Headlines

ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਸ਼ਰਧਾਂਜਲੀ ਸਮਾਗਮ 16 ਦਸੰਬਰ ਨੂੰ 

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ ਕਰਵਾਉਣ ਵਾਲੀ ਸੰਸਥਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ ਇਟਲੀ ਵੱਲੋਂ ਇਟਾਲੀਅਨ ਇੰਡੀਅਨ ਪੰਜਾਬੀ ਪ੍ਰੈਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2023 ਦਾ ਆਖਰੀ ਸ਼ਰਧਾਂਜਲੀ ਸਮਾਗਮ ਇਟਲੀ ਦੇ ਫਾਏਂਸਾ ਸ਼ਹਿਰ ਵਿਖੇ ਉਥੋਂ ਦੇ ਸਥਾਨਕ ਪ੍ਰਸਾਸਨ ਦੀ ਮਦਦ ਨਾਲ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਫਾਏਂਸਾ ਸ਼ਹਿਰ ਦੇ ਪਿਆਸਾ ਦੈਲ ਪੋਪੋਲੋ ਵਿਖੇ 16 ਦਸੰਬਰ ਨੂੰ ਸ਼ਹੀਦੀ ਸਮਾਰਕ ‘ਤੇ ਸਵੇਰੇ 10.15 ਵਜੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।ਯਾਦ ਰਹੇ ਕਿ ਇਹ ਪ੍ਰੋਗਰਾਮ ਇਟਾਲੀਅਨ ਤੋਂ ਇਲਾਵਾ ਉਹਨਾਂ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜੋ ਕਿ ਦੂਜੇ ਵਿਸ਼ਵ ਜੰਗ ਦੌਰਾਨ ਫਾਏਂਸਾ ਸ਼ਹਿਰ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਹੋਏ ਸਿੱਖ ਧਰਮ ਦਾ ਨਾਮ ਇਟਲੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਗਏ ਸਨ। ਕਮੇਟੀ ਵੱਲੋਂ ਇਟਲੀ ਵਿੱਚ ਵੱਸਦੇ ਸਾਰੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੋ ਅਤੇ ਇਟਾਲੀਅਨ ਲੋਕਾਂ ਵੱਲੋਂ ਕੀਤੇ ਜਾਂਦੇ ਮਾਣ -ਸਨਮਾਨ ਦੀ ਝਲਕ ਆਪਣੀਆਂ ਨਜ਼ਰਾਂ ਨਾਲ ਵੇਖੋ।