Headlines

ਗੈਂਗਸਟਰਾਂ ਵਲੋਂ ਐਬਟਸਫੋਰਡ, ਸਰੀ ਤੇ ਵੈਨਕੂਵਰ ਵਿਚ ਕਈ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀ ਪੱਤਰ

ਧਮਕੀ ਪੱਤਰ ਵਿਚ ਦੋ ਮਿਲੀਅਨ ਡਾਲਰ ਦੀ ਫਿਰੌਤੀ ਦੇ ਨਾਲ ਜੈ ਸ੍ਰੀ ਰਾਮ ਦਾ ਨਾਅਰਾ ਵੀ ਬੁਲੰਦ –

ਦੋ ਥਾਵਾਂ ਤੇ ਗੋਲੀਬਾਰੀ ਦੀ ਪੁਸ਼ਟੀ- ਪੁਲਿਸ ਵਲੋਂ ਤੁਰੰਤ ਸੰਪਰਕ ਕਰਨ ਦੀ ਅਪੀਲ
—ਬੀ ਸੀ ਕੰਸਰਵੇਟਿਵ ਆਗੂ ਵਲੋਂ ਕਾਰੋਬਾਰੀਆਂ ਨਾਲ ਮੀਟਿੰਗ-ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ-

ਸਰੀ ( ਦੇ ਪ੍ਰ ਬਿ)–ਐਬਟਸਫੋਰਡ, ਸਰੀ ਅਤੇ ਵੈਨਕੂਵਰ ਦੇ ਕਈ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕੀ ਭਰੇ ਪੱਤਰ ਭੇਜੇ ਜਾ ਰਹੇ ਹਨ ਜਿਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਸਬੰਧ ਭਾਰਤ ਵਿਚ ਸਰਗਰਮ ਗੈਂਗਸਟਰਾਂ ਨਾਲ ਹੈ| ਆਨਲਾਈਨ ਘੁੰਮ ਰਹੇ ਇਕ ਪੱਤਰ ਦੀ ਤਸਵੀਰ ਵਿਚ ਐਬਟਸਫੋਰਡ ਦੇ ਦੋ ਘਰਾਂ ਦਾ ਜ਼ਿਕਰ ਹੈ ਜਿਨ੍ਹਾਂ ’ਤੇ ਨਵੰਬਰ ਮਹੀਨੇ ਗੋਲੀ ਚਲਾਈ ਗਈ ਸੀ ਅਤੇ ਕਿਹਾ ਗਿਆ ਕਿ ਗੋਲੀ ਇਸ ਲਈ ਚਲਾਈ ਗਈ ਕਿਉਂਕਿ ਉਨ੍ਹਾਂ ਨੇ ਮੰਗੀ ਗਈ ਫਿਰੌਤੀ ਦੀ ਰਕਮ ਅਦਾ ਨਹੀ ਕੀਤੀ| ਐਬਟਸਫੋਰਡ ਪੁਲਿਸ ਵਿਭਾਗ ਨੇ ਪਿਛਲੇ ਸਮੇਂ ਵਿਚ ਦੱਸਿਆ ਸੀ ਕਿ 4 ਨਵੰਬਰ ਨੂੰ ਤੜਕੇ 3.20 ਵਜੇ ਮੈਕਲਮ ਰੋਡ ਦੇ 600 ਬਲਾਕ ਵਿਚ ਫਾਇਰਿੰਗ ਕੀਤੀ ਗਈ ਸੀ| ਇਸ ਪਿੱਛੋਂ 10 ਮਿੰਟ ਤੋਂ ਘ¾ਟ ਸਮੇਂ ਅੰਦਰ ਮਾਰਟਿਨਜ਼ ਸਟਰੀਟ ਦੇ 2100 ਬਲਾਕ ਵਿਚ ਗੋਲੀ ਚਲਾਏ ਜਾਣ ਦਾ ਟੈਲੀਫੋਨਂ ਆਇਆ ਸੀ| ਫਿਰੌਤੀ ਪੱਤਰ ਜਿਸ ’ਤੇ ਕੋਈ ਤਾਰੀਕ ਵਗੈਰਾ ਅਤੇ ਨਾ ਹੀ ਧਮਕੀ ਦੇਣ ਵਾਲੇ ਦਾ ਨਾਂਅ ਹੈ ਰਾਹੀਂ 2 ਮਿਲੀਅਨ (20 ਲੱਖ ਡਾਲਰ) ਨਕਦੀ ਦੀ ਮੰਗ ਕੀਤੀ ਗਈ ਹੈ| ਇਹ ਪੱਤਰ ਚਿਤਾਵਨੀ ਵਾਲੇ ਬਿਆਨ ਨਾਲ ਸ਼ੁਰੂ ਹੁੰਦਾ ਹੈ|
‘‘ਧਿਆਨ ਨਾਲ ਪੜ੍ਹੋ| ਇਹ ਨਹੀਂ ਸੋਚਣਾ ਕਿ ਇਹ ਜਾਅਲੀ ਪੱਤਰ ਹੈ|’’ ਪੱਤਰ ਇਹ ਸੰਕੇਤ ਕਰਦਾ ਹੈ ਕਿ ਇਹ ਭਾਰਤੀ ਗੈਂਗਸਟਰਾਂ ਵਲੋਂ ਭੇਜਿਆ ਗਿਆ ਹੈ| ਇਸ ਵਿਚ ਅੱਗੇ ਲਿਖਿਆ ਕਿ ‘‘ਜੇਕਰ ਤੁਸੀ ਇਥੇ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਫਿਰੌਤੀ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਅਤੇ ਕ੍ਰਿਪਾ ਕਰਕੇ ਤੁਸੀਂ ਇਹ ਯਕੀਨੀ ਬਣਾਉ ਕਿ ਪੁਲਿਸ ਨਾਲ ਸੰਪਰਕ ਨਾ ਕੀਤਾ ਜਾਵੇ| ਜੇਕਰ ਤੁਸੀਂ ਅਜਿਹਾ ਕੀਤਾ ਤਾਂ ਹੋਰ ਕੋਈ ਪੱਤਰ ਨਹੀਂ ਭੇਜਿਆ ਜਾਵੇਗਾ, ਫਿਰ ਕੇਵਲ ਗੋਲੀ ਮਾਰੀ ਜਾਵੇਗੀ|’’ ਅੱਗੇ ਚੇਤਾਵਨੀ ਹੈ ਕਿ ਲੈਟਰ ਪ੍ਰਾਪਤ ਕਰਨ ਵਾਲੇ ਕੋਲ ਪੈਸੇ ਦੇਣ ਲਈ ਇਕ ਮਹੀਨੇ ਦਾ ਸਮਾਂ ਹੈ ਅਤੇ ਫੋਨ ਜਾਂ ਪੱਤਰ ਭੇਜ ਕੇ ਇਸ ਬਾਰੇ ਫ਼ੈਸਲਾ ਕਰੋ| ਸਾਡੇ ਸਾਰੇ ਪਾਸੇ ਸੰਪਰਕ ਹਨ| ਸਾਨੂੰ ਨਜ਼ਰਅੰਦਾਜ਼ ਨਾ ਕਰੋ| ਇਸ ਦਾ ਤੁਹਾਡੇ ’ਤੇ ਬੁਰਾ ਅਸਰ ਪਵੇਗਾ| ਫਿਰੌਤੀ ਦੀ ਰਕਮ ਕੈਨੇਡਾ ਜਾਂ ਭਾਰਤ ਵਿਚ ਕਿਤੇ ਵੀ ਪਹੁੰਚਾਈ ਜਾ ਸਕਦੀ ਹੈ|’’ ਪੱਤਰ ਦੇ ਸ਼ੁਰੂ ਤੇ ਆਖਰ ਵਿਚ ਜੈ ਸ੍ਰੀ ਰਾਮ ਵੀ ਲਿਖਿਆ ਗਿਆ ਹੈ।
ਐਬਟਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਅਫਸਰ ਕੰਸਟੇਬਲ ਆਰਟ ਸਟੀਲ ਨੇ ਕਿਹਾ ਕਿ ਉਹ ਮਾਮਲੇ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦੇ ਕਿਉਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ| ਭਾਰਤ ਵਿਚਲੇ ਮੀਡੀਆ ਅਦਾਰੇ ਵੀ ਕੈਨੇਡਾ ਵਿਚ ਫਿਰੌਤੀ ਦੇ ਯਤਨਾਂ ਸਬੰਧੀ ਰਿਪੋਰਟਾਂ ਪੇਸ਼ ਕਰ ਰਹੇ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ| ਬਿਸ਼ਨੋਈ ਮੌਜੂਦਾ ਸਮੇਂ ਜੇਲ੍ਹ ਵਿਚ ਬੰਦ ਹੈ ਅਤੇ ਮਈ 2022 ਵਿਚ ਪੰਜਾਬੀ ਦੇ ਪ੍ਰਸਿੱਧ ਰੈਪਰ ਤੇ ਗਾਇਕ ਸਿੱਧੂ ਮੂਸੇ ਵਾਲਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀਆਂ ਵਿਚੋਂ ਇਕ ਹੈ| ਭਾਰਤੀ ਮੀਡੀਆ ਮੁਤਾਬਿਕ ਉਹ ਜੇਲ੍ਹ ਵਿਚ ਬੈਠਾ ਹੀ ਆਪਣਾ ਅਪਰਾਧਿਕ ਕਾਰੋਬਾਰ ਚਲਾ ਰਿਹਾ ਹੈ|

ਫਿਰੌਤੀ ਦੀਆਂ ਕੋਸ਼ਿਸ਼ਾਂ ਦਾ ਮੁੱਦਾ ਸਰੀ ਵਿਚ ਇਕ ਸਿਆਸੀ ਪਾਰਟੀ ਦੀ ਮੀਟਿੰਗ ਵਿਚ ਉਠਾਇਆ ਗਿਆ ਜਿਸ ਵਿਚ ਬੀਸੀ ਦੇ ਕੰਸਰਵੇਟਿਵ ਨੇਤਾ ਜੌਹਨ ਰੁਸਟੈਡ ਸ਼ਾਮਿਲ ਹੋਏ | ਰੁਸਟੈਡ ਨੇ ਟਵਿਟਰ ’ਤੇ ਪਾਈ ਪੋਸਟ ਵਿਚ ਲਿਖਿਆ ਕਿ ਉਸ ਨੇ ਦੱਖਣੀ ਏਸ਼ੀਅਨ ਕਾਰੋਬਾਰੀਆਂ ਨਾਲ ਸਰੀ ਵਿਚ ਮੁਲਾਕਾਤ ਕੀਤੀ ਜਿਨ੍ਹਾਂ ਨੇ ਕੈਨੇਡਾ ਵਿਚ ਤੀਸਰੀ ਦੁਨੀਆਂ ਤੋਂ ਆ ਰਹੇ ਅਪਰਾਧ ’ਤੇ ਚਿੰਤਾ ਜ਼ਾਹਿਰ ਕੀਤੀ ਹੈ| ਗੈਂਗਸਟਰ ਉਨ੍ਹਾਂ ਦੇ ਕਾਰੋਬਾਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਸੁਰੱਖਿਆ ਫੰਡ ਦੇਣ ਲਈ ਕਹਿ ਰਹੇ ਹਨ| ਉਹਨਾਂ ਕਿਹਾ ਕਿ  ਉਦਮੀ ਸੁਰੱਖਿਆ ਤੇ ਤਰੱਕੀ ਦੇ ਵਧੇਰੇ ਮੌਕਿਆਂ ਲਈ ਬੀ ਸੀ ਵਿਚ ਆਏ ਹਨ| ਸਾਨੂੰ ਉਨ੍ਹਾਂ ਨੂੰ ਤੰਗ ਕਰਨ ਵਾਲੇ ਅਪਰਾਧੀਆਂ ਨੂੰ ਫੜਕੇ ਡਿਪੋਰਟ ਕਰਨਾ ਚਾਹੀਦਾ ਹੈ ਅਤੇ ਜੇਲ੍ਹਾਂ ਵਿਚ ਬੰਦ ਕਰਨਾ ਚਾਹੀਦਾ ਹੈ | ਏਜੰਸੀਆਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਵੀ ਫੋਨ ਕਾਲਾਂ ਆਈਆਂ ਹਨ| ਪੁਲਿਸ ਨੇ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਪੱਤਰ ਮਿਲਦਾ ਹੈ ਤਾਂ ਉਹ ਸ਼ੱਕੀ ਨਾਲ ਗੱਲਬਾਤ ਨਾ ਕਰਨ ਅਤੇ ਨਾ ਹੀ ਪੈਸੇ ਭੇਜਣ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ|