Headlines

24 ਨਵੰਬਰ ਬਰਸੀ ‘ਤੇ ਵਿਸ਼ੇਸ਼- ਮਹਾਨ ਦੇਸ਼ ਭਗਤ ਗ਼ਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ

ਗ਼ਦਰੀ ਬਾਬਾ ਸੁੱਚਾ ਸਿੰਘ ਦਾ ਜਨਮ 1880 ਈ: ਨੂੰ ਮਾਤਾ ਇੰਦਰ ਕੌਰ ਅਤੇ ਪਿਤਾ ਸ.ਗੁਰਦਿੱਤ ਸਿੰਘ ਦੇ ਘਰ ਚੋਹਲਾ ਸਾਹਿਬ (ਤਰਨਤਾਰਨ) ਵਿਖੇ ਹੋਇਆ। ਜਵਾਨੀ ਵੇਲੇ ਹੀ ਆਪਨੂੰ ਘੋੜ ਸਵਾਰੀ ਦਾ ਸ਼ੌਕ ਹੋਣ ਕਾਰਨ ਆਪ ਫੌਜ ਦੇ 23 ਨੰਬਰ ਰਸਾਲੇ ਵਿੱਚ ਘੋੜ ਸਵਾਰ ਸਿਪਾਹੀ ਦੇ ਤੌਰ ‘ਤੇ ਭਰਤੀ ਹੋ ਗਏ। ਪੰਦਰਾਂ ਸਾਲ ਦੀ ਨੌਕਰੀ ਤੋਂ ਬਾਅਦ ਪੈਨਸ਼ਨ ਲੈਕੇ ਘਰ ਆ ਗਏ ਪਰ ਜਰਮਨ ਅਤੇ ਅੰਗਰੇਜ਼ਾਂ ਦਰਮਿਆਨ ਲੜਾਈ ਲੱਗਣ ਕਾਰਨ ਆਪ ਨੂੰ ਦੁਬਾਰਾ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ।ਇਹ ਸਮਾਂ ਗ਼ਦਰ ਲਹਿਰ ਦੀ ਚੜ੍ਹਤ ਦਾ ਸੀ ਅਤੇ ਇਸ ਲਹਿਰ ਨੂੰ ਅੰਗਰੇਜ਼ਾਂ ਦੀ ਕਮਜ਼ੋਰੀ ਅਤੇ ਗ਼ਦਰ ਲਹਿਰ ਵਾਸਤੇ ਸੁਨਹਿਰੀ ਸਮਾਂ ਮੰਨਦੇ ਹੋਏ ਗ਼ਦਰ ਪਾਰਟੀ ਦੇ ਆਗੂਆਂ ਨੇ,ਸਭ ਗ਼ਦਰੀਆਂ ਨੂੰ ਆਪੋ-ਆਪਣੇ ਕੰਮ ਛੱਡਕੇ ਵਾਪਸ ਭਾਰਤ ਪਰਤਣ ਅਤੇ ਫੌਜੀ ਭਰਾਵਾਂ ਦੀ ਮੱਦਦ ਨਾਲ ਗ਼ਦਰ ਕਰਕੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦਾ ਇਤਿਹਾਸਕ ਫੈਸਲਾ ਲਿਆ।ਸੋ ਗ਼ਦਰੀ ਬਾਬਿਆਂ ਨੇ ਵਾਪਸ ਆਕੇ ਫ਼ੌਜੀ ਛਾਉਣੀਆਂ ਵਿੱਚ ਪਹੁੰਚ ਕਰਕੇ,ਫ਼ੌਜੀਆਂ ਨੂੰ ਦੇਸ਼ ਦੀ ਆਜ਼ਾਦੀ ਵਿੱਚ ਕੁੱਦਣ ਦੀ ਕੀਤੀ ਅਪੀਲ ਨੂੰ ਹੁੰਗਾਰਾ ਦੇਣ ਦੇ ਅਮਲ ਦੌਰਾਨ ਹੀ ਬਾਬਾ ਸੁੱਚਾ ਸਿੰਘ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਏ ਫਿਰ ਇੰਨੇ ਸਰਗਰਮ ਹੋ ਗਏ ਕਿ ਪਿੱਛੇ ਮੁੜਕੇ ਨਹੀਂ ਦੇਖਿਆ। ਇੰਨ੍ਹਾਂ ਦੀ ਸੂਝ,ਦਲੇਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਦੇਖਦੇ ਹੋਏ ਹੀ ਗ਼ਦਰੀ ਬਾਬਿਆਂ ਨੇ ਇਹਨਾਂ ਨੂੰ ਵੱਖ-ਵੱਖ ਸਥਾਨਾਂ ‘ਤੇ ਗੁਪਤ ਸੁਨੇਹੇ ਪਹੁੰਚਾਉਣ,ਤਾਲ-ਮੇਲ ਕਰਾਉਣ ਅਤੇ ਪਾਰਟੀ ਦਾ ਗੁਪਤ ਸਾਹਿਤ ਵੰਡਣ ਦਾ ਅਹਿਮ ਕਾਰਜ ਸੌਂਪਿਆ। ਇਸੇ ਅਮਲ ਦੌਰਾਨ ਹੀ,ਕਿਸੇ ਮੁਖਬਰ ਦੀ ਇਤਲਾਹ ਸਦਕਾ,ਇਹਨਾਂ ਨੂੰ ਝਾੜ ਸਾਹਿਬ ਵਿਖੇ ਇੱਕ ਮੀਟਿੰਗ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਮਿਲਟਰੀ ਅਦਾਲਤ ਵਲੋਂ ਕੋਰਟ ਮਾਰਸ਼ਲ ਕਰਕੇ 5 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਅਤੇ ਇਸ ਦੌਰਾਨ ਹੀ, ‘ਲਹੌਰ ਸਾਜ਼ਸ਼ ਕੇਸ ਸਪਲੀਮੈਂਟਰੀ-ਦੂਜਾ’ ਅਧੀਨ ਇਹਨਾਂ ਨੂੰ ਜਲਾਵਤਨੀ,ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਵੱਖ-ਵੱਖ ਜ਼ੇਲ੍ਹਾਂ ਵਿੱਚ ਨਜ਼ਰਬੰਦ ਕਰਨ ਤੋਂ ਪਿਛੋਂ ਇਹਨਾਂ ਨੂੰ ਹਜ਼ਾਰੀਬਾਗ (ਬਿਹਾਰ) ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।ਇਸ ਜੇਲ੍ਹ ਦੇ ਅਧਿਕਾਰੀਆਂ ਦੇ ਫਿਰਕੂ ਜਨੂੰਨੀ ਵਿਹਾਰ ਸਦਕਾ ਇਹਨਾਂ ਗ਼ਦਰੀ ਬਾਬਿਆਂ ਨੇ ਜੇਲ੍ਹ ਨੂੰ ਸੰਨ੍ਹ ਲਾਕੇ ਫਰਾਰ ਹੋਣ ਦਾ ਗੁਰਮਤਾ ਪਾਸ ਕੀਤਾ। ਬਾਬਾ ਸੁੱਚਾ ਸਿੰਘ ਅਤੇ ਬਾਬਾ ਨੱਥਾ ਸਿੰਘ ਧੁੰਨ ਨੇ ਇਸ ਕਾਰਜ਼ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਲਈ ਅਤੇ ਸੰਨ੍ਹ ਲਾਕੇ ਸੰਤਰੀ ਨੂੰ ਕਾਬੂ ਕਰਨ ਤੋਂ ਪਿਛੋਂ ਜੇਲ੍ਹ ਜਮਾਂਦਾਰ ਨੂੰ ਕਾਬੂ ਕਰਕੇ ਉਸ ਕੋਲੋਂ ਬੈਰਕ ਦੀਆਂ ਚਾਬੀਆਂ ਖੋਹ ਲਈਆਂ। ਸਾਰੇ ਕੈਦੀਆਂ ਨੂੰ ਅਜ਼ਾਦ ਕਰਾ ਕੇ,ਜੇਲ੍ਹ ਦੀ ਉੱਚੀ ਕੰਧ ਤੋਂ ਛਾਲਾਂ ਮਾਰਕੇ ਫਰਾਰ ਹੋ ਗਏ। ਬਹੁਤ ਸਾਰੇ ਕੈਦੀ ਤਾਂ ਛਾਲਾਂ ਮਾਰਨ ਦੌਰਾਨ ਗੰਭੀਰ ਫ਼ੱਟੜ ਹੋ ਗਏ ਅਤੇ ਕਾਬੂ ਆ ਗਏ ਪਰ ਬਾਬਾ ਜੀ ਬਹੁਤ ਦੁਸ਼ਵਾਰੀਆਂ ਭਰਿਆ ਸਫ਼ਰ ਤਹਿ ਕਰਕੇ 13 ਅਪ੍ਰੈਲ 1918 ਦੀ ਵਿਸਾਖੀ ਵਾਲੇ ਦਿਨ ਆਪਣੇ ਪਿੰਡ ਪਹੁੰਚਣ ਵਿੱਚ ਸਫ਼ਲ ਹੋ ਗਏ। ਬਾਬਾ ਜੀ ਇਸ ਦੌਰਾਨ ਮਾਲਵੇ ਦੇ ਇੱਕ ਪਿੰਡ ਦੇ ਬਾਹਰਵਾਰ ਛੰਨ ਪਾਕੇ ਇੱਕ ਸਾਧੂ ਦੇ ਰੂਪ ‘ਚ ਲਗਭਗ ਦੋ ਦਹਾਕੇ ਗੁਪਤਵਾਸ ਰਹੇ।ਇਸ ਦੌਰਾਨ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ਸਦਕਾ ਉਨ੍ਹਾਂ ਪੁਲਿਸ ਸਾਹਮਣੇ ਪੇਸ਼ ਹੋਣ ਦਾ ਮਨ ਬਣਾਇਆ ਪਰ ਸੰਬੰਧਤ ਪੁਲਿਸ ਅਫਸਰ ਦੀ ਬੇਈਮਾਨੀ ਅਤੇ ਲਾਲਚ ਸਦਕਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਦੁਬਾਰਾ ਹਜ਼ਾਰੀਬਾਗ ਜੇਲ੍ਹ ਵਿੱਚ ਭੇਜ ਦਿੱਤਾ ਗਿਆ। 1947 ਦੀ ਅਜ਼ਾਦੀ ਵੇਲੇ ਕੈਦੀਆਂ ਨੂੰ ਮਿਲੀ ਆਮ ਮੁਆਫੀ ਸਦਕਾ,ਉਹਨਾਂ ਨੂੰ ਰਿਹਾਅ ਕੀਤਾ ਗਿਆ। ਇਤਿਹਾਸ ਗਵਾਹ ਹੈ ਕਿ ਬਾਬਾ ਸੁੱਚਾ ਸਿੰਘ ਹੀ ਅਜਿਹੇ ਗ਼ਦਰੀ ਸੂਰਮੇ ਸਨ ਜਿਹਨਾਂ ਨੂੰ ਸਭ ਤੋਂ ਵੱਧ ਕੈਦ ਭੁਗਤਨੀ ਪਈ। ਉਹਨਾਂ ਨੇ ਆਪਣਾ ਆਖਰੀ ਸਮਾਂ ਪਿੰਡ ਚੋਹਲਾ ਸਾਹਿਬ ਵਿਖੇ ਹੀ ਭਜਨ-ਬੰਦਗੀ ਕਰਦਿਆਂ ਬਤੀਤ ਕੀਤਾ ਅਤੇ ਆਖਰ 24 ਨਵੰਬਰ 1953 ਨੂੰ ਭਾਰਤ ਮਾਤਾ ਦਾ ਇਹ ਅਣਖੀ ਸਪੁੱਤਰ ਸਾਨੂੰ ਸਭ ਨੂੰ ਭਾਵੇਂ ਸਰੀਰਕ ਤੌਰ ‘ਤੇ ਅਲਵਿਦਾ ਕਹਿ ਗਿਆ ਪਰ ਉਹਨਾਂ ਦੀ ਇਨਕਲਾਬੀ ਸੋਚ ਅਤੇ ਕੁਰਬਾਨੀ ਸਦਾ ਲਈ ਸਾਡੇ ਸਭ ਦੀ ਪ੍ਰੇਰਨਾ ਸਰੋਤ ਬਣੀ ਰਹੇਗੀ।ਅੱਜ 24 ਨਵੰਬਰ ਸ਼ੁੱਕਰਵਾਰ ਨੂੰ ਉਹਨਾਂ ਦੀ ਬਰਸੀ ਦੌਰਾਨ, ਉਹਨਾਂ ਦੀ ਯਾਦ ਵਿੱਚ ਉਸਾਰੇ,’ਬਾਬਾ ਸੁੱਚਾ ਸਿੰਘ ਯਾਦਗਾਰ ਹਾਲ’ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਯਾਦਗਾਰ ਕਮੇਟੀ ਅਤੇ ਇਲਾਕਾ ਵਾਸੀਆਂ ਵਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ।