਨੂੰ-

ਸਰੀ ( ਦੇ ਪ੍ਰ ਬਿ)- ਅੱਜ ਸ਼ਾਮ ਇਥੇ ਨਾਰਥ ਵਿਊ ਗੋਲਫ ਕਲੱਬ ਵਿਖੇ ਢਾਹਾਂ ਸਾਹਿਤ ਪੁਰਸਕਾਰ ਵੰਡ ਸਮਾਰੋਹ ਦੌਰਾਨ 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਕਹਾਣੀਕਾਰਾ ਦੀਪਤੀ ਬਬੂਟਾ ਦੇ ਕਹਾਣੀ ਸੰਗ੍ਰਿਹ ”ਭੁੱਖ  ਇਊਂ ਸਾਹ ਲੈਂਦੀ ਹੈ” ਨੂੰ ਦਿੱਤਾ ਗਿਆ। ਇਥੇ ਕਰਵਾਏ ਗਏ ਸਮਾਗਮ ਵਿਚ ਸ਼ਾਮਿਲ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ, ਉਘੇ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿਚ ਇਹ ਇਨਾਮ ਢਾਹਾਂ ਸਾਹਿਤ ਕਮੇਟੀ ਦੀ ਜਿਊਰੀ ਵਲੋਂ ਕੀਤੀ ਗਈ ਚੋਣ ਮੁਤਾਬਿਕ ਤਿੰਨ ਸਾਹਿਤਕਾਰਾਂ ਨੂੰ ਵੰਡੇ ਗਏ। ਦੀਪਤੀ ਬਬੂਟਾ ਨੂੰ 25 ਹਜ਼ਾਰ ਡਾਲਰ ਦੇ ਇਨਾਮ ਤੋਂ ਇਲਾਵਾ 10-10 ਹਜ਼ਾਰ ਡਾਲਰ ਦੇ ਇਨਾਮ ਪਾਕਿਸਤਾਨੀ ਲੇਖਕ ਜਮੀਲ ਅਹਿਮਦ ਪਾਲ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ”ਮੈਂਡਲ ਦਾ ਕਨੂੰਨ” ਅਤੇ ਬਲੀਜੀਤ ਨੂੰ ਉਹਨਾਂ ਦੇ ਕਹਾਣੀ ਸੰਗ੍ਰਿਹ ”ਉਚੀਆਂ ਆਵਾਜ਼ਾਂ ” ਲਈ ਦਿੱਤੇ ਗਏ। ਇਸਤੋਂ ਪਹਿਲਾਂ ਉਘੀ ਕਵਿਤਰੀ ਤੇ ਕਲਾਕਾਰ ਕੀਰਤ ਕੌਰ ਨੇ ਮੁੱਖ ਬੁਲਾਰੀ ਵਜੋਂ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾਈ ਤੇ ਸੰਗੀਤਕ ਧੁਨਾਂ ਦੌਰਾਨ ਦੋ ਪੰਜਾਬੀ ਗੀਤ ਵੀ ਗਾ ਕੇ ਸੁਣਾਏ। ਮੰਚ ਸੰਚਾਲਨ ਦੀ ਜਿੰਮੇਵਾਰੀ ਆਰ ਸੀ ਐਮ ਪੀ ਦੇ ਪਹਿਲੇ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੇ ਅੰਗਰੇਜੀ ਤੇ ਪੰਜਾਬੀ ਭਾਸ਼ਾਵਾਂ ਵਿਚ ਬਾਖੂਬੀ ਨਿਭਾਈ। ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸਿੱਖਿਆ ਮੰਤਰੀ ਰਚਨਾ ਸਿੰਘ, ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉਲ਼ਾ ਖਾਨ , ਸਾਬਕਾ ਪ੍ਰੀਮੀਅਰ ਉਜਲ ਦੋਸਾਂਝ, ਡਾ ਰਘਬੀਰ ਸਿੰਘ ਸਿਰਜਣਾ, ਅਜਮੇਰ ਰੋਡੇ, ਡਾ ਸਾਧੂ ਬਿੰਨਿੰਗ, ਨਾਵਲਕਾਰ ਜਰਨੈਲ ਸਿੰਘ ਸੇਖਾ, ਅਵਤਾਰ ਸਿੰਘ ਬਿਲਿੰਗ, ਮੋਹਣ ਗਿੱਲ, ਹੈਰੀ ਕੂਨਰ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਡਾ ਰਾਮਿੰਦਰ ਕੰਗ ਇੰਦਰਜੀਤ ਹੁੰਦਲ, ਉਘੇ ਬਿਜਨੈਸਮੈਨ ਅਮਰੀਕ ਸੰਘਾ, ਸਾਬੀ ਖਹਿਰਾ, ਮਲਕੀਤ ਸਿੰਘ ਧਾਮੀ, ਜਰਨੈਲ ਸਿੰਘ ਭੰਡਾਲ, ਗੁਰਬਖਸ਼ ਸਿੰਘ ਸੰਘੇੜਾ, ਅਨੀਤਾ ਹੁਬਰਮੈਨ, ਜੈਗ ਖੋਸਾ, ਨਵਜੋਤ ਢਿੱਲੋਂ, ਦਿਲਬਰ ਕੰਗ ਤੇ ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਿਲ ਸਨ। ਢਾਹਾਂ ਸਾਹਿਤ ਪੁਰਸਕਾਰ ਕਮੇਟੀ ਦੇ ਚੇਅਰਮੈਨ ਬਰਜਿੰਦਰ ਸਿੰਘ ਬਾਰਜ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਤੇ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਾਮਿਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪੁਰਸਕਾਰ ਜੇਤੂ ਲੇਖਕਾਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਢਾਹਾਂ ਪੁਰਸਕਾਰ ਕਮੇਟੀ ਦਾ ਧੰਨਵਾਦ ਕੀਤਾ।