Headlines

ਗੁਰਪ੍ਰੀਤ ਸਿੰਘ ਸਹੋਤਾ ਬੀ ਸੀ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਜਰਨੈਲ ਸਿੰਘ ਆਰਟਿਸਟ ਜਨਰਲ ਸਕੱਤਰ ਚੁਣੇ ਗਏ

ਸਰੀ ( ਧਾਲੀਵਾਲ, ਢਿੱਲੋਂ)-ਅੱਜ ਇਥੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਦੀ ਇਕੱਤਰਤਾ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਾਲ 2024-25 ਲਈ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ।  ਚੜ੍ਹਦੀ ਕਲਾ ਨਿਊਜ਼  ਦੇ ਸੰਪਾਦਕ ਅਤੇ ਚੈਨਲ ਪੰਜਾਬੀ ਦੇ ‘ਸਹੋਤਾ ਸ਼ੋਅ ‘ ਦੇ ਸੰਚਾਲਕ ਗੁਰਪ੍ਰੀਤ ਸਿੰਘ ਲੱਕੀ ਸਹੋਤਾ ਪੰਜਾਬੀ ਪ੍ਰੈਸ ਕਲੱਬ ਦੇ ਮੁਢਲੇ ਮੈਂਬਰਾਂ ਵਿੱਚੋਂ ਹਨ। ਅੱਜ ਸਰੀ ਦੇ ਅੰਪਾਇਰ ਬੈਂਕੁਇਟ ਹਾਲ ਵਿੱਚ ਹੋਈ ਚੋਣ ਮੌਕੇ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਬਲਜਿੰਦਰ ਕੌਰ ਅਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਨਾਮ ਪੇਸ਼ ਹੋਣ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦੀ ਰਵਾਇਤ ਨੂੰ ਧਿਆਨ ਵਿਚ ਰੱਖਦਿਆਂ ਦੋਵਾਂ ਆਗੂਆਂ ਨੇ ਆਪਣੇ ਨਾਮ ਵਾਪਿਸ ਲੈ ਲਏ। ਉਪਰੰਤ ਡਾ ਗੁਰਵਿੰਦਰ ਸਿੰਘ ਧਾਲੀਵਾਲ ਵਲੋਂ  ਗੁਰਪ੍ਰੀਤ ਸਿੰਘ ਸਹੋਤਾ ਦਾ ਨਾਂ ਪ੍ਰਧਾਨ ਲਈ ਪੇਸ਼ ਕੀਤੇ ਜਾਣ ਤੇ  ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਸ ਜਰਨੈਲ ਸਿੰਘ ਆਰਟਿਸਟ ਨੂੰ ਕਲੱਬ ਦਾ ਨਵਾਂ ਜਨਰਲ ਸਕੱਤਰ ਚੁਣਿਆ ਗਿਆ। ਹੋਰ ਅਹੁਦੇਦਾਰਾਂ ਵਿਚ ਬਲਜਿੰਦਰ ਕੌਰ  ਮੀਤ ਪ੍ਰਧਾਨ, ਰਸ਼ਪਾਲ ਸਿੰਘ ਗਿੱਲ ਸਹਾਇਕ ਸਕੱਤਰ,ਬਲਦੇਵ ਸਿੰਘ ਮਾਨ ਖਜ਼ਾਨਚੀ ,  ਸੁਖੀ ਰੰਧਾਵਾ ਸਹਾਇਕ ਖਜ਼ਾਨਚੀ ਅਤੇ ਗੁਰਵਿੰਦਰ ਸਿੰਘ ਧਾਲੀਵਾਲ, ਖੁਸ਼ਪਾਲ ਸਿੰਘ ਗਿੱਲ,  ਸੀ ਜੇ ਸਿੱਧੂ ਤੇ ਬਲਵੀਰ ਕੌਰ ਢਿੱਲੋਂ ਐਗਜੈਕਟਿਵ ਮੈਂਬਰ ਚੁਣੇ ਗਏ । ਸੰਨ 2008 ਤੋਂ ਸਥਾਪਿਤ ਬੀ ਸੀ ਪੰਜਾਬੀ ਪ੍ਰੈੱਸ ਕਲੱਬ  ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਮੀਡੀਆ ਦੀ ਸਾਂਝੀ ਸੰਸਥਾ ਹੈ।