Headlines

ਪ੍ਰੋ ਸੇਵਾ ਸਿੰਘ ਬਾਜਵਾ ਉਰਫ ਪ੍ਰੀਤ ਬਾਜਵਾ ਦੇ ਤਿੰਨ ਕਾਵਿ ਸੰਗ੍ਰਹਿ ਰੀਲੀਜ਼

ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਯਾਦ ਵਿਚ ਸਮਾਗਮ-

ਸਿਰਸਾ- ਸਿਰਸਾ ਦੇ ਪੰਚਾਇਤ ਭਵਨ ਵਿਖੇ ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਯਾਦ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਪ੍ਰੋ. ਸੇਵਾ ਸਿੰਘ ਬਾਜਵਾ ਉਰਫ਼ ਪ੍ਰੀਤ ਬਾਜਵਾ ਦੇ ਲਿਖੇ ਤਿੰਨ ਕਾਵਿ ਸੰਗ੍ਰਹਿ ਰਿਲੀਜ਼ ਕੀਤੇ ਗਏ। ਇਹ ਕਿਤਾਬਾਂ “ਦਿ ਵਾਇਰ” ਦੀ ਸੰਪਾਦਕ ਅਰਫ਼ਾ ਖ਼ਾਨਮ ਸ਼ੇਰਵਾਨੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਗੁਰਿੰਦਰ ਪਾਲ ਸਿੰਘ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਪ੍ਰੀਤ ਬਾਜਵਾ ਨੂੰ ਸੁਆਰਥੀ, ਹੰਕਾਰੀ, ਧੋਖੇਬਾਜ਼,  ਸੁਆਰਥੀ ਅਤੇ ਚਲਾਕ ਦੋਸਤਾਂ ਤੋਂ ਮਿਲੇ ਜ਼ਖਮਾਂ ਦੇ ਫੱਟਾਂ ਨੂੰ ਕਾਗਜ਼ ਦੀ ਕੈਨਵਸ ਤੇ ਤਿੰਨ ਵੱਖ-ਵੱਖ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਦੇ ਰੂਪ ਵਿੱਚ ਪਰਗਟ ਕਰਨ ਵਿੱਚ 16 ਸਾਲ ਲੱਗ ਗਏ। ਦਿਲਚਸਪ ਤੱਥ ਇਹ ਹੈ ਕਿ ਬਾਜਵਾ ਦੇ ਤਿੰਨੋਂ ਕਾਵਿ ਸੰਗ੍ਰਹਿ ਉਸਦੇ ਉਨ੍ਹਾਂ ਤਿੰਨ ਦੋਸਤਾਂ, ਪਰਮਿੰਦਰ ਸੰਘਾ, ਸੁਖਵੰਤ ਅਤੇ ਲੱਕੀ ਮੋਂਗਾ ਨੂੰ ਸਮਰਪਿਤ ਹਨ ।

ਪ੍ਰੋ. ਬਾਜਵਾ ਦੇ ਪਹਿਲੇ ਕਾਵਿ ਸੰਗ੍ਰਹਿ ‘ਸੁਲਘਦੇ ਅਹਿਸਾਸ’ ਦੀ ਪ੍ਰਸਤਾਵਨਾ ਸਮਕਾਲੀ ਪੰਜਾਬੀ ਸਾਹਿਤ ਦੇ ਕੱਦਾਵਰ ਵਾਰਤਕਕਾਰ ਡਾ. ਨਰਿੰਦਰ ਸਿੰਘ ਕਪੂਰ ਨੇ ਲਿਖੀ ਹੈ ਜਦੋਂ ਕਿ ਇਸ ਦਾ ਮੁੱਖ-ਬੰਦ ਪ੍ਰਸਿੱਧ ਪੰਜਾਬੀ ਇਤਿਹਾਸਕਾਰ ਸ. ਸਵਰਨ ਸਿੰਘ ਵਿਰਕ ਨੇ ਲਿਖਿਆ ਹੈ।ਇਸ ਕਾਵਿ ਸੰਗ੍ਰਿਹ ਵਿਚਲੀਆਂ ਕੁਝ ਰਚਨਾਵਾਂ ਉਚੇਚਾ ਧਿਆਨ ਮੰਗਦਿਆਂ ਹਨ:

‘ਮਾਂ ਤਾਂ ਆਖਿਰ ਮਾਂ ਹੁੰਦੀ ਏ, ਮਾਂ ਬਿਨ ਕਦੇ ਨਾਂ ਛਾਂ ਹੁੰਦੀ ਏ।

ਮਾਂ ਦਾ ਦਰਜਾ ਰੱਬ ਤੋਂ ਉੱਚਾ, ਮਾਂ ਰੱਬ ਦਾ ਦੂਜਾ ਨਾਂ ਹੁੰਦੀ ਏ।‘

‘ਰਿਸ਼ਤੇ ਉਸਾਰਨ

ਰਿਸ਼ਤਿਆਂ ਵਿੱਚ ਅਪਣੱਤ ਦਾ ਮਾਦਾ ਭਰਨ ਵਿੱਚ

ਵਕ਼ਤ ਲੱਗਦਾ

ਪੀੜ੍ਹੀਆਂ ਲੱਗ ਜਾਂਦੀਆਂ ਨੇ

ਜਨਮ ਲੱਗ ਜਾਂਦੇ ਨੇ

ਪਰ ਘੁੱਗ ਵਸਦੇ ਰਿਸ਼ਤੇ ਤੋੜਣ ਲਈ

ਕੰਨਾਂ ਦਾ ਕੱਚਾ ਹੋਣਾ ਹੀ ਕਾਫੀ ਆ।‘

ਦੂਜੇ ਕਾਵਿ ਸੰਗ੍ਰਿਹ ‘ਅਧੂਰਾ ਆਦਮੀ‘ ਦੀ ਪ੍ਰਸਤਾਵਨਾ ਨਾਮਵਰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਲਿਖੀ ਹੈ ਜਦੋਂ ਕਿ ਇਸ ਦਾ ਮੁੱਖ-ਬੰਦ ਪਰਵਾਸੀ ਪੰਜਾਬੀ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਸਾਹਿਬ ਨੇ ਲਿਖਿਆ ਹੈ। ਇਸ ਵਿਚਲੀਆਂ ਨਜ਼ਮਾਂ ਦੇ ਕੁਝ  ਨਮੂਨੇ ਪੇਸ਼ ਹਨ:

‘ਕੋਈ ਮੇਰੇ ਜਿਹਾ ਜ਼ਿੰਦਗੀ ‘ਚ ਆਵੇ ਤਾਂ ਦੱਸੀਂ,

ਕੋਈ ਝੱਲਾ ਹੋ ਕੇ ਮੇਰੇ ਵਾਂਗੂੰ ਚਾਹਵੇ ਤਾਂ ਦੱਸੀਂ।

ਕੋਈ ਰੱਜ ਰੱਜ ਭਰੇ ਜੇ ਕਲਾਵੇ ਤਾਂ ਦੱਸੀਂ,

ਕੋਈ ਮੇਰੇ ਵਾਂਗੂੰ ਲਾਡ ਲਡਾਵੇ ਤਾਂ ਦੱਸੀਂ।‘

‘ਕਰਦੇ ਜ਼ੋਰ ਅਖਾੜੇ ਵਿੱਚ ਉਹ ਸੁਲਤਾਨ ਹੁੰਦੇ ਨੇ,

ਇਹਨਾ ਨੂੰ ਮੱਲ ਆਖਦੇ ਇਹ ਭਲਵਾਨ ਹੁੰਦੇ ਨੇ।

ਹਿੱਕਾਂ ਚੌੜੀਆਂ ਤਕੜੇ ਜੁੱਸੇ ਮੋਟੇ ਪੱਟ ਭਲਵਾਨਾਂ ਦੇ,

ਦਿਲਾਂ ਤੇ ਰਾਜ ਕਰਦੇ ਇਹ ਦਿਲੋਂ ਧਨਵਾਨ ਹੁੰਦੇ ਨੇ।‘

‘ਲੱਗ ਨਾ ਜਾਵਣ ਨੈਣ ਹਿਫ਼ਾਜ਼ਤ ਕਰਦੇ ਹਾਂ,

ਝੱਲੇ ਦਿਲ ਨਾਲ ਰੋਜ਼ ਬਗਾਵਤ ਕਰਦੇ ਹਾਂ।

ਜਰੂਰੀ ਨਹੀਂ ਦਿਲ ਸਾਡਾ ਵੀ ਉਸਨੂੰ ਭਾ ਜਾਵੇ,

ਦਿਨ ਰਾਤ ਅਸੀਂ ਜਿਸ ਦੀ ਇਬਾਦਤ ਕਰਦੇ ਹਾਂ।‘

ਪ੍ਰੋ. ਬਾਜਵਾ ਦੇ ਤੀਜੇ ਕਾਵਿ ਸੰਗ੍ਰਿਹ ‘ਕੱਲਮਕੱਲਾ’ ਦੀ ਪ੍ਰਸਤਾਵਨਾ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਲਿਖੀ ਹੈ ਜਦੋਂ ਕਿ ਇਸ ਦਾ ਮੁੱਖ-ਬੰਦ ਨਾਮਵਰ ਪੰਜਾਬੀ ਆਲੋਚਕ ਹਰਵਿੰਦਰ ਸਿੰਘ ਨੇ ਲਿਖਿਆ ਹੈ। ਇਸ ਵਿਚਲੀਆਂ ਕੁਝ ਰਚਨਾਵਾਂ ਦੇ ਨਮੂਨੇ ਪੇਸ਼ ਹਨ:

‘ਕੌਡੀਂਆਂ ਵੱਟੇ ਦਿਲ  ਵਟਾਏ ਨਹੀਂ ਜਾਂਦੇ,

ਨਿੱਤ ਨਵੇਂ ਹਮਰਾਜ਼ ਬਣਾਏ ਨਹੀਂ ਜਾਂਦੇ।

ਕੌਣ ਜਾਣਦਾ ਅੱਖੀਆਂ ਕਿਥੇ ਲੱਗ ਜਾਵਣ,

ਸੋਚ ਸਮਝ ਕੇ ਦਿਲ ਵਟਾਏ ਨਹੀਂ ਜਾਂਦੇ।‘

‘ਬੜਾ ਔਖਾ ਹੁੰਦਾ ਹੈ

ਕਾਲੀ ਬੋਲੀ ਰਾਤ ਵਿੱਚ

ਅਰਮਾਨਾਂ ਦੇ ਸ਼ਮਸ਼ਾਨ ਘਾਟ ਵਿੱਚ

ਲਟਾ ਲਟ ਬਲਦੀ

ਸੱਧਰਾਂ ਦੀ ਚਿਖਾ ਦੀਆਂ ਲਪਟਾਂ ਦੇ

ਭਾਂਬੜ ਨੂੰ ਲਟਾ ਲਟ ਬਲਦਿਆਂ ਵੇਖਣਾ’

‘ਟੁੱਟਦੀ ਟੁੱਟਦੀ ਟੁੱਟਦੀ ਯਾਰੀ ਟੁੱਟ ਗਈ,

ਲੱਗਦੀ ਸੀ ਜਾਨੋਂ ਪਿਆਰੀ ਟੁੱਟ ਗਈ,

ਯਾਰ ਮੇਰਾ ਪੌਂਡਾਂ ਡਾਲਰਾਂ ਨੇ ਖਾ ਲਿਆ,

ਪੈਸੇ ਪਿੱਛੇ ਬਚਪਨ ਦੀ ਆੜੀ ਟੁੱਟ ਗਈ।

ਕੁੱਲ ਮਿਲਾ ਕੇ ਉਸ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਵਿਛੋੜੇ, ਦੁੱਖ, ਹੰਝੂ, ਪਿਆਰ, ਮੁਹੱਬਤ, ਦੋਸਤੀ, ਵਫ਼ਾਦਾਰੀ, ਇਸ਼ਕ਼, ਟੁੱਟੇ ਦਿਲ ਅਤੇ ਮਿੱਤਰਾਂ ਦੇ  ਵਿਸ਼ਵਾਸਘਾਤ ਦੇ ਕਿੱਸੇ, ਰੱਬ, ਵਫ਼ਾਦਾਰ ਮਿੱਤਰ ਅਤੇ ਇੱਕ ਭਰਾ ਦੀ ਘਾਟ, ਮਾਂ-ਬਾਪ ਤੋਂ ਵਿਛੋੜੇ ਦਾ ਦੁੱਖ, ਪੱਤਰਕਾਰੀ ਦਾ ਡਿਗਦਾ ਮਿਆਰ, ਗੋਦੀ ਮੀਡੀਆ, ਸਮਾਜਿਕ ਮੁੱਦੇ, ਰਾਜਸੀ ਨਿਘਾਰ, ਕੁੜੀਆਂ ਦੇ ਹੱਕਾਂ ਦੀ ਅਪੀਲ, ਕਰੋਨਾ, ਧਾਰਮਿਕ ਅਡੰਬਰ ਅਤੇ ਪੰਜਾਬੀ ਸੱਭਿਆਚਾਰ ਦੇ ਮੁੱਦੇ ਲਿਖਤਾਂ ਦੇ ਮੁੱਦੇ ਬਣਦੇ ਹਨ।

ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰੀਤ ਬਾਜਵਾ ਨੇ ਕਿਹਾ, “ਇਹ ਕਿਤਾਬਾਂ ਲਿਖਣ ਦਾ ਕੰਮ ਪਿਛਲੇ 16 ਸਾਲਾਂ ਤੋਂ ਚੱਲ ਰਿਹਾ ਸੀ। ਇਹ ਪੁਸਤਕਾਂ ਦਿਲ ਦੇ ਨੇੜੇ ਰਹੇ ਸੁਆਰਥੀ ਅਤੇ ਮੌਕਾਪ੍ਰਸਤ ਦੋਸਤਾਂ ਤੋਂ ਮਿਲੇ ਜ਼ਖਮਾਂ ਦੀ ਕਹਾਣੀ ਬਿਆਨ ਕਰਦੀਆਂ ਹਨ। ਜਜ਼ਬਾਤਾਂ ਦਾ ਕਤਲ ਜੋ ਹਰ ਰੋਜ਼ ਵਾਪਰਦਾ ਰਿਹਾ ਵੀ ਇਹਨਾ ਰਚਨਾਵਾਂ ਡਾ ਵਿਸ਼ਾ ਬਣਿਆਂ ਹੈ। ਜੋ ਵੀ ਜੀਵਨ ਵਿੱਚ ਆਇਆ ਉਹ ਇੱਕ ਵੱਖਰੀ ਕਿਸਮ ਦਾ ਦਰਦ ਅਤੇ ਜ਼ਖਮ ਦੇ ਕੇ ਛੱਡ ਗਿਆ।” ਦੋਸਤ ਉਸ ਦੀ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹਨ ਜੋ ਬਾਜਵਾ ਦੀ ਜ਼ਿੰਦਗੀ ਵਿਚ ਆਉਂਦੇ ਹਨ ਅਤੇ ਇਕ ਵੱਖਰਾ ਜ਼ਖ਼ਮ ਲੈ ਕੇ ਚਲੇ ਜਾਂਦੇ ਹਨ। ਕੁੱਲ ਮਿਲਾ ਕੇ ਪ੍ਰੀਤ ਬਾਜਵਾ ਦਾ ਹੁਣ ਤੱਕ ਪੰਜ ਕਾਵਿ ਸੰਗ੍ਰਹਿ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਦੀ ਕਾਵਿ-ਕਲਾ ਵਿੱਚ ਭਾਵੇਂ ਕੋਈ ਕਚਿਆਈ ਹੋਵੇ, ਪਰ ਕਵਿਤਾਵਾਂ ਦੇ ਵਿਸ਼ੇ ਅਤੇ ਬਿੰਬ ਉਸ ਦੇ ਆਪਣੇ ਹਨ।

ਇਸ ਮੌਕੇ ਪ੍ਰੋਫੇਸਰ ਬਾਜਵਾ ਦੇ ਕਰੀਬੀ ਰਾਹੁਲ ਗਾਂਧੀ, ਮਨਪ੍ਰੀਤ ਸਿੰਘ, ਸ਼ਿਵਮ ਸੇਠੀ, ਭਗਵਾਨ ਦਾਸ ਸੇਠੀ, ਛਿੰਦਰ ਕੌਰ ਸਿਰਸਾ, ਪ੍ਰੋ. ਵਿਕਰਮ ਸਿੰਘ, ਪ੍ਰੋ. ਉਮੇਦ ਸਿੰਘ ਯਾਦਵ, ਡਾ. ਹਰਮੀਤ ਬਾਜਵਾ, ਸ. ਸਵਰਨ ਸਿੰਘ ਵਿਰਕ, ਡਾ. ਰੇਖਾ ਰਾਣੀ, ਡਾ. ਪ੍ਰਦੀਪ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਗੁਰਮੀਤ ਸਿੰਘ ਮਾਨ, ਸ੍ਰੀ ਪ੍ਰਭੂ ਦਿਆਲ, ਸ਼੍ਰੀ ਭੁਪਿੰਦਰ ਪੰਨੀਵਾਲੀਆ, ਸ੍ਰੀ ਰਾਮ ਚੰਦਰ ਮੌਰੀਆ, ਸ਼੍ਰੀ ਸੁਰਜੀਤ ਸਿੰਘ ਰੇਣੂ, ਅਮਨ ਕੰਬੋਜ ਅਤੇ ਬਾਜਵਾ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।