Headlines

ਪੰਜਾਬੀ ਸਾਹਿਤ ਸਭਾ ਮੁੱਢਲੀ ਐਬਸਫੋਰਡ ਵੱਲੋਂ ਸਤਵੰਤ ਕੌਰ ਪੰਧੇਰ ਦੀ ਪੁਸਤਕ ‘ਕਾਦਰ ਦੀ ਕੁਦਰਤ’ ਲੋਕ ਅਰਪਿਤ

”ਭਾਈ ਵੀਰ ਸਿੰਘ ਦੇ ਕੁਦਰਤ ਦੇ ਕਾਵਿ ਦੀ ਸਾਹਿਤਕ ਵਾਰਿਸ ਹੈ ਪੰਧੇਰ”- ਡਾ. ਗੁਰਵਿੰਦਰ ਸਿੰਘ
ਵੈਨਕੂਵਰ (ਬਰਾੜ-ਭਗਤਾ ਭਾਈ ਕਾ)- ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ‘ਕਾਦਰ ਦੀ ਕੁਦਰਤ’ ਵੱਡੀ ਗਿਣਤੀ ਵਿੱਚ ਪਹੁੰਚੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ। 148 ਸਫ਼ੇ ਦੀ ਇਸ ਪੁਸਤਕ ਵਿੱਚ 85 ਕਵਿਤਾਵਾਂ ਹਨ, ਜੋ ਕਿ ਕੁਦਰਤ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਅਰਜੋਈ, ਪਾਣੀ, ਰੁੱਖ ਦੀ ਮੌਤ, ਹਵਾਏ ਨੀ ਗਵਾਏ ਅਤੇ ਮਾਂ ਦੀ ਮਮਤਾ ਕਵਿਤਾਵਾਂ ਕੁਦਰਤ ਦੀ ਮੁਹੱਬਤ ਬਾਰੇ ਦੱਸਦੀਆਂ ਹਨ। ਹਰ ਕਵਿਤਾ ਦਾ ਆਪਣਾ ਵੱਖਰਾ ਹੀ ਰੂਪ ਹੈ, ਜੋ ਕਿ ਮਨੁੱਖ ਨੂੰ ਕੁਦਰਤ ਨਾਲ ਜੋੜਣ ਵਿੱਚ ਸਹਾਈ ਹੁੰਦਾ ਹੈ। ਪੁਸਤਕ ਲੋਕ ਅਰਪਣ ਸਮਾਗਮ ਸਮੇਂ ਲੇਖਕਾ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਕੁਦਰਤ ਦੇ ਖੁਬਸੂਰਤ ਬੂਟਿਆਂ, ਫੁੱਲਾਂ ਆਦਿ ਨਾਲ ਗੱਲਾਂ ਕਰਦਿਆਂ ਜ਼ਿੰਦਗੀ ਦੇ ਕੀਮਤੀ ਪਲ ਬਿਤਾਏ ਹਨ ਅਤੇ ਉਨ੍ਹਾਂ ਨੂੰ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਕੁਦਰਤੀ ਪ੍ਰੇਮ ਵਾਲੀਆਂ ਕਵਿਤਾਵਾਂ ਦੀ ਸਾਂਝ ਪਾਉਂਦਿਆਂ ਲਿਖਤ ਨੂੰ ਕੁਦਰਤ ਦੇ ਪਸਾਰੇ ਨੂੰ ਸਮਰਪਿਤ ਕੀਤਾ।
ਬੁਲਾਰਿਆਂ ਵਿੱਚ ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਮੁੱਢਲੀ ਨੇ ਸਾਹਿਤਕ ਮਿਸਾਲਾਂ ਦੇ ਕੇ ਕਿਹਾ ਕਿ ਸਤਵੰਤ ਕੌਰ ਪੰਧੇਰ ਦੀ ਸਾਹਿਤਕ ਪ੍ਰੇਰਨਾ ਡਾਕਟਰ ਭਾਈ ਵੀਰ ਸਿੰਘ ਹਨ, ਜਿਨ੍ਹਾਂ ਦੀ ਕਵਿਤਾ ‘ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ‘ਕਾਦਰ ਦੀ ਕੁਦਰਤ’ ਦਾ ਜਲਵਾ ਲੈ ਲੈਂਦਾ ਇੱਕ ਸਜਦਾ’। ਉਨ੍ਹਾਂ ਕਿਹਾ ਕਿ ਕੁਦਰਤੀ ਪ੍ਰੇਮ ਵਿੱਚ ਗੜੂੰਦ ਭਾਈ ਸਾਹਿਬ ਦੀਆਂ ਲਿਖਤਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹੋਏ ਕਵਿਤਰੀ ਪੰਧੇਰ ਡਾ. ਭਾਈ ਵੀਰ ਸਿੰਘ ਦੇ ਸਾਹਿਤਕ ਵਾਰਿਸ ਹੈ। ਇਸ ਮੌਕੇ ‘ਤੇ ਉਨ੍ਹਾਂ ਪੁਸਤਕ ਦੇ ਜਿੱਥੇ ਕਾਵਿ ਸਿਧਾਂਤ ਅਤੇ ਵਿਲੱਖਣਤਾਵਾਂ ਦੀ ਭਰਪੂਰ ਸ਼ਬਦਾਂ ਵਿੱਚ ਗੱਲਬਾਤ ਕੀਤੀ, ਉੱਥੇ ਪੁਸਤਕ ਸੰਬੰਧੀ ਕੁਝ ਅਹਿਮ ਸੁਝਾਅ ਵੀ ਦਿੱਤੇ, ਜੋ ਕਿ ਕਾਵਿ ਸਿਰਜਣਾ ਦੇ ਪੱਖੋਂ ਲਾਹੇਬੰਦ ਕਹੇ ਜਾ ਸਕਦੇ ਹਨ।
ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਨੇ ਕਿਹਾ ਕਿ ਪੰਧੇਰ ਕੁਦਰਤੀ ਰੰਗ ਵਿੱਚ ਰੰਗੀ ਅਜਿਹੀ ਲੇਖਕਾ ਹੈ, ਜਿਸ ਦੇ ਲਫ਼ਜ਼ਾਂ ਵਿੱਚ ਕੁਦਰਤ ਦੀ ਮਹਿਕ ਨਜ਼ਰ ਆਉਂਦੀ ਹੈ। ਬੀਬੀ ਇੰਦਰਜੀਤ ਕੌਰ ਸਿੱਧੂ ਨੇ ਭਾਵਪੂਰਤ ਸ਼ਬਦਾਂ ਵਿੱਚ ਪੁਸਤਕ ਵਿੱਚਲੀ ਲਿਖਤ ਦੀ ਪ੍ਰਸੰਸਾ ਕਰਦਿਆਂ ਲੇਖਕਾ ਨੂੰ ਮੁਬਾਰਕਬਾਦ ਦਿੱਤੀ। ਗ਼ਜ਼ਲਗੋ ਦਵਿੰਦਰ ਸਿੰਘ ਪੂਨੀਆ ਨੇ ਪੁਸਤਕ ਵਿਚਲੀ ਲਿਖਤ ਬਾਰੇ ਮਿਸਾਲ ਦਿੰਦੇ ਕਿਹਾ ਕਿ ਪੰਧੇਰ ਨੇ ਕੁਦਰਤ ਨਾਲ ਮਨੁੱਖ ਦੀ ਡੂੰਘੀ ਸਾਂਝ ਨੂੰ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਕੁਦਰਤ ਨੂੰ ਬਰਬਾਦ ਕਰਨ ਤੋਂ ਮਨੁੱਖ ਨੂੰ ਵਰਜਣਾ ਜ਼ਰੂਰੀ ਹੈ। ਅੰਕੇਸ਼ਵਰ ਨੇ ਸੁਰੀਲੀ ਆਵਾਜ਼ ਵਿੱਚ, ਕਿਤਾਬ ਵਿੱਚੋਂ ਇੱਕ ਗੀਤ ਸਾਂਝਾਂ ਕਰਦਿਆਂ ਵਾਹ- ਵਾਹ ਖੱਟੀ। ਹੋਰਨਾਂ ਬੁਲਾਰਿਆਂ ਵਿੱਚ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਦੇ ਮੁਖੀ ਪ੍ਰਿੰਸੀਪਲ ਮਲੂਕ ਚੰਦ ਕਲੇਰ, ਰਾਜਿੰਦਰ ਸਿੰਘ ਪੰਧੇਰ, ਹਰਚੰਦ ਸਿੰਘ ਬਾਗੜੀ, ਦਵਿੰਦਰ ਕੌਰ ਜੌਹਲ, ਹਰਕੀਰਤ ਕੌਰ ਚਾਹਲ, ਹਰੀ ਸਿੰਘ ਤਾਤਲਾ, ਪਵਨ ਗਿੱਲਾਂ ਵਾਲਾ ਨੇ ਵੀ ਪੁਸਤਕ ਬਾਰੇ ਪੰਧੇਰ ਨੂੰ ਮੁਬਾਰਕਾਂ ਦਿਤੀਆਂ।
ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਸਕੱਤਰ ਸੁਰਜੀਤ ਸਿੰਘ ਸਹੋਤਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਗੁਰਪ੍ਰੀਤ ਸਿੰਘ ਚਾਹਲ ਨੇ ਪ੍ਰੋਗਰਾਮ ਦਾ ਖੂਬਸੂਰਤ ਢੰਗ ਨਾਲ ਸੰਚਾਲਨ ਕੀਤਾ।ਹਾਜ਼ਿਰ ਸ਼ਖਸੀਅਤਾਂ ਵਿੱਚ ਬਲਵੰਤ ਸਿੰਘ ਰੁਪਾਲ, ਜਸਵੀਰ ਕੌਰ ਮਾਨ, ਪਲਵਿੰਦਰ ਕੌਰ ਸਵੈਚ, ਪ੍ਰੀਤਪਾਲ ਪੂਨੀ ਅਟਵਾਲ, ਨਿਰਮਲ ਗਿੱਲ, ਡਾ. ਜਸਮਲਕੀਤ ਕੌਰ, ਗੁਰਵਿੰਦਰ ਸਿੰਘ ਸੰਧੂ, ਨਵਰੂਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਗੁਰਦੇਵ ਸਿੰਘ ਬੁੱਟਰ, ਲੱਖੀ ਗਾਖਲ, ਜਰਨੈਲ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਸਰੋਤੇ ਪਹੁੰਚੇ। ਸਤਵੰਤ ਕੌਰ ਪੰਧੇਰ ਕਾਵਿ ਵਿੱਚ ਕੁਦਰਤੀ ਮਹਿਮਾ ਨੂੰ ਬਿਆਨਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਤਸਵੀਰਾਂ –ਬਲਵੰਤ ਸਿੰਘ ਰੁਪਾਲ