Headlines

ਐਮ ਐਲ ਏ ਦਿਲਜੀਤ ਬਰਾੜ ਨੂੰ ਮੈਨੀਟੋਬਾ ਅਸੰਬਲੀ ਦੇ ਸਪੀਕਰ ਦੀ ਜਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ

ਵਿੰਨੀਪੈਗ ( ਸ਼ਰਮਾ)-ਵਿਧਾਨ ਸਭਾ ਹਲਕਾ ਬਰੋਅ ਤੋਂ ਐਨ ਡੀ ਪੀ ਦੇ ਦੂਸਰੀ ਵਾਰ ਐਮ ਐਲ ਏ ਚੁਣੇ ਗਏ ਪੰਜਾਬੀ ਮੂਲ ਦੇ ਆਗੂ ਦਿਲਜੀਤਪਾਲ ਸਿੰਘ ਬਰਾੜ ਮੈਨੀਟੋਬਾ ਨੂੰ ਅਸੰਬਲੀ ਵਿਚ ਸਹਾਇਕ ਡਿਪਟੀ ਸਪੀਕਰ ਦੀ ਜਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ। ਸਦਨ ਵਿਚ ਸਪੀਕਰ ਤੇ ਡਿਪਟੀ ਸਪੀਕਰ ਦੀ ਗੈਰ ਹਾਜਰੀ ਕਾਰਣ ਉਹਨਾਂ ਨੂੰ ਇਕ ਦਿਨ ਸਭਾ ਦੀ ਕਾਰਵਾਈ ਚਲਾਉਣ ਦਾ ਮੌਕਾ ਮੈਬਰਾਂ ਵਲੋਂ ਸਰਬਸੰਮਤੀ ਨਾਲ ਦਿੱਤਾ ਗਿਆ। ਇਸ ਮੌਕੇ ਉਹਨਾਂ ਸਦਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਪਗੜੀਧਾਰੀ ਸਿੱਖ ਵਜੋਂ ਉਹਨਾਂ ਨੂੰ ਮਾਣਯੋਗ ਸਪੀਕਰ ਦੀ ਕੁਰਸੀ ਉਪਰ ਬੈਠਣ ਦਾ ਪਹਿਲਾ ਮੌਕਾ ਮਿਲਿਆ ਹੈ। ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਉਹਨਾਂ ਦਾ ਸਵਾਗਤ ਕੀਤਾ।

ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਅਤੇ ਪ੍ਰੋਫੈਸਰ ਰਹੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਅਤੇ ਪੀ ਏ ਯੂ ਦੇ ਸੇਵਾਮੁਕਤ ਅਧਿਆਪਕ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦਿਲਜੀਤਪਾਲ ਬਰਾੜ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।  ਪ੍ਰੋਃ ਗਿੱਲ ਨੇ ਕਿਹਾ ਕਿ ਕਨੇਡਾ ਦੇ ਮੈਨੀਟੋਬਾ ਸੂਬੇ ‘ਚ ਸਪੀਕਰ ਦੀ ਕੁਰਸੀ ‘ ਤੇ ਬੈਠਣ ਵਾਲੇ ਪਹਿਲੇ ਪੰਜਾਬੀ ਬਣੇ ਦਿਲਜੀਤਪਾਲ ਸਿੰਘ ਬਰਾੜ ਪੰਜਾਬੀ ਮੂਲ ਦੇ ਕਨੇਡੀਅਨ ਸਿਆਸਤਦਾਨ ਬਣੇ ਹਨ ਜਿੰਨ੍ਹਾਂ ਨੂੰ ਮੈਨੀਟੋਬਾ ਵਿਧਾਨ ਸਭਾ ‘ਚ ਸਪੀਕਰ ਦੀ ਕੁਰਸੀ ‘ਤੇ ਬੈਠਣ ਦਾ ਮਾਣ ਮਿਲਿਆ ਹੈ।  ਮੁਕਤਸਰ ਦੇ ਪਿੰਡ ਭੰਗਚੜ੍ਹੀ ‘ਚ ਜੰਮੇ ਦਲਜੀਤਪਾਲ ਸਿੰਘ ਬਰਾੜ 2010 ‘ਚ ਕਨੇਡਾ ਗਏ ਸਨ । 48 ਸਾਲ ਉਮਰ ਦੇ ਦਿਲਜੀਤਪਾਲ ਸਿੰਘ ਬਰਾੜ  ਨੇ 29 ਨਵੰਬਰ ਨੂੰ ਅਸੰਬਲੀ ਵਿਚ ਸਹਾਇਕ ਡਿਪਟੀ ਸਪੀਕਰ ਦੀ ਡਿਊਟੀ ਨਿਭਾਈ ਸੀ।