Headlines

‘ਸਰੀਨਾਮਾ’ ਵਿਚ ਛਪਣ ਲਈ ਸਾਹਿਤ ਸਭਾਵਾਂ ਸਬੰਧੀ ਵੇਰਵਾ ਭੇਜਣ ਦੀ ਅਪੀਲ

ਸਰੀ (ਦੇ.ਪ੍ਰ ਬਿ )-ਪੰਜਾਬੀਆਂ ਦੀ ਬਹੁਲਤਾ ਵਾਲ਼ੇ ਸ਼ਹਿਰ ਸਰੀ ਬਾਰੇ ਲਿਖੀ ਜਾ ਰਹੀ ਕਿਤਾਬ ‘ਸਰੀਨਾਮਾ’ ਵਿਚ ਸਰੀ ਦੇ ਪੰਜਾਬੀ ਸਾਹਿਤਕਾਰਾਂ ਤੇ ਸਾਹਿਤ ਸਭਾਵਾਂ ਨੂੰ ਨੁਮਾਇੰਦਗੀ ਦੇਣ ਦੇ ਉਦੇਸ਼ ਨਾਲ਼, ਸੋਸ਼ਲ ਮੀਡੀਆ ਰਾਹੀਂ, ਸਰੀ ਦੀਆਂ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨੂੰ, ਪਿਛਲੇ ਦਿਨੀਂ ਇਹ ਅਪੀਲ ਕੀਤੀ ਗਈ ਸੀ ਕਿ ਉਹ, ਆਪੋ-ਆਪਣੀ ਸਭਾ ਦੀ ਕਾਰਗੁਜ਼ਾਰੀ ਤੇ ਇਤਿਹਾਸ ਬਾਰੇ ਦੋ-ਢਾਈ ਸਫੇ ਦਾ ਵੇਰਵਾ ਲਿਖ ਕੇ/ ਟਾਈਪ ਕਰ ਕੇ ਬੳਬੳਬੳਣ੍ਗਮੳਲਿ.ਚੋਮ ਉੱਤੇ ਈਮੇਲ ਕਰ ਦੇਣ। ਇਹ ਅਪੀਲ ਕਰਨ ਤੋਂ ਦਸ ਦਿਨ ਮਗਰੋਂ ਵੀ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਵੱਲੋਂ ਕੋਈ ਹੁੰਗਾਰਾ ਨਾ ਆਉਣ ਦੀ ਵਜ੍ਹਾ ਨਾਲ਼, ‘ਸਰੀਨਾਮਾ’ ਦੇ ਪ੍ਰਕਾਸ਼ਕਾਂ ਨੇ ਇਹ ਅਪੀਲ ਦੁਹਰਾਉਣ ਦਾ ਫ਼ੈਸਲਾ ਕੀਤਾ ਹੈ।
ਜੇ ਇਹ ਅਪੀਲ ਪੜ੍ਹ ਕੇ ਵੀ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨੇ ਇਸ ਸਬੰਧ ਵਿਚ ਕੋਈ ਬਣਦੀ ਕਾਰਵਾਈ ਨਾ ਕੀਤੀ ਤਾਂ ਸਮਝਿਆ ਜਾਵੇਗਾ ਕਿ ਉਨ੍ਹਾਂ ਨੂੰ ਮਾਂ-ਬੋਲੀ ਪੰਜਾਬੀ ਦੀ ਸੇਵਾ, ਪੰਜਾਬੀ ਸਾਹਿਤ ਦੀ ਸੇਵਾ ਜਾਂ ਆਪਣੀਆਂ ਸਾਹਿਤ ਸਭਾਵਾਂ ਦੀ ਕਾਰਗੁਜ਼ਾਰੀ ਜੱਗ-ਜਹਾਨ ਤਕ ਫੈਲਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਇਹ ਲਿਖਤਾਂ, ਪਹਿਲੀ ਦਸੰਬਰ (2023) ਤਕ ਲਾਜ਼ਮੀ ਭੇਜ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਦਾ ਸੰਪਾਦਨ ਕਰ ਕੇ ਤੇ ਉਨ੍ਹਾਂ ਨੂੰ ‘ਸਰੀਨਾਮਾ’ ਵਿਚ ਸ਼ਾਮਲ ਕਰ ਕੇ ਇਹ ਕਿਤਾਬ ਪ੍ਰਕਾਸ਼ਨ ਲਈ ਭੇਜੀ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਕੌਫੀ ਟੇਬਲ ਬੁੱਕ ਦੀ ਸ਼ਕਲ ਵਿਚ ਛਪਣ ਵਾਲ਼ੀ ਇਸ ਸਚਿੱਤਰ ਕਿਤਾਬ ਦੇ ਸਵਾ ਦੋ ਸੌ ਪੰਨੇ ਲਿਖੇ (ਟਾਈਪ ਕੀਤੇ) ਜਾ ਚੁੱਕੇ ਹਨ।