Headlines

ਸੰਪਾਦਕੀ- ਕੈਨੇਡਾ -ਭਾਰਤ ਸਬੰਧਾਂ ਵਿਚਾਲੇ ਤਣਾਅ ਤੋਂ ਕੁਝ ਰਾਹਤ……

ਪ੍ਰਦਰਸ਼ਨਕਾਰੀਆਂ ਦਾ ਵਿਹਾਰ ਕੈਨੇਡੀਅਨ ਵਿਚਾਰਾਂ ਦੀ ਆਜ਼ਾਦੀ ਉਪਰ ਤਨਜ਼-

-ਸੁਖਵਿੰਦਰ ਸਿੰਘ ਚੋਹਲਾ

ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਬਣੇ ਤਣਾਅ ਭਰੇ ਮਾਹੌਲ ਤੋਂ ਕੁਝ ਰਾਹਤ ਮਹਿਸੂਸ ਜਾ ਸਕਦੀ ਹੈ। ਬੀਤੀ 22 ਨਵੰਬਰ ਤੋਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ- ਵੀਜ਼ਾ ਸੇਵਾਵਾਂ ਲਗਪਗ ਦੋ ਮਹੀਨਿਆਂ ਮਗਰੋਂ ਬਹਾਲ ਕਰਨ ਦਾ ਐਲਾਨ ਕੀਤਾ ਹੈ । ਕੈਨੇਡਾ ਅਤੇ ਭਾਰਤ ਨੂੰ ਹਮੇਸ਼ਾ ਮਿੱਤਰ ਮੁਲਕਾਂ ਵਜੋਂ ਵੇਖਿਆ ਜਾਂਦਾ ਰਿਹਾ ਹੈ। ਦੋਵਾਂ ਮੁਲਕਾਂ ਦੇ ਸ਼ਹਿਰੀਆਂ ਨੇ ਸ਼ਾਇਦ ਕਦੇ ਕਿਆਸ ਨਹੀ ਸੀ ਕਿ ਕੀਤਾ ਦੋਵਾਂ ਮੁਲਕਾਂ ਦੇ ਸਬੰਧ ਇਸ ਕਦਰ ਵਿਗੜ ਵੀ ਸਕਦੇ ਹਨ। ਕੈਨੇਡਾ ਉਹ ਮੁਲਕ ਹੈ ਜਿਥੇ ਭਾਰਤੀ ਮੂਲ ਦੇ 15 ਲੱਖ ਦੇ ਕਰੀਬ ਲੋਕ ਵਸਦੇ ਹਨ। ਹਰ ਸਾਲ ਲੱਖਾਂ ਲੋਕ ਸੈਲਾਨੀ ਵਜੋ ਅਤੇ ਨੌਜਵਾਨ ਸਟੂਡੈਂਟ ਵੀਜੇ ਉਪਰ ਕੈਨੇਡਾ ਆਉਂਦੇ ਹਨ। ਦੋਵਾਂ ਮੁਲਕਾਂ ਦੇ ਆਵਾਮ ਦੀ ਆਵਾਜਾਈ ਆਮ ਹੋਣ ਕਰਕੇ, ਦੁਵੱਲੇ ਸਬੰਧਾਂ ਵਿਚ ਤਣਾਅ ਹਰ ਕਿਸੇ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਦੌਰਾਨ ਭਾਵੇਂਕਿ ਕੈਨੇਡਾ ਨੇ ਭਾਰਤੀਆਂ ਨੂੰ ਵਿਜਟਰ ਵੀਜਾ ਜਾਂ ਇਮੀਗ੍ਰੇਸ਼ਨ ਸੇਵਾਵਾਂ ਤੋਂ ਇਨਕਾਰ ਨਹੀ ਕੀਤਾ ਪਰ ਭਾਰਤ ਵਲੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਜਾ ਸੇਵਾਵਾਂ ਰੱਦ ਕਰਨ ਨਾਲ ਲੋਕਾਂ ਲਈ ਸਥਿਤੀ ਬੜੀ ਉਲਝਣ ਭਰੀ ਬਣੀ ਪਈ ਸੀ। ਸਰਦ ਰੁੱਤੇ ਲੱਖਾਂ ਇੰਡੋ ਕੈਨੇਡੀਅਨ ਸਮਾਜਿਕ ਕਾਰ ਵਿਹਾਰਾਂ ਲਈ ਭਾਰਤ ਵੱਲ ਰੁਖ ਕਰਦੇ ਹਨ ਪਰ ਭਾਰਤੀ ਵੀਜਾ ਸੇਵਾਵਾਂ ਠੱਪ ਹੋਣ ਕਾਰਣ ਲੋਕ ਭਾਰੀ ਪ੍ਰੇਸ਼ਾਨੀ ਵਿਚੋਂ ਗੁਜਰ ਰਹੇ ਸਨ । ਕੁਝ ਸਮਾਂ ਪਹਿਲਾਂ ਭਾਰਤ ਨੇ  ਵਪਾਰ, ਕਾਰੋਬਾਰ, ਮੈਡੀਕਲ, ਕਾਨਫਰੰਸਾਂ ਵਾਸਤੇ ਵੀਜਾ ਸਹੂਲਤ ਬਹਾਲ ਕੀਤੀ ਸੀ ਪਰ ਰੈਗੂਲਰ ਵਿਜਟਰ ਵੀਜਾ ਸਹੂਲਤ ਨਾ ਹੋਣ ਕਾਰਣ ਪ੍ਰੇਸ਼ਾਨੀ ਜਿਉਂ ਦੀ ਤਿਊਂ ਬਣੀ ਹੋਈ ਸੀ ਪਰ ਹੁਣ ਭਾਰਤ ਨੇ ਰੈਗੂਲਰ ਵੀਜਾ ਸਹੂਲਤ ਬਹਾਲ ਕਰਕੇ ਇੰਡੋ ਕੈਨੇਡੀਅਨ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਜਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿਚ ਵਿਗਾੜ  ਉਦੋਂ ਆਇਆ ਜਦੋਂ ਜੂਨ ਮਹੀਨੇ ਕੈਨੇਡੀਅਨ ਨਾਗਰਿਕ ਅਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਅਣਪਛਾਤੇ ਲੋਕਾਂ ਵਲੋਂ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਹੂਦਾ ਕਰਾਰ ਦਿੰਦਿਆਂ ਸਬੂਤ ਪੇਸ਼ ਕਰਨ ਲਈ ਕਿਹਾ ਸੀ।  ਟਰੂਡੋ ਸਰਕਾਰ ਨੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਭਾਰਤੀ ਹੱਥ ਹੋਣ ਦਾ ਦੋਸ਼ ਲਗਾਉਂਦਿਆਂ ਓਟਵਾ ਸਥਿਤ ਇਕ ਭਾਰਤੀ ਅਧਿਕਾਰੀ ਨੂੰ ਦੇਸ਼ ਚੋ ਕੱਢ ਦਿੱਤਾ ਸੀ। ਬਦਲੇ ਵਿਚ ਭਾਰਤ ਨੇ ਵੀ ਕੈਨੇਡੀਅਨ ਅਧਿਕਾਰੀ ਨੂੰ ਜਾਣ ਦੇ ਹੁਕਮ ਦੇ ਦਿੱਤੇ। ਪਰ ਸਥਿਤੀ ਉਸ ਸਮੇਂ ਹੋਰ ਵਿਗੜ ਗਈ ਜਦੋਂ ਭਾਰਤ ਨੇ ਕੈਨੇਡਾ ਦੇ 41 ਹੋਰ ਅਧਿਕਾਰੀਆਂ ਨੂੰ ਭਾਰਤ ਛੱਡਣ ਦਾ ਅਲਟੀਮੇਟ ਦੇ ਦਿੱਤਾ। ਪਹਿਲਾਂ ਤਾਂ ਲੱਗਦਾ ਸੀ ਕਿ ਆਪਸੀ ਗੱਲਬਾਤ ਰਾਹੀਂ ਸਥਿਤੀ ਸੰਭਲ ਜਾਵੇਗੀ ਪਰ ਆਖਰ ਕੈਨੇਡਾ ਨੂੰ ਆਪਣੇ ਅਧਿਕਾਰੀ ਵਾਪਿਸ ਬੁਲਾਉਣੇ ਹੀ ਪਏ। ਇਸ ਉਪਰੰਤ ਦੋਵਾਂ ਮੁਲਕਾਂ ਅਤੇ ਕੂਟਨੀਤਕ ਅਧਿਕਾਰੀਆਂ ਵਿਚਾਲੇ ਗੱਲਬਾਤ ਦੌਰਾਨ ਕੌਮਾਂਤਰੀ ਮੰਚ ਉਪਰ ਦੂਸ਼ਣਬਾਜੀ ਸ਼ਾਂਤ ਨਹੀ ਹੋਈ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਦੋਸ਼ ਦੁਹਰਾਏ ਅਤੇ ਵਿਦੇਸ ਮੰਤਰੀ ਜੌਲੀ ਨੇ ਵੀ ਕਿਹਾ ਕਿ ਉਹ ਭਾਰਤੀ ਹਮਰੁਤਬਾ ਤੋਂ ਇਸ ਮਾਮਲੇ ਤੇ ਸਹਿਯੋਗ ਦੀ ਮੰਗ ਕਰਦੇ ਹਨ। ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਤੋਂ ਇਸ ਮਾਮਲੇ ਵਿਚ ਸਬੂਤਾਂ ਦੀ ਮੰਗ ਕਰਦਿਆਂ ਜੋਰ ਦਿੱਤਾ ਕਿ ਉਹਨਾਂ ਦੇ ਕੂਟਨੀਤਕ ਅਧਿਕਾਰੀ ਸੁਰੱਖਿਅਤ ਨਹੀ ਹਨ। ਉਹਨਾਂ ਨੂੰ ਵੱਖਵਾਦੀ ਤਾਕਤਾਂ ਵਲੋਂ ਨਿਤ ਡਰਾਇਆ ਧਮਕਾਇਆ ਜਾ ਰਿਹਾ ਹੈ। ਭਾਵੇਂਕਿ ਕੈਨੇਡਾ ਸਰਕਾਰ ਵਲੋਂ ਭਾਰਤੀ ਕੌਂਸਲਖਾਨਿਆਂ ਅਤੇ ਕੂਟਨੀਤਕ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਪਰ ਭਾਰਤੀ ਕੌਂਸਲਖਾਨਿਆਂ ਤੇ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹੇ। ਪਿਛਲੇ ਦਿਨੀਂ ਭਾਰਤੀ ਕੌਂਸਲਖਾਨਿਆਂ ਵਲੋਂ ਭਾਰਤੀ ਪੈਨਸ਼ਨਰਾਂ ਅਤੇ ਨਾਗਰਿਕਾਂ ਲਈ ਕੌੰਸਲਰ ਸਹੂਲਤਾਂ ਵਾਸਤੇ ਕੈਂਪ ਲਗਾਏ ਗਏ । ਇਸ ਦੌਰਾਨ ਵੀ ਖਾਲਿਸਤਾਨੀ ਸਮਰਥਕਾਂ ਵਲੋਂ ਉਹਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਸਾਹਮਣੇ ਆਏ ਹਨ। ਕੁਝ ਇਕ ਥਾਵਾਂ ਉਪਰ ਪ੍ਰਦਰਸ਼ਨਕਾਰੀਆਂ ਵਲੋਂ ਤਿਰੰਗੇ ਦਾ ਅਪਮਾਨ ਕਰਨ ਅਤੇ ਭਾਰਤੀ ਪੈਨਸ਼ਨਰਾਂ ਨਾਲ ਗੋਲੀ ਗਲੋਚ ਦੀਆਂ ਵਾਇਰਲ ਵੀਡੀਓਜ ਨਾਲ ਹਾਲਾਤ ਸੁਧਰਨ ਦੀ ਥਾਂ ਵਿਗੜਦੇ ਪ੍ਰਤੀਤ ਹੋਏ ਹਨ। ਭਾਰਤੀ ਵਿਦੇਸ਼ ਮੰਤਰੀ ਵਲੋਂ ਇਹਨਾਂ ਘਟਨਾਵਾਂ ਦੇ ਹਵਾਲੇ ਨਾਲ ਕੈਨੇਡੀਅਨ ਸਰਕਾਰ ਨੂੰ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਪ੍ਰਤੀ ਚਿੰਤਾ ਜਿਤਾਈ ਗਈ ਹੈ। ਕੈਨੇਡਾ ਸਰਕਾਰ ਆਪਣੇ ਵਿਚਾਰਾਂ ਦੀ ਆਜਾਦੀ ਦੇ ਪ੍ਰਗਟਾਵੇ ਦੇ ਆਧਾਰ ਤੇ ਰੋਸ ਮੁਜਾਹਰਿਆਂ ਨੂੰ ਜਾਇਜ਼ ਠਹਿਰਾਊਂਦੀ ਹੈ ਪਰ ਇਹਨਾਂ ਰੋਸ ਪ੍ਰਦਰਸ਼ਨਾਂ ਦੌਰਾਨ ਕਿਸੇ ਮੁਲਕ ਦੇ ਝੰਡੇ ਦਾ ਅਪਮਾਨ ਜਾਂ ਭਾਰਤੀ ਪੈਨਸ਼ਨਰਾਂ ਤੇ ਨਾਗਰਿਕਾਂ ਨੂੰ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਨੂੰ ਕਿਸੇ ਵੀ ਤਰਾਂ ਉਚਿਤ ਨਹੀ ਠਹਿਰਾਇਆ ਜਾ ਸਕਦਾ। ਪ੍ਰਦਰਸ਼ਨਕਾਰੀਆਂ ਦਾ ਇਹ ਵਿਹਾਰ ਨਾ ਕੈਨੇਡਾ ਤੇ ਨਾਹੀ ਉਹਨਾਂ ਦੇ ਆਪਣੇ ਭਾਈਚਾਰੇ ਦੇ ਹਿੱਤ ਵਿਚ ਹੈ। ਭਾਰਤੀ ਹਾਈ ਕਮਿਸ਼ਨਰ ਨੇ ਇਕ ਤਾਜਾ ਇੰਟਰਵਿਊ ਵਿਚ ਉਹਨਾਂ ਅਤੇ ਹੋਰ ਭਾਰਤੀ ਉਚ ਅਧਿਕਾਰੀਆਂ ਨੂੰ ਕਾਤਲ ਗਰਦਾਨਣ ਵਾਲੇ ਪੋਸਟਰਾਂ ਉਪਰ ਇਤਰਾਜ਼ ਪ੍ਰਗਟਾਉਂਦਿਆਂ ਕੈਨੇਡੀਅਨ ਵਿਚਾਰਾਂ ਦੀ ਆਜਾਦੀ ਉਪਰ ਤਨਜ਼ ਕੀਤਾ ਹੈ। ਉਹਨਾਂ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਹੱਥ ਹੋਣ ਦੇ ਦੋਸ਼ਾਂ ਨੂੰ  ਨਾਕਾਰਦਿਆਂ ਕਿਹਾ ਹੈ ਕਿ ਜਿਸ ਕੂਟਨੀਤਕ ਖੁਫੀਆ ਗੱਲਬਾਤ ਦਾ ਹਵਾਲਾ ਪੁਖਤਾ ਸਬੂਤ ਹੋਣ ਵਜੋਂ ਦਿੱਤਾ ਜਾ ਰਿਹਾ ਹੈ, ਕੌਮਾਂਤਰੀ ਕਨੂੰਨ ਮੁਤਾਬਿਕ ਕਿਸੇ ਵੀ ਕੂਟਨੀਤਕ ਗੱਲਬਾਤ ਨੂੰ ਨਸ਼ਰ ਨਹੀ ਕੀਤਾ ਜਾ ਸਕਦਾ ਤੇ ਨਾਹੀ ਕਿਸੇ ਅਦਾਲਤ ਵਿਚ ਸਬੂਤ ਵਜੋਂ ਪੇਸ ਕੀਤਾ ਜਾ ਸਕਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਲਗਾਏ ਗਏ ਦੋਸ਼ ਸਬੂਤਾਂ ਦੀ ਥਾਂ ਕਿਸੇ ਮਹਾਂਸ਼ਕਤੀ ਦੇ ਇਸ਼ਾਰੇ ਤੇ ਆਧਾਰਿਤ ਹਨ।  ਇਸ ਸਭ ਦੇ ਬਾਵਜੂਦ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਨਾਲ ਵਪਾਰਕ ਸਬੰਧਾਂ ਵਿਚ ਮਜ਼ਬੂਤੀ ਦਾ ਹਾਮੀ ਹੈ। ਦੋਵਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਲਈ ਹੋਣ ਵਾਲੀ ਗੱਲਬਾਤ ਠੱਪ ਪਈ ਹੈ। ਭਾਰਤ ਇਸ ਗੱਲਬਾਤ ਨੂੰ ਮੁੜ ਅੱਗੇ ਵਧਾਉਣ ਵਾਸਤੇ ਕੈਨੇਡੀਅਨ ਵਪਾਰਕ ਵਫਦ ਨੂੰ ਜੀ ਆਇਆ ਕਹਿਣ ਲਈ ਤਿਆਰ ਹੈ । ਭਾਰਤ ਵਲੋਂ ਕੈਨੇਡੀਅਨ ਨਾਗਰਿਕਾਂ ਲਈ ਰੈਗੂਲਰ ਵੀਜਾ ਸੇਵਾਵਾਂ ਬਹਾਲ ਕਰਨ ਦਾ ਫੈਸਲਾ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦੇ ਨਾਲ ਵਪਾਰਕ ਗੱਲਬਾਤ ਲਈ ਚੰਗਾ ਮੌਕਾ ਹੈ। ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਮੁੱਦੇ ਉਪਰ ਜਾਂਚ ਜਾਂ ਸਹਿਯੋਗ ਦੀ ਮੰਗ ਵੀ ਦੁਵੱਲੀ ਗੱਲਬਾਤ ਰਾਹੀਂ ਹੀ ਸੰਭਵ ਹੈ।