Headlines

ਸੰਪਾਦਕੀ- ਅਮਰੀਕੀ ਫੈਡਰਲ ਅਦਾਲਤ ਵਿਚ ਭਾਰਤੀ ਏਜੰਟ ਖਿਲਾਫ ਦੋਸ਼ ਪੱਤਰ ….

-ਸੁਖਵਿੰਦਰ ਸਿੰਘ ਚੋਹਲਾ—-

ਮੈਨਹਟਨ ਸਥਿਤ ਅਮਰੀਕੀ ਸਰਕਾਰੀ ਵਕੀਲ ਵਲੋਂ ਫੈਡਰਲ ਅਦਾਲਤ ਵਿਚ ਦਾਇਰ ਕੀਤੇ ਗਏ ਦੋਸ਼ ਪੱਤਰ ਵਿਚ ਜੋ ਖੁਲਾਸਾ ਕੀਤਾ ਗਿਆ ਹੈ, ਉਹ ਕੌਮਾਂਤਰੀ ਸਿਆਸਤ ਵਿਚ ਵੱਡੇ ਧਮਾਕੇ ਦੇ ਨਾਲ ਅਮਰੀਕਾ-ਭਾਰਤੀ ਦੁਵੱਲੇ ਸਬੰਧਾਂ ਨੂੰ ਖਤਰੇ ਵਿਚ ਪਾਉਣ ਵਾਲਾ ਹੈ। ਇਸ ਦੋਸ਼ ਪੱਤਰ ਵਿਚ ਇਕ ਭਾਰਤੀ ਨਾਗਰਿਕ ਜਿਸਨੂੰ ਚੈਕ ਗਣਰਾਜ ਵਿਚ ਇਸ ਜੂਨ ਮਹੀਨੇ ਹਿਰਾਸਤ ਵਿਚ ਲਿਆ ਗਿਆ ਹੈ, ਦੀ ਹਵਾਲਗੀ ਲਈ ਚਾਰਾਜੋਈ ਕਰਦਿਆਂ ਦੱਸਿਆ ਗਿਆ ਹੈ ਕਿ ਉਸਨੇ ਇਕ ਹੋਰ ਭਾਰਤੀ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਰੀਕੀ ਧਰਤੀ ਉਪਰ ਇਕ ਅਮਰੀਕੀ ਨਾਗਰਿਕ ਨੂੰ ਮਾਰਨ ਲਈ ਯੋਜਨਾ ਤੇ ਕੰਮ ਕਰਦਿਆਂ ਇਕ ਹਿਟਮੈਨ ਨਾਲ ਇਕ ਲੱਖ ਡਾਲਰ ਵਿਚ ਸੌਦਾ ਕੀਤਾ ਜਦੋਂਕਿ ਇਹ ਹਿਟਮੈਨ ਕੋਈ ਹੋਰ ਨਹੀਂ ਅਮਰੀਕੀ ਖੁਫੀਆ ਏਜੰਸੀ ਦਾ ਇਕ ਅਧਿਕਾਰੀ ਹੀ ਸੀ। ਚੈਕ ਗਣਰਾਜ ਵਿਚ ਫੜੇ ਗਏ ਨਖਿਲ ਗੁਪਤਾ ਨਾਮ ਦੇ ਭਾਰਤੀ ਏਜੰਟ ਨੇ ਅਮਰੀਕਾ ਵਿਚ ਜਿਸ ਵਿਅਕਤੀ ਨਾਲ ਇਸ ਗੁਪਤ ਯੋਜਨਾ ਨੂੰ ਸਿਰੇ ਚਾੜਨ ਲਈ ਗੱਲਬਾਤ ਕੀਤੀ, ਉਸਨੂੰ ਉਸਨੇ ਅਮਰੀਕੀ ਨਾਗਰਿਕ ਦਾ ਨਾਮ, ਪਤਾ ਤੇ ਉਸਦੀਆਂ ਰੋਜਾਨਾ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਭੇਜੀ।

 ਕਿਹਾ ਗਿਆ ਹੈ ਕਿ ਗੁਪਤਾ ਨੂੰ ਮਈ ਵਿਚ ਇਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੁਆਰਾ ਪੰਨੂ ਦੀ ਹੱਤਿਆ ਦੀ ਯੋਜਨਾ ਬਣਾਉਣ ਲਈ ਭਰਤੀ ਕੀਤਾ ਗਿਆ ਸੀ ਪਰ ਅਮਰੀਕੀ ਖੁਫੀਆ ਏਜੰਸੀਆਂ ਦੇ ਸਤਰਕ ਹੋਣ ਕਾਰਣ ਕਿਸੇ ਵਿਦੇਸ਼ੀ ਏਜੰਟ ਵਲੋਂ ਅਮਰੀਕੀ ਧਰਤੀ ਉਪਰ ਇਕ ਅਮਰੀਕੀ ਨਾਗਰਿਕ ਨੂੰ ਮਾਰੇ ਜਾਣ ਦੀ ਯੋਜਨਾ ਨਾਕਾਮ ਕਰ ਦਿੱਤੀ ਗਈ। ਭਾਵੇਂਕਿ ਅਦਾਲਤੀ ਦੋਸ਼ ਪੱਤਰ ਵਿਚ ਅਮਰੀਕੀ ਨਾਗਰਿਕ ਦੇ ਨਾਮ ਦਾ ਖੁਲਾਸਾ ਨਹੀ ਕੀਤਾ ਗਿਆ ਪਰ ਸਰੋਤਾਂ ਨੇ ਜਾਹਰ ਕੀਤਾ ਕਿ ਹੈ ਕਿ ਭਾਰਤੀ ਏਜੰਟ ਦਾ ਨਿਸ਼ਾਨਾ ਸਿਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਸੀ। ਭਾਰਤੀ ਏਜੰਟ ਨੇ ਅਮਰੀਕੀ ਹਿਟਮੈਨ ( ਅੰਡਰਕਵਰ ਅਫਸਰ) ਨੂੰ ਇਹ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਉਸਨੂੰ ਇਹ ਵੀ ਦੱਸਿਆ ਕਿ ਉਹਨਾਂ ਦੇ ਨਿਸ਼ਾਨੇ ਉਪਰ ਤਿੰਨ ਚਾਰ ਹੋਰ ਵਿਅਕਤੀ ਵੀ ਹਨ ਜਿਹਨਾਂ ਨੂੰ ਮਾਰਨ ਲਈ ਇਕ ਚੰਗੀ ਟੀਮ ਦੀ ਲੋੜ ਹੈ। ਉਸਨੇ ਕੈਨੇਡਾ ਵਿਚ ਜੂਨ ਮਹੀਨੇ ਕਤਲ ਕੀਤੇ ਗਏ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਹੁਣ ਉਸਦੀ ਚਿੰਤਾ ਕਰਨ ਦੀ ਲੋੜ ਨਹੀ ਕਿਉਂਕਿ ਉਸਦਾ ਕੰਮ ਕਰ ਦਿੱਤਾ ਗਿਆ ਹੈ। ਉਸਨੇ ਅਮਰੀਕੀ ਏਜੰਟ ਨੂੰ ਨਿੱਝਰ ਦੇ ਕਤਲ ਉਪਰੰਤ ਲਈਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਅਮਰੀਕੀ ਅਦਾਲਤ ਵਿਚ ਇਕ ਭਾਰਤੀ ਏਜੰਟ ਖਿਲਾਫ ਦੋਸ਼ ਪੱਤਰ ਦਾਇਰ ਹੋਣ ਉਪਰੰਤ ਕੈਨੇਡਾ ਨੇ ਆਪਣੇ ਦੋਸ਼ਾਂ ਨੂੰ ਮੁੜ ਦੁਹਰਾਉਂਦਿਆਂ ਭਾਰਤ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਦੇਣ ਦੀ ਗੱਲ ਕਹੀ ਹੈ। ਭਾਰਤ ਸਰਕਾਰ ਨੇ ਭਾਵੇਂਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਕਿਸੇ ਤਰਾਂ ਦੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਅਮਰੀਕਾ ਵਲੋਂ ਇਕ ਭਾਰਤੀ ਨਾਗਰਿਕ ਖਿਲਾਫ ਇਕ ਅਮਰੀਕੀ ਨਾਗਰਿਕ ਨੂੰ ਕਤਲ ਦੀ ਸੁਪਾਰੀ ਦਿੱਤੇ ਜਾਣ ਲਈ ਦਾਇਰ ਕੀਤੇ ਦੋਸ਼ ਪੱਤਰ ਨੂੰ ਗੰਭੀਰ ਮਸਲਾ ਕਰਾਰ ਦਿੰਦਿਆਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣਾ ਮੰਨ ਲਿਆ ਹੈ। ਰਿਪੋਰਟਾਂ ਹਨ ਕਿ ਜਦੋਂ ਅਮਰੀਕਾ ਪ੍ਰਸਾਸ਼ਨ ਨੇ ਕੁਝ ਸਮਾਂ ਪਹਿਲਾਂ ਸਿਖਸ ਫਾਰ ਜਸਟਿਸ ਦੇ ਆਗੂ ਪੰਨੂੰ ਨੂੰ ਮਾਰੇ ਜਾਣ ਦੀ ਸਾਜਿਸ਼ ਨਾਕਾਮ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ ਤਾਂ ਅਮਰੀਕਾ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਜਾਣੂ ਕਰਵਾਇਆ ਸੀ ਕਿ  ਉਸਦੀ ਕਿਸੇ ਵੀ ਖੁਫੀਆ ਏਜੰਸੀ ਦਾ ਅਮਰੀਕਾ ਵਿਚ ਅਜਿਹਾ ਦਖਲ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਦੱਸਿਆ ਗਿਆ ਹੈ ਕਿ ਖੁਫੀਆ ਏਜੰਸੀ ਸੀ ਆਈ ਏ ਦਾ ਇਕ ਅਧਿਕਾਰੀ ਅਮਰੀਕੀ ਨਾਰਾਜ਼ਗੀ ਤੋਂ ਭਾਰਤ ਸਰਕਾਰ ਨੂੰ ਬਾਕਾਇਦਾ ਜਾਣੂ ਕਰਵਾਉਣ ਲਈ ਇੰਡੀਆ ਵੀ ਗਿਆ ਸੀ । ਵਾਈਟਹਾਊਸ ਦੇ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਬਾਕਾਇਦਾ ਮੀਟਿੰਗ ਕੀਤੀ ਤੇ ਅੱਗੋ ਤੋਂ ਅਜਿਹਾ ਨਾ ਵਾਪਰਨ ਲਈ ਚੌਕਸ ਕੀਤਾ ਵਰਨਾ ਦੋਵਾਂ ਮੁਲਕਾਂ ਦੇ ਸਬੰਧ ਅਸਰਅੰਦਾਜ਼ ਹੋ ਸਕਦੇ ਹਨ ।  ਜਿਕਰ ਇਹ ਵੀ ਹੈ ਕਿ ਇਸ ਸਤੰਬਰ ਮਹੀਨੇ ਦਿੱਲੀ ਵਿਚ ਜੀ-20 ਦੇ ਸੰਮੇਲਨ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਕੋਲ ਵੀ ਰੋਸ ਪ੍ਰਗਟ ਕੀਤਾ ਸੀ। ਸ਼ਾਇਦ ਅਮਰੀਕਾ ਵਲੋਂ ਸਖਤ ਸੰਦੇਸ਼ ਭੇਜੇ ਜਾਣ ਕਾਰਣ ਹੀ  ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੰਨਿਆ ਹੈ  ਕਿ ਭਾਰਤ ਨੇ ਅਮਰੀਕਾ ਵਲੋਂ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ  ਹੈਅਗਰ ਭਾਰਤ ਨੇ ਅਮਰੀਕੀ ਦਬਾਅ ਨੂੰ ਮੰਨਦਿਆਂ ਮਾਮਲੇ ਦੀ ਜਾਂਚ ਕਰਵਾਉਣ ਦੀ ਹਾਮੀ ਭਰੀ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਸਭ ਠੀਕ ਨਹੀ ਹੈ। ਭਾਰਤ ਅਕਸਰ ਅਮਰੀਕਾ, ਕੈਨੇਡਾ ਤੇ ਯੂਕੇ ਵਿਚ ਵੱਖਵਾਦੀ ਤਾਕਤਾਂ ਨੂੰ ਸ਼ਹਿ ਦੇਣ ਅਤੇ ਭਾਰਤ ਖਿਲਾਫ ਭੰਡੀ ਪ੍ਰਚਾਰ ਦੀ ਸ਼ਿਕਾਇਤ ਕਰਦਾ ਰਿਹਾ ਹੈ। ਉਸ ਵਲੋਂ ਕਈ ਵੱਖਵਾਦੀ ਨੇਤਾਵਾਂ ਖਿਲਾਫ ਭਾਰਤ ਵਿਚ ਕੇਸ ਦਰਜ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਅਤਵਾਦੀ ਐਲਾਨਦਿਆਂ ਹਵਾਲਗੀ ਲਈ ਚਾਰਾਜੋਈ ਵੀ ਕੀਤੀ ਗਈ ਹੈ। ਅਗਰ ਕਿਸੇ ਮੁਲਕ ਵਿਚ ਕਿਸੇ ਵਿਅਕਤੀ ਨੇ ਕੋਈ ਅਪਰਾਧ ਕੀਤਾ ਹੈ ਜਾਂ ਕਿਸੇ ਮਾਨਵਤਾ ਵਿਰੋਧੀ ਅਪਰਾਧ ਵਿਚ ਸ਼ਾਮਿਲ ਹੈ ਤਾਂ ਉਸਦੇ ਖਿਲਾਫ ਕੌਮਾਂਤਰੀ ਕਨੂੰਨ ਮੁਤਾਬਿਕ ਕਾਰਵਾਈ ਸੰਭਵ ਹੈ ਪਰ ਕਿਸੇ ਅਲਗ ਵਿਚਾਰਧਾਰਾ ਜਾਂ ਸਿਆਸੀ ਵਖਰੇਵਿਆਂ ਕਾਰਣ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਨੂੰ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀ ਕੀਤਾ ਜਾ ਸਕਦਾ।

ਹਰ ਮੁਲਕ ਦਾ ਆਪਣਾ ਖੁਫੀਆ ਤੇ ਸੁਰੱਖਿਆ ਤੰਤਰ  ਹੈ। ਪਰ ਇਸ ਖੁਫੀਆ ਤੰਤਰ ਦੀਆਂ ਕਾਰਵਾਈਆਂ ਕਦੇ ਜਨਤਕ ਨਹੀ ਹੁੰਦੀਆਂ। ਅਮਰੀਕਾ ਵਲੋਂ ਆਪਣੇ ਖੁਫੀਆ ਤੰਤਰ ਦੀਆਂ ਸੂਚਨਾਵਾਂ ਤੇ ਜਾਣਕਾਰੀਆਂ ਨੂੰ ਨਸ਼ਰ ਕੀਤੇ ਜਾਣ ਪਿੱਛੇ ਕੀ ਭਾਵਨਾ ਕੰਮ ਕਰ ਰਹੀ ਹੈ, ਬਹੁਤ ਹੀ ਉਲਝਣ ਭਰਪੂਰ ਹੈ। ਇਸਦੇ ਪਿੱਛੇ ਸਿਆਸੀ ਨਫਾ -ਨੁਕਸਾਨ ਤੇ ਗਿਣਤੀਆਂ ਮਿਣਤੀਆਂ ਕੀ ਹਨ, ਇਹ ਸਮਝਣਾ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ । ਵਿਸ਼ਵ ਸਿਆਸਤ ਵਿਚ ਅਮਰੀਕਾ ਤੇ ਉਸਦੇ ਭਾਈਵਾਲ ਆਪਣੇ ਵਿਰੋਧੀਆਂ ਤੇ ਗੁਟ ਨਿਰਲੇਪ ਤਾਕਤਾਂ ਨੂੰ ਕਿਵੇਂ ਵਰਤਦੇ ਜਾਂ ਪੱਖ ਤੇ ਵਿਰੋਧ ਵਿਚ ਭੁਗਤਣ ਲਈ ਕੀ ਹੱਥਕੰਡੇ ਵਰਤਦੇ ਹਨ,ਆਮ ਵਿਅਕਤੀ ਦੀ ਸਮਝ ਤੋ ਬਾਹਰਾ ਹੈ ਪਰ ਸਿਆਸੀ ਵਿਸ਼ਲੇਸ਼ਕਾਂ ਦੀ ਪਕੜ ਵਿਚ ਹੈ । ਭਾਰਤ ਵਰਗਾ ਮੁਲਕ ਜਿਥੇ ਸਿਆਸੀ ਧਿਰਾਂ ਵਲੋਂ ਫਿਰਕਾਪ੍ਰਸਤੀ,ਖੇਤਰਵਾਦ, ਵੱਖਵਾਦ ਤੇ ਅੱਤਵਾਦ ਦਾ ਹਊਆ ਵੋਟਾਂ ਬਟੋਰਨ ਤੇ ਸੱਤਾ ਹਥਿਆਉਣ ਦੇ ਸਾਧਨ ਮਾਤਰ ਹਨ, ਉਸ ਸੌੜੀ ਰਾਜਨੀਤੀ ਵਿਚ ਅਮਰੀਕੀ ਵਿਦੇਸ਼ ਨੀਤੀ ਦੀ ਭੂਮਿਕਾ ਕਿਸ ਧਿਰ ਦੇ ਪੱਖ ਤੇ ਵਿਰੋਧ ਵਿਚ ਭੁਗਤਣ ਵਾਲੀ ਹੈ, ਇਹ ਸਭ ਵਿਚਾਰਨਯੋਗ ਹੈ।