Headlines

ਖਾਲਿਸਤਾਨੀ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ਵਿਚ ਮੌਤ

ਅੰਮ੍ਰਿਤਸਰ ( ਭੰਗੂ)-ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਤੇ ਖਾਲਿਸਤਾਨੀ ਆਗੂ  ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਲਗਪਗ 72 ਸਾਲਾ ਲਖਬੀਰ ਸਿੰਘ ਰੋਡੇ  ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦਾ ਭਰਾ ਸੀ। ਲਖਬੀਰ ਸਿੰਘ ਰੋਡੇ ਇਸ ਵੇਲੇ ਪਾਕਿਸਤਾਨ ਵਿੱਚ ਸੀ ਅਤੇ 2 ਦਸੰਬਰ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨ ਲੇਵਾ ਸਾਬਤ ਹੋਇਆ। ਦੇਹ ਦਾ ਸਸਕਾਰ ਵੀ ਉੱਥੇ ਹੀ ਕਰ ਦਿੱਤਾ ਗਿਆ ਹੈ। ਉਸ ਦੀ ਪਤਨੀ ਅਤੇ ਬੱਚੇ ਵੀ ਵਿਦੇਸ਼ ਵਿੱਚ ਹਨ। ਲਖਬੀਰ ਸਿੰਘ ਰੋਡੇ ਪੁਲੀਸ ਨੂੰ ਕਈ ਕੇਸਾਂ ਵਿੱਚ ਲੋੜੀਦਾ ਸੀ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਸੀ। ਉਸਨੂੰ ਕਨਿਸ਼ਕ ਬੰਬ ਕਾਂਡ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਸ਼ੁਰੂ ਵਿੱਚ ਦੁਬਈ ਗਿਆ ਸੀ ਅਤੇ ਉਥੋਂ ਪਾਕਿਸਤਾਨ ਚਲਾ ਗਿਆ, ਜਦੋਂ ਕਿ ਉਸ ਦਾ ਪਰਿਵਾਰ ਕੈਨੇਡਾ ਵਿੱਚ ਹੈ। ਸਾਲ 2002 ਵਿੱਚ ਭਾਰਤ ਵੱਲੋਂ ਪਾਕਿਸਤਾਨ ਨੂੰ ਲੋੜੀਂਦੇ ਵਿਅਕਤੀਆਂ ਦੀ ਦਿੱਤੀ ਗਈ ਸੂਚੀ ਵਿੱਚ ਉਸ ਦਾ ਨਾਂ ਵੀ ਸ਼ਾਮਲ ਸੀ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਸ਼ੂਗਰ ਤੇ ਦਿਲ ਦੇ ਰੋਗ ਤੋਂ ਪੀੜਤ ਸੀ।