Headlines

ਖਾਲਿਸਤਾਨੀ ਸਮਰਥਕਾਂ ਵਲੋਂ ਹਿੰਦੂ ਮੰਦਿਰ ਦੇ ਘੇਰਾਓ ਦੀ ਚੇਤਾਵਨੀ ਖਿਲਾਫ ਸਰਕਾਰ ਤੁਰੰਤ ਕਾਰਵਾਈ ਕਰੇ-ਮਨਿੰਦਰ ਗਿੱਲ

ਵੈਨਕੂਵਰ-  ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਤੇ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਖਿਲਾਫ ਵਿਰੋਧ ਪਰਦਰਸ਼ਨ ਕਰਦਿਆਂ ਇਹ  ਖੁੱਲ੍ਹੇਆਮ ਐਲਾਨ ਕੀਤਾ ਹੈ ਕਿ ਉਹ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਦਾ ਘੇਰਾਓ ਕਰਨਗੇ । ਵੀਡੀਓ ਵਿੱਚ ਇੱਕ ਖਾਲਿਸਤਾਨੀ ਸਮਰਥਕ ਸਪੀਕਰ ਉਪਰ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਭਰੀ, ਜਾਤੀਵਾਦੀ ਅਤੇ ਪੱਖਪਾਤੀ ਟਿੱਪਣੀਆਂ ਕਰਦੇ ਦੇਖਿਆ ਜਾ ਸਕਦਾ ਹੈ। ਜਿੱਥੇ ਉਹ ਭਾਰਤੀ ਰਵਾਇਤੀ ਪਹਿਰਾਵੇ ‘ਧੋਤੀ’ ‘ਤੇ ਭੱਦੀ ਟਿੱਪਣੀ ਕਰਦਾ ਹੈ, ਉਥੇ ਇਕ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੰਦਾ ਹੈ। ਖਾਲਿਸਤਾਨੀ ਸਮਰਥਕਾਂ ਵਲੋਂ ਮੰਦਿਰ ਦਾ ਘੇਰਾਓ ਕਰਨ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਧਮਕੀਆਂ ਦਿੱਤੇ ਜਾਣ ਦੀ ਕਰੜੀ ਨਿੰਦਾ ਕਰਦਿਆਂ ਕੈਨੇਡਾ ਇੰਡੀਆ ਫਰੈਂਡਸ਼ਿਪ ਗਰੁੱਪ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਆਰ ਸੀ ਐਮ ਪੀ ਤੇ ਸਰਕਾਰ ਨੂੰ ਇਹਨਾਂ ਸ਼ਰਾਰਤੀ ਤੱਤਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਜਾਰੀ ਇਕ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਮੈਂ ਕੈਨੇਡਾ ਸਰਕਾਰ, ਆਰ ਸੀ ਐਮ ਪੀ ਅਤੇ ਸੀਸਸ ਨੂੰ 29 ਨਵੰਬਰ, 2023 ਨੂੰ ਲਕਸ਼ਮੀ ਨਰਾਇਣ ਮੰਦਰ  ਦੇ ਘੇਰਾਓ ਨੂੰ ਰੋਕਣ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ । ਉਹਨਾਂ ਹੋਰ ਕਿਹਾ ਹੈ ਕਿ ਇਸ ਧਮਕੀ ਨੂੰ ਇਸ ਤੱਥ ਦੇ ਮੱਦੇਨਜ਼ਰ ਦੇਖਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਦੋ ਵਾਰ ਲਕਸ਼ਮੀ ਨਰਾਇਣ ਮੰਦਰ ਪਹਿਲਾਂ ਹੀ ਨਫ਼ਰਤੀ ਅਪਰਾਧਾਂ ਦਾ ਨਿਸ਼ਾਨਾ ਬਣ ਚੁੱਕਾ ਹੈ।  ਕੈਨੇਡਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਹਿੰਦੂ ਭਾਈਚਾਰੇ ਵਿੱਚ ਭਰੋਸਾ ਬਹਾਲ ਕਰਨਾ ਚਾਹੀਦਾ ਹੈ , ਨਹੀਂ ਤਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਸਰਕਾਰ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਸਕਦੀ। ਉਹਨਾਂ ਇਸ ਬਿਆਨ ਰਾਹੀ ਐਲਾਨ ਕੀਤਾ ਹੈ ਕਿ  ਮੈਂ 29 ਨਵੰਬਰ, 2023 ਨੂੰ ਹਿੰਦੂ ਭਾਈਚਾਰੇ ਅਤੇ ਮੰਦਰ ਪ੍ਰਬੰਧਨ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਨਿੱਜੀ ਤੌਰ ‘ਤੇ ਲਕਸ਼ਮੀ ਨਰਾਇਣ ਮੰਦਰ ਪਹੁੰਚਾਂਗਾ।