Headlines

ਪੰਜਾਬ ਭਵਨ ਉਪ ਦਫਤਰ ਜਲੰਧਰ ਵਿਖੇ ਪ੍ਰਵਾਸੀ ਸਾਹਿਤਕ ਮਿਲਣੀ

ਜਲੰਧਰ- ਪੰਜਾਬ ਭਵਨ ਸਰੀ ਕੈਨੇਡਾ ਦੇ ਉਪ ਦਫਤਰ ਜਲੰਧਰ ਵਿਖੇ ਪ੍ਰਵਾਸੀ ਸਾਹਿਤਿਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਸਾਹਿਤਕਾਰ ਦਲਜਿੰਦਰ ਰਹਿਲ ਮੁੱਖ ਸਲਾਹਕਾਰ ਸਾਹਿਤ ਸੁਰ ਸੰਗਮ ਸਭਾ ਇਟਲੀ, ਪ੍ਰੋ਼. ਜਸਪਾਲ ਸਿੰਘ ਜਰਨਲ ਸਕੱਤਰ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੰਜਾਬੀ ਕਵੀ ਨਛੱਤਰ ਭੋਗਲ ਯੂਕੇ ਪਹੁੰਚੇ ਸਨ ।ਇਸ ਤੋਂ ਇਲਾਵਾ ਪੰਜਾਬ ਤੋਂ ਪੰਜਾਬੀ ਦੇ ਨਾਮਵਰ ਲੇਖਕ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਉਚੇਚੇ ਤੌਰ ‘ਤੇ ਪਹੁੰਚੇ । ਪੰਜਾਬ ਭਵਨ ਜਲੰਧਰ ਦੀ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ “ਜੀ ਆਇਆਂ “ਆਖਿਆ ਗਿਆ। ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅੱਜ ਦੇ ਸਮਾਗਮ ਦੀ ਅਹਿਮੀਅਤ ਅਤੇ ਪੰਜਾਬ ਭਵਨ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਉਪਰੰਤ ਲੇਖਕ ਸੁਰਿੰਦਰ ਮਕਸੂਦਪੁਰੀ ਵੱਲੋਂ ਆਪਣੀ ਖ਼ੂਬਸੂਰਤ ਕਵਿਤਾ ਦੁਆਰਾ ਕਵੀ ਦਰਬਾਰ ਦਾ ਮੁੱਢ ਬੰਨ੍ਹਿਆ ਗਿਆ ਅਤੇ ਵਾਰੋ ਵਾਰੀ ਹਾਜ਼ਿਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਜਿਹਨਾਂ ਵਿੱਚੋਂ ਹਰਮੀਤ ਸਿੰਘ ਅਟਵਾਲ ਪ੍ਰਧਾਨ ਪੰਜਾਬੀ ਲਿਖ਼ਾਰੀ ਸਭਾ ਜਲੰਧਰ,ਜਨਰਲ ਸਕੱਤਰ ਪਰਮਜੀਤ ਸਿੰਘ ਸੰਸੋਆ, ਨਰਿੰਦਰ ਪਾਲ ਸਿੰਘ ਕੰਗ, ਮੁਖ਼ਤਿਆਰ ਸਿੰਘ ਸ਼ਿਵਾਨ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪੰਜਾਬੀ ਲੇਖਕ ਮੱਖਣ ਮਾਨ ਨੇ ਮਨੀਪੁਰ ਘਟਨਾ ਉਪਰ ਕਵਿਤਾ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਅੱਖਰ ਮੈਗਜ਼ੀਨ ਦੇ ਮੁੱਖ ਸੰਪਾਦਕ ਵਿਸ਼ਾਲ ਵਿਆਸ ਨੇ ਆਪਣੀ ਖ਼ੂਬਸੂਰਤ ਨਜ਼ਮ ਸੁਣਾ ਕੇ ਸਾਰਿਆਂ ਤੋਂ ਵਾਹ ਵਾਹ ਖੱਟੀ। ਦਲਜਿੰਦਰ ਰਹਿਲ ਇਟਲੀ ਨੇ ਸ਼ਬਦਾਂ ਦੀ ਲੋਅ ਕਵਿਤਾ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਅਤੇ  ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਆਪਣੇ ਵੱਲੋਂ ਇਤਾਲਵੀ ਭਾਸ਼ਾ ਤੋਂ ਅਨੁਵਾਦਿਤ ਰਚਨਾ ਨੂੰ ਵਿਲੱਖਣ ਅੰਦਾਜ਼ ਵਿਚ ਪੇਸ਼ ਕੀਤਾ। ਆਰ ਬੀ ਆਈ ਬੈਂਕ ਆਫਿ਼ਸਰ ਅਤੇ ਉੱਘੇ ਸਾਹਿਤਕਾਰ ਮੋਹਨ ਸਿੰਘ ਮੋਤੀ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾ ਕੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ।
ਪੰਜਾਬ ਭਵਨ ਦੀ ਮੁੱਖ ਸੰਚਾਲਿਕਾਂ ਵੱਲੋਂ ਆਏ ਹੋਏ ਪ੍ਰਵਾਸੀ ਸਾਹਿਤਕਾਰਾਂ ਦਲਜਿੰਦਰ ਰਹਿਲ ਇਟਲੀ ਨੂੰ ਅੱਖਰ ਮੈਗਜ਼ੀਨ ਮੁੱਖ ਸੰਪਾਦਕ ਵਿਸ਼ਾਲ ਵਿਆਸ ਅਤੇ ਮੁਖਤਿਆਰ ਸਿੰਘ ਸ਼ਿਵਾਨ ਅਤੇ ਮੋਹਨ ਸਿੰਘ ਮੋਤੀ  ਤੋਂ ਸਨਮਾਨਿਤ ਕਰਵਾਇਆ ਗਿਆ। ਪ੍ਰੋ. ਜਸਪਾਲ ਸਿੰਘ ਇਟਲੀ ਨੂੰ ਕਾਵਿ ਸੰਸਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਿਰਦੀ ਜਲੰਧਰ ਤੋਂ  ਅਤੇ ਪੰਜਾਬੀ ਕਵੀ ਨਛੱਤਰ ਸਿੰਘ ਭੋਗਲ ਯੂਕੇ ਨੂੰ ਉੱਘੇ ਸਾਹਿਤਕਾਰ ਸੁਰਿੰਦਰ ਸਿੰਘ ਮਕਸੂਦਪੁਰੀ ਪਾਸੋਂ ਪੰਜਾਬ ਭਵਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਨੂੰ  ਉਹਨਾਂ ਦੇ ਮਾਣ ਸਨਮਾਨ ਵਜੋਂ ਕਿਤਾਬਾਂ ਦੇ ਕੇ ਪ੍ਰੀਤ ਹੀਰ ਵੱਲੋਂ ਸਨਮਾਨਿਤ ਕੀਤਾ ਗਿਆ। ਸੁਰਿੰਦਰ ਸਿੰਘ ਮਕਸੂਦਪੁਰੀ ਨੇ ਆਪਣੀ ਨਵੀਂ ਆਈ ਕਿਤਾਬ” “ਸ਼ਬਦਾਂ ਦੇ ਸੂਰਜ”, ਮੁਖ਼ਤਿਆਰ ਸਿੰਘ ਸ਼ਿਵਾਨ ਵੱਲੋਂ “ਯਾਦਾਂ ਦਾ ਗੁਲਦਸਤਾ” , ਨਛੱਤਰ ਭੋਗਲ ਯੂਕੇ ਦੁਆਰਾ “ਕਲਮ ” ਕਾਵਿ ਸੰਗ੍ਰਹਿ ਅਤੇ  “ਸੁੱਖ ਦੇ ਸਾਥੀ” ਪੰਜਾਬ ਭਵਨ ਮੁੱਖ ਸੰਚਾਲਿਕਾਂ ਨੂੰ ਭੇਟ ਕੀਤੀਆਂ ਗਈਆਂ। । ਕਵੀ ਦਰਬਾਰ ਦੇ ਨਾਲ ਪੰਜਾਬੀ ਮਾਂ ਬੋਲੀ ਲਈ ਹੋ ਰਹੇ ਪੰਜਾਬ ਅਤੇ ਵਿਦੇਸ਼ਾਂ ਵਿਚ  ਉਪਰਾਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦਲਜਿੰਦਰ ਰਹਿਲ ਨੇ ਕਿਹਾ ਕਿ ਪੰਜਾਬ ਭਵਨ ਸਰੀ ਕਨੇਡਾ ਦੇ ਬਾਨੀ ਸ਼੍ਰੀ ਸੁੱਖੀ ਬਾਠ  ਬਹੁਤ ਵੱਡੇ ਪੱਧਰ ‘ਤੇ ਪੰਜਾਬੀ ਮਾਂ ਬੋਲੀ ਲਈ ਉਪਰਾਲੇ ਕਰ ਰਹੇ ਹਨ ਅਤੇ ਉਹਨਾਂ ਦੇ ਕਦਮਾਂ ਤੇ ਚਲਦੇ ਹੋਏ ਅਸੀਂ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਕੇ ਦੇਸ਼ ਵਿਦੇਸ਼ ਵਿਚ ਪੰਜਾਬੀ ਭਾਈਚਾਰੇ ਅਤੇ ਸਕੂਲਾਂ,ਕਾਲਜਾਂ ਵਿੱਚ ਕੰਮ ਰਹੇ ਹਾਂ ਤਾਂ ਜੋ ਸਾਡੇ ਬੱਚੇ ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਆਪਣੀ ਮਿੱਟੀ ਨਾਲ ਜੁੜੇ ਰਹਿਣ। ਪ੍ਰੀਤ ਹੀਰ ਵੱਲੋਂ ਪ੍ਰੋਗਰਾਮ ਦਾ ਮੰਚ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।