Headlines

ਸੰਪਾਦਕੀ- ਫਿਰੌਤੀ ਲਈ ਧਮਕੀ ਪੱਤਰ ਤੇ ਗੋਲੀਬਾਰੀ ਦੀਆਂ ਘਟਨਾਵਾਂ-

ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉਪਰ ਪ੍ਰਸ਼ਨ ਚਿੰਨ …..

-ਸੁਖਵਿੰਦਰ ਸਿੰਘ ਚੋਹਲਾ-

ਯਕੀਨ ਨਹੀਂ ਆਉਂਦਾ ਕਿ ਅਸੀਂ ਸੁਪਨਿਆਂ ਦੀ ਧਰਤੀ ਤੇ ਮਾਨਵੀ ਹੱਕਾਂ ਦੇ ਅਲੰਬਰਦਾਰ ਮੁਲਕ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਜੰਗਲ ਰਾਜ ਦੀ। ਕੈਨੇਡਾ ਵਿਚ ਪੰਜਾਬੀਆਂ ਦੀ ਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਮਿਹਨਤੀ ਪੰਜਾਬੀਆਂ ਦੇ ਸ਼ਾਹੀ ਠਾਠ- ਬਾਠ ਅਤੇ ਅਮੀਰ ਸਭਿਆਚਾਰਕ ਰਵਾਇਤਾਂ ਦੀ ਬਾਤ ਪਾਉਂਦੇ ਅਸੀ ਫੁੱਲੇ ਨਹੀ ਸਮਾਉਂਦੇ। ਪਰ ਅੱਜ ਇਹਨਾਂ ਸ਼ਹਿਰਾਂ ਵਿਚ ਜੋ ਸੁਣਦਾ ਤੇ ਵਾਪਰਦਾ ਨਜ਼ਰ ਆਉਂਦਾ ਹੈ, ਉਹ ਬਹੁਤ ਹੀ ਚਿੰਤਾਜਨਕ ਤੇ ਸ਼ਰਮਸ਼ਾਰ ਕਰਨ ਵਾਲਾ ਹੈ। ਪਿਛਲੇ ਲਗਪਗ ਇਕ ਮਹੀਨੇ ਤੋਂ ਸਥਾਨਕ ਪੰਜਾਬੀ ਰੇਡੀਓ ਸਟੇਸ਼ਨਾਂ ਅਤੇ ਸੋਸ਼ਲ ਮੀਡੀਆ ਉਪਰ ਇਹ ਚਰਚਾ ਜੋਰਾਂ ਤੇ ਹੈ ਕਿ ਸਰੀ, ਵੈਨਕੂਵਰ ਅਤੇ ਐਬਸਫੋਰਡ  ਦੇ ਕਈ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕੀ ਪੱਤਰ ਭੇਜੇ ਜਾਂ ਰਹੇ ਹਨ ਜਾਂ ਫੋਨ ਕਾਲਾਂ ਰਾਹੀਂ ਪੈਸੇ ਦੇਣ ਲਈ ਧਮਕਾਇਆ ਜਾ ਰਿਹਾ ਹੈ। ਗੈਂਗਸਟਰਾਂ ਵਲੋਂ ਆਪਣੀਆਂ ਧਮਕੀਆਂ ਨੂੰ ਸੱਚ ਸਾਬਿਤ ਕਰਨ ਲਈ ਕਾਰੋਬਾਰੀਆਂ ਦੇ ਘਰਾਂ ਉਪਰ ਗੋਲੀਬਾਰੀ ਕਰਕੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਇਹ ਗੋਲੀਆਂ ਘਰ ਦੀਆਂ ਦੀਵਾਰਾਂ ਵਿੰਨ ਸਕਦੀਆਂ ਤਾਂ ਘਰ ਦਾ ਕੋਈ ਜੀਅ ਵੀ ਨਿਸ਼ਾਨਾ ਬਣ ਸਕਦਾ ਹੈ। ਐਬਸਫੋਰਡ ਵਿਚ ਇਕ ਕਾਰੋਬਾਰੀ ਦੇ ਘਰ ਉਪਰ ਪਿਛਲੀ 4 ਨਵੰਬਰ ਨੂੰ ਹੋਈ ਗੋਲੀਬਾਰੀ ਦੀ ਪੁਲਿਸ ਵਲੋਂ ਪੁਸ਼ਟੀ ਕੀਤੀ ਗਈ ਹੈ। ਇਸ ਉਪਰੰਤ ਇਕ ਉਘੇ ਫਿਲਮੀ ਕਲਾਕਾਰ ਦੇ ਵਾਈਟਰੌਕ ਸਥਿਤ ਘਰ ਉਪਰ ਗੋਲੀਬਾਰੀ ਕੀਤੇ ਜਾਣ ਦੀ ਪੋਸਟ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ । ਭਾਵੇਂਕਿ ਬਾਦ ਵਿਚ ਸਪੱਸ਼ਟ ਹੋਇਆ ਹੈ ਕਿ ਉਕਤ ਕਲਾਕਾਰ ਵਾਈਟ ਰੌਕ ਤੋਂ ਸ਼ਿਫਟ ਹੋਕੇ ਨਾਰਥ ਵੈਨਕੂਵਰ ਚਲਾ ਗਿਆ ਹੈ। ਇਸ ਲਈ ਗੋਲੀਬਾਰੀ ਦੀ ਇਸ ਘਟਨਾ ਨੂੰ ਇਕ ਅਫਵਾਹ ਵਜੋ ਲਿਆ ਗਿਆ। ਇਸੇ ਦੌਰਾਨ ਕਲਾਕਾਰ ਵਲੋਂ ਖੁਦ ਕੈਮਰੇ ਸਾਹਮਣੇ ਆਕੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਸਚਮੁੱਚ ਉਸਦੇ ਨਾਰਥ ਵੈਨਕੂਵਰ ਸਥਿਤ ਘਰ ਉਪਰ ਗੋਲੀਬਾਰੀ ਹੋਈ ਹੈ ਜਿਸ ਦੌਰਾਨ ਉਸਦੀ ਕਾਰ ਵੀ ਨੁਕਸਾਨੀ ਗਈ ਹੈ।

ਸਰੀ ਦੇ ਭਾਰੀ ਰੌਣਕ ਵਾਲੇ ਪਾਇਲ ਸੈਂਟਰ ਵਿਚ ਸਥਿਤ ਇਕ ਮਨੀ ਐਕਸਚੇਂਜ ਵਾਲੇ ਨੂੰ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਲੁੱਟ ਲਏ ਜਾਣ ਤੇ ਫਿਰ ਇਕ ਜਿਊਲਰੀ ਸ਼ਾਪ ਉਪਰ ਗੋਲੀਆਂ ਮਾਰਨ ਦੀ ਘਟਨਾ ਉਪਰੰਤ ਸਥਾਨਕ ਪੁਲਿਸ ਨੇ ਘਟਨਾਵਾਂ ਦੀ ਪੁਸ਼ਟੀ ਕੀਤੀ। ਇਸਤੋਂ ਪਹਿਲਾ ਪੁਲਿਸ ਬੁਲਾਰੇ ਦਾ ਕਹਿਣਾ ਸੀ ਕਿ ਉਹਨਾਂ ਪਾਸ ਫਿਰੌਤੀਆਂ ਲਈ ਧਮਕੀ ਪੱਤਰ ਜਾਂ ਕਿਸੇ ਕਾਰੋਬਾਰੀ ਤੋਂ ਫਿਰੌਤੀ ਲਏ ਜਾਣ ਦੀ ਕਿਸੇ ਘਟਨਾ ਦੀ ਨਾ ਤਾਂ ਕੋਈ ਰਿਪੋਰਟ ਹੈ ਤੇ ਨਾਹੀ ਸ਼ਿਕਾਇਤ। ਇਸ ਸਭ ਦੇ ਬਾਵਜੂਦ ਸਥਾਨਕ ਪੁਲਿਸ ਫਿਰੌਤੀ ਲਈ ਧਮਕੀ ਪੱਤਰਾਂ ਨੂੰ ਗੰਭੀਰ ਮਾਮਲਾ ਨਹੀ ਸੀ ਮੰਨ ਰਹੀ ਪਰ ਹੁਣ ਵਾਈਟ ਰੌਕ ਦੇ ਇਕ ਕਾਰੋਬਾਰੀ ਦੇ ਘਰ ਉਪਰ ਕੀਤੀ ਗਈ ਗੋਲੀਬਾਰੀ ਨੂੰ ਇਸ ਧਮਕੀ ਪੱਤਰ ਨਾਲ ਜੋੜਦਿਆਂ ਜਾਂਚ ਲਈ ਸਹਿਮਤ ਹੋਈ ਹੈ। ਵਾਈਟ ਰੌਕ ਦੇ ਕਾਰੋਬਾਰੀ ਦਾ ਕਹਿਣਾ ਹੈ ਕਿ ਉਸਦੇ ਘਰ ਦੇ ਫੋਨ ਉਪਰ ਹਰਿਆਣਵੀ ਲਹਿਜੇ ਵਿਚ ਰਿਕਾਰਡ ਹੋਇਆ ਸੁਨੇਹਾ ਸੁਣਿਆ ਗਿਆ। ਇਸ ਸੁਨੇਹੇ ਵਿਚ ਉਹਨਾਂ ਦੇ ਕਾਰੋਬਾਰ ਦੀ ਸਲਾਮਤੀ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਇਹ ਵੀ ਚੇਤਾਵਨੀ ਦਿੱਤੀ ਗਈ ਕਿ ਘਰ ਉਪਰ ਗੋਲੀਬਾਰੀ ਦਾ ਮਕਸਦ, ਉਹਨਾਂ ਦੇ ਮੈਸਜ ਨੂੰ ਸਹਿਜ ਨਾ ਲਿਆ ਜਾਵੇ। ਕਾਰੋਬਾਰੀ ਮੁਤਾਬਿਕ ਘਰ ਉਪਰ ਰਾਤ 12 ਵਜੇ ਤੇ ਕਰੀਬ ਗੋਲੀਬਾਰੀ ਹੋਈ। ਉਹਨਾਂ ਤੁਰੰਤ 911 ਤੇ ਕਾਲ ਕੀਤੀ। ਪੁਲਿਸ ਆਈ ਤੇ ਘਰ ਦੇ ਬਾਹਰੋਂ ਖਾਲੀ ਕਾਰਤੂਸ ਬਰਾਮਦ ਹੋਏ । ਇਕ ਗੋਲੀ ਉਹਨਾਂ ਦੇ ਗਵਾਂਢੀ ਦੇ ਡਰਾਇੰਗ ਰੂਮ ਵਿਚ ਪਏ ਟੀਵੀ ਉਪਰ ਲੱਗੀ। ਉਸ ਸਮੇਂ ਬੱਚੇ ਉਸ ਕਮਰੇ ਵਿਚ ਮੌਜੂਦ ਸਨ। ਕੋਈ ਵੀ ਅਣਹੋਣੀ ਵਾਪਰ ਸਕਦੀ ਸੀ। ਵਾਈਟਰੌਕ ਦੇ ਮੈਰੀਨ ਡਰਾਈਵ ਉਪਰ ਸਥਿਤ ਘਰ ਦੇ ਮਾਲਕ ਵਲੋਂ ਫਿਰੌਤੀ ਲਈ ਫੋਨ ਕਾਲ ਅਤੇ ਗੋਲੀਬਾਰੀ ਦੀ ਇਸ ਘਟਨਾ ਬਾਰੇ ਪੁਲਿਸ ਕੋਲ 911 ਤੇ ਕੀਤੀ ਗਈ ਕਾਲ ਸ਼ਾਇਦ ਇਹ ਪਹਿਲੀ ਸ਼ਿਕਾਇਤ ਵਜੋਂ ਦਰਜ ਹੋਈ ਹੈ। ਇਸ ਉਪਰੰਤ ਹੀ ਪੁਲਿਸ ਨੇ ਮੰਨਿਆ ਹੈ ਕਿ ਲੋਅਰ ਮੇਨਲੈਂਡ ਦੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀ ਪੱਤਰਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਜੋੜਕੇ ਜਾਂਚ ਆਰੰਭੀ ਗਈ ਹੈ।

ਇਸਤੋ ਪਹਿਲਾਂ ਸੋਸ਼ਲ ਮੀਡੀਆ ਉਪਰ ਘੁੰਮ ਰਹੇ ਧਮਕੀ ਪੱਤਰ ਦੀ ਇਬਾਰਤ ਵੀ ਪੜਨਯੋਗ ਹੈ। ਇਹ ਪੱਤਰ ਚਿਤਾਵਨੀ ਵਾਲੇ ਬਿਆਨ ਨਾਲ ਸ਼ੁਰੂ ਹੁੰਦਾ ਹੈ‘‘ਧਿਆਨ ਨਾਲ ਪੜ੍ਹੋ ਇਹ ਨਹੀਂ ਸੋਚਣਾ ਕਿ ਇਹ ਜਾਅਲੀ ਪੱਤਰ ਹੈ,ਜੇਕਰ ਤੁਸੀ ਇਥੇ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਫਿਰੌਤੀ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਅਤੇ ਕ੍ਰਿਪਾ ਕਰਕੇ ਤੁਸੀਂ ਇਹ ਯਕੀਨੀ ਬਣਾਉ ਕਿ ਪੁਲਿਸ ਨਾਲ ਸੰਪਰਕ ਨਾ ਕੀਤਾ ਜਾਵੇ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਹੋਰ ਕੋਈ ਪੱਤਰ ਨਹੀਂ ਭੇਜਿਆ ਜਾਵੇਗਾ ਕੇਵਲ ਗੋਲੀ ਮਾਰੀ ਜਾਵੇਗੀ’’ ਅੱਗੇ ਚੇਤਾਵਨੀ ਹੈ ਕਿ ਲੈਟਰ ਪ੍ਰਾਪਤ ਕਰਨ ਵਾਲੇ ਕੋਲ ਪੈਸੇ ਦੇਣ ਲਈ ਇਕ ਮਹੀਨੇ ਦਾ ਸਮਾਂ ਹੈ। ਫਿਰੌਤੀ ਦੀ ਰਕਮ ਕੈਨੇਡਾ ਜਾਂ ਭਾਰਤ ਵਿਚ ਕਿਤੇ ਵੀ ਪਹੁੰਚਾਈ ਜਾ ਸਕਦੀ ਹੈ’’ ਇਸ ਪੱਤਰ ਉਪਰ ਵਾਰਨਿੰਗ ਲਿਖਦਿਆਂ ਤਿੰਨ ਵਾਰ ਜੈ ਸ੍ਰੀ ਰਾਮ ਅਤੇ ਪੱਤਰ ਦੇ ਆਖਰ ਵਿਚ ਵੀ ਜੈ ਸ੍ਰੀ ਰਾਮ ਲਿਖਦਿਆਂ ਸ਼ੱਕੀ ਗੈਂਗਸਟਰਾਂ ਵਲੋਂ ਘਟਨਾਕ੍ਰਮ ਨੂੰ ਫਿਰਕੂ ਰੰਗਤ ਦੇਣ ਦਾ ਵੀ ਯਤਨ ਕੀਤਾ ਹੈ।

ਸਾਊਥ ਏਸ਼ੀਅਨ ਭਾਈਚਾਰੇ ਨੂੰ ਮਿਲੇ ਅਜਿਹੇ ਧਮਕੀ ਪੱਤਰਾਂ ਅਤੇ ਫੋਨ ਕਾਲਾਂ ਦੀ ਚਰਚਾ ਸਿਆਸੀ ਗਲਿਆਰਿਆਂ ਤੱਕ ਵੀ ਪੁੱਜ ਗਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਇਸ ਘਟਨਾਕ੍ਰਮ ਨੂੰ ਅਤਿ ਗੰਭੀਰ ਦਸਦਿਆਂ ਪੁਲਿਸ ਜਾਂਚ ਉਪਰ ਯਕੀਨ ਪ੍ਰਗਟਾਇਆ ਹੈ। ਪਰ ਇਸੇ ਦੌਰਾਨ ਯੂਬੇ ਵਿਚ ਨਵੀਂ ਉਭਰ ਰਹੀ ਬੀ ਸੀ ਕੰਸਰਵੇਟਿਵ ਪਾਰਟੀ ਦੇ ਆਗੂ ਵਲੋਂ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਦੁਖੜੇ ਸੁਣਨ ਦੇ ਨਾਲ ਜੋ ਮੈਸਜ਼ ਟਵੀਟ ਕੀਤਾ ਹੈ ਉਸਨੇ ਇਸ ਘਟਨਾਕ੍ਰਮ ਨੂੰ ਇਕ ਭਾਈਚਾਰੇ ਨਾਲ ਜੋੜਦਿਆਂ ਨਸਲਵਾਦ ਨੂੰ ਸ਼ਹਿ ਦੇਣ ਵਾਲਾ ਮੁੱਦਾ ਬਣਾ ਦਿੱਤਾ ਹੈ। ਉਹਨਾਂ ਵਲੋਂ ਸ਼ੱਕੀ ਗੈਂਗਸਟਰਾਂ ਖਿਲਾਫ ਕਾਰਵਾਈ ਨੂੰ ਤੀਸਰੀ ਦੁਨੀਆ ਦੇ ਅਪਰਾਧ ਦਾ ਕੈਨੇਡਾ ਵਿਚ ਘੁਸਪੈਠ ਕਰਨਾ ਦੱਸਣਾ ਤੇ ਅਪਰਾਧੀਆਂ ਨੂੰ ਫੜਕੇ ਡਿਪੋਰਟ ਕੀਤੇ ਜਾਣ ਦੀ ਗੱਲ ਨੇ ਨਵੀ ਚਰਚਾ ਛੇੜ ਦਿੱਤੀ ਹੈ। ਉਹਨਾਂ ਦੇ ਇਸ ਬਿਆਨ ਦਾ ਇਕ ਹੋਰ ਸਿਆਸੀ ਆਗੂ ਨੇ ਵਿਰੋਧ ਕਰਦਿਆਂ ਇਸਨੂੰ ਨਸਲਵਾਦੀ ਹਿੰਸਾ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਦੱਸਿਆ ਹੈ। ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੀਆਂ ਅਸਮਾਜਿਕ ਘਟਨਾਵਾਂ ਕਾਰਣ ਪਹਿਲਾਂ ਹੀ ਇਕ ਖਾਸ ਵਰਗ ਦੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਸਿਆਸੀ ਲੋਕਾਂ ਨੂੰ ਅਜਿਹੀ ਬਿਆਨਬਾਜੀ ਵਿਚ ਉਲਝਣ ਦੀ ਬਿਜਾਏ ਸੁਰੱਖਿਆ ਏਜੰਸੀਆਂ ਨੂੰ ਅਪਰਾਧੀ ਅਨਸਰਾਂ ਖਿਲਾਫ ਸਖਤੀ ਨਾਲ ਸਿੱਝਣ ਲਈ ਜੋਰ ਪਾਉਣ ਦੀ ਲੋੜ ਹੈ। ਕਿਸੇ ਵੀ ਸਰਕਾਰ ਜਾਂ ਸੁਰੱਖਿਆ ਏਜੰਸੀ ਦਾ ਪਹਿਲਾ ਕੰਮ ਆਪਣੇ ਸ਼ਹਿਰੀਆਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਅਮਨ ਕਨੂੰਨ ਦੀ ਸਥਿਤੀ ਬਹਾਲ ਰੱਖਣਾ ਹੁੰਦਾ ਹੈ। ਹੁਣ ਅਗਰ ਆਰ ਸੀ ਐਮ ਪੀ ਨੇ ਫਿਰੌਤੀ ਲਈ ਧਮਕੀ ਪੱਤਰਾਂ ਜਾਂ ਫੋਨ ਕਾਲਾਂ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜਨਾ ਮੰਨਦਿਆਂ ਜਾਂਚ ਦੇ ਦਾਇਰੇ ਵਿਚ ਲਿਆ ਹੈ ਤਾਂ ਤਵੱਕੋ ਕਰਨੀ ਬਣਦੀ ਹੈ ਕਿ ਇਸ ਸਾਰੇ ਘਟਨਾਕ੍ਰਮ ਦੀ ਅਸਲੀਅਤ ਜਲਦ ਬੇਪਰਦ ਹੋਵੇ। ਕਾਰੋਬਾਰੀਆਂ ਤੇ ਆਮ ਸ਼ਹਿਰੀਆਂ ਵਿਚ ਸਰਕਾਰ ਤੇ ਪੁਲਿਸ ਤੰਤਰ ਪ੍ਰਤੀ ਸੁਰੱਖਿਆ ਤੇ ਵਿਸ਼ਵਾਸ ਦੀ ਭਾਵਨਾ ਮਜ਼ਬੂਤ ਹੋਵੇ।