Headlines

ਰੋਮ ਦੇ ਗੁਰੂ ਘਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ 554ਵਾਂ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂ ਆਗਮਨ ਪੁਰਬ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੀਆ ਨਾਨਕ ਲੇਵਾ ਸੰਗਤਾਂ ਵਲੋ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਜਿਨ੍ਹਾ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ (ਰੋਮ) ਵਿਖੇ ਪ੍ਰਬੰਧਕ ਵਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬਧੀ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਨਾਲ ਭੋਗ ਪਾਏ ਗਏ। ਤੇ ਭੋਗ ਉਪਰੰਤ ਵੱਖ ਵੱਖ ਰਾਗੀ ਸਿੰਘਾ ਤੇ ਕਥਾ ਵਾਚਕਾਂ ਵਲੋ ਗੁਰੂ ਜੀ ਦੇ ਜੀਵਨ ਤੇ ਇਤਿਹਾਸ ਵਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਬੀਬੀ ਕੁਲਵੀਰ ਕੌਰ ਜੰਡੂ ਸਿੰਘਾ ਤੇ ਸਾਥੀਆ ਨੇ ਕੀਰਤਨ ਦੁਆਰਾ ਤੇ ਭਾਈ ਗੁਰਮੀਤ ਸਿੰਘ ਕਥਾਵਾਚਕ ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ ਵਿਖੇ ਭਾਈ ਅਮ੍ਰਿੰਤਵੀਰ ਸਿੰਘ ਤੇ ਸਾਥੀਆਂ ਵਲੋ ਕੀਰਤਨ ਦਰਬਾਰ ਸਜਾਇਆ ਗਿਆ। ਦੂਜੇ ਪਾਸੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਭਾਰਤੀ ਦੂਤਾਵਾਸ ਰੋਮ ਤੋ ਸ਼੍ਰੀ ਦੀਪਕਰ (ਫਸਟ ਮੁੱਖ ਸੈਕਟਰੀ) ਨੇ ਉਚੇਚੇ ਤੌਰ ਤੇ ਪਹੁੰਚ ਕੇ ਗੁਰਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਸੰਗਤਾਂ ਦੇ ਦਰਸ਼ਨ ਕੀਤੇ ਤੇ ਗੁਰਬਾਣੀ ਸਰਵਣ ਕੀਤੀ। ਉਨ੍ਹਾ ਵਲੋ ਕਿਹਾ ਕਿ ਭਾਰਤੀ ਦੂਤਾਵਾਸ ਰੋਮ ਹਮੇਸ਼ਾ ਹੀ ਹਰ ਸੰਭਵ ਸਹਿਯੋਗ ਲਈ ਹਰ ਇੱਕ ਲਈ ਖੁੱਲਾ ਹੈ। ਉਨ੍ਹਾ ਵਲੋ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਤੇ ਗੁਰਦੁਆਰਾ ਵਲੋ ਸ਼੍ਰੀ ਦੀਪਕਰ ਦਾ ਵਿਸ਼ੇਸ਼ ਤੌਰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਦੋਵਾ ਗੁਰਦੁਆਰਿਆਂ ਵਿਖੇ ਸਮਾਗਮ ਦੀ ਸਮਾਪਤੀ ਮੌਕੇ ਪ੍ਰਬੰਧਕ ਕਮੇਟੀ ਵਲੋ ਸਮਾਗਮ ਵਿੱਚ ਸੇਵਾਵਾਂ ਕਰਨ ਵਾਲੀਆ ਸੰਗਤਾਂ ਤੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।