Headlines

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਜਪਾ ਲੀਡਰਸ਼ਿਪ ਵੱਲੋਂ ਆਗੂਆਂ ਨਾਲ਼ ਮੀਟਿੰਗ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,5 ਦਸੰਬਰ -ਦੇਸ਼ ਅੰਦਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਿਆਂ ਵਿੱਚ ਜਾ ਕੇ ਲੋਕ ਸਭਾ ਪ੍ਰਵਾਸ ਯੋਜਨਾ ਤਹਿਤ ਸੰਗਠਨਾਤਮਕ ਮੀਟਿੰਗਾਂ ਦਾ ਆਗਾਜ਼ ਕਰ ਦਿੱਤਾ ਗਿਆ ਹੈ।ਜਿਸ ਤਹਿਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤਰਨਤਾਰਨ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਵਿਸੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪੰਜਾਬ ਦੇ ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ,ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ, ਪ੍ਰਦੇਸ਼ ਜਨਰਲ ਸਕੱਤਰ ਤੇ ਜੋਨਲ ਪ੍ਰਭਾਰੀ ਜਗਮੋਹਨ ਰਾਜੂ,ਸੂਬਾ ਮੀਤ ਪ੍ਰਧਾਨ ਸੁਰਜੀਤ ਜਿਆਣੀ,ਸੂਬਾ ਸਕੱਤਰ ਸੂਰਜ ਭਾਰਦਵਾਜ,ਸੂਬੇ ਦੇ ਬੁਲਾਰੇ ਤੇ ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ,ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਾਰਟੀ ਕਨਵੀਨਰ ਮਨਜੀਤ ਸਿੰਘ ਰਾਏ,ਜ਼ਿਲ੍ਹਾ ਸਹਿ ਪ੍ਰਭਾਰੀ ਰਾਜੇਸ਼ ਹਨੀ,ਸਾਬਕਾ ਰਾਜ ਮੰਤਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ,ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਅਵਤਾਰ ਸਿੰਘ ਜ਼ੀਰਾ,ਲੋਕ ਸਭਾ ਵਿਸਤਾਰਕ ਸੁਮੀਤ ਸੱਭਰਵਾਲ, ਸੀਨੀਅਰ ਭਾਜਪਾ ਆਗੂ ਨਵਰੀਤ ਸਿੰਘ ਸ਼ਫੀਪੁਰ ਆਦਿ ਆਗੂ ਸ਼ਾਮਿਲ ਹੋਏ।ਇਸ ਮੌਕੇ ਭਾਜਪਾ ਆਗੂਆਂ ਵਲੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਭਾਜਪਾ ਦੀਆਂ ਸ਼ਾਨਦਾਰ ਜਿੱਤਾਂ ‘ਤੇ ਵਰਕਰਾਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਸੰਗਠਨ ਦੇ ਅਹੁਦੇਦਾਰਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਅਤੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੌ ਸਾਲ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸਾਰੇ ਹੀ ਅਹੁਦੇਦਾਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਸੰਬੰਧੀ ਰੂਪ ਰੇਖਾ ਵੀ ਤਿਆਰ ਕੀਤੀ ਗਈ।ਸੰਗਠਨ ਦੇ ਆਗੂਆਂ ਵੱਲੋਂ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਕੰਮ ਕਰਨ ਅਤੇ ਭਾਰਤੀ ਜਨਤਾ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰਨ ਦੀ ਗੱਲ ਕਹੀ ਗਈ। ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ ਨੇ ਆਗੂਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਾਰਟੀ ਲਈ ਕੰਮ ਕਰ ਰਹੇ ਹਰੇਕ ਵਰਕਰ, ਆਗੂ ਅਤੇ ਅਹੁਦੇਦਾਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਪਾਰਟੀ ਕੋਲ ਹੁੰਦੀ ਹੈ ਅਤੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਆਗੂਆਂ ਦੀ ਪਾਰਟੀ ਹਮੇਸ਼ਾਂ ਹੀ ਕਦਰ ਕਰਦੀ ਆਈ ਹੈ ਅਤੇ ਸੱਚੀ ਮਿਹਨਤ ਨਾਲ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਵਾਲੇ ਆਗੂ ਹੀ ਅੱਜ ਤੱਕ ਅੱਗੇ ਆਏ ਹਨ।ਉਨ੍ਹਾਂ ਕਿਹਾ ਜੋ ਵੀ ਕਿਸੇ ਨੂੰ ਜ਼ਿਮੇਵਾਰੀ ਮਿਲੀ ਹੈ ਉਹ ਆਪਣੀ-ਆਪਣੀ ਜ਼ਿਮੇਵਾਰੀ ਇਮਾਨਦਾਰੀ, ਮਿਹਨਤ ਨਾਲ ਨਿਭਾਏ ਤਾਂ ਕਿ ਬਾਕੀ ਸੂਬਿਆਂ ਵਾਂਗ ਪੰਜਾਬ ਅੰਦਰ ਵੀ ਭਾਰਤੀ ਜਨਤਾ ਪਾਰਟੀ ਆਪਣੀ ਜਿੱਤ ਯਕੀਨੀ ਬਣਾ ਸਕੇ ਕਿਉਂਕਿ ਲੋਕ ਹੁਣ ਭਾਰਤੀ ਜਨਤਾ ਪਾਰਟੀ ਨੂੰ ਦੁਬਾਰਾ ਫਿਰ ਦੇਸ਼ ਦੀ ਵਾਗਡੋਰ ਦੇਣ ਦਾ ਮਨ ਬਣਾ ਚੁੱਕੇ ਹਨ।ਇਸ ਮੌਕੇ ਮੀਟਿੰਗ ਉਪਰੰਤ ਲੱਡੂ ਵੰਡ ਕੇ ਸਮੂਹ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।
ਫੋਟੋ ਕੈਪਸ਼ਨ: ਤਰਨ ਤਾਰਨ ਵਿਖ਼ੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਜਪਾ ਆਗੂ ਮੀਟਿੰਗ ਕਰਦੇ ਹੋਏ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)