Headlines

ਕਾਵਿ ਪੁਸਤਕ-ਕੰਮੀਆਂ ਦੀ ਕੁੜੀ-ਸੰਨੀ ਧਾਲੀਵਾਲ

ਰੀਵਿਊਕਾਰ–ਅਵਤਾਰ ਸਿੰਘ ਧਾਲੀਵਾਲ

ਇਕ ਕਦਮ ਹੋਰ-

ਸੰਨੀ ਧਾਲੀਵਾਲ ਹੁਣ ਪੰਜਾਬੀ ਸਾਹਿੱਤ ਦੇ ਪਾਠਕਾਂ ਲਈ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ।ਸੋਸ਼ਲ ਮੀਡੀਆ ਤੋਂ ਇਲਾਵਾ ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ਖ਼ਾਲੀ ਆਲ੍ਹਣਾ ‘ ਬਾਰੇ ਦੇਸਾਂ ਪਰਦੇਸਾਂ ਦੇ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੇ ਰੀਵੀਊ , ਉਸਦੀ ਹੌਸਲਾ ਅਫਜਾਈ ਕਰਦੇ ਹਨ। ਉਸ ਦੀਆਂ ਕਵਿਤਾਵਾਂ ਦੇਸਾਂ ਪਰਦੇਸਾਂ ਦੇ ਅਖਬਾਰਾਂ ਅਤੇ ਰਿਸਾਲਿਆਂ ਵਿੱਚ ਲਗਾਤਾਰ ਛਪਦੀਆਂ ਹਨ। ਭਾਰਤ, ਯੂ. ਐਸ. ਏ., ਆਸਟ੍ਰੇਲੀਆ, ਯੂ ਕੇ ,ਕੈਨੇਡਾ, ਨਿਊਜ਼ੀਲੈਂਡ ਦੇ ਰੇਡੀਓ ਚੈਨਲਾਂ ਤੇ ਸੁਣਾਈਆਂ ਜਾਂਦੀਆਂ ਹਨ , ਵਿਚਾਰਵਾਨ ਪ੍ਰਸੰਸਾ ਭਰਪੂਰ ਟਿੱਪਣੀਆਂ ਕਰਦੇ ਹਨ ।ਪਾਠਕ ਉਸ ਦੀਆਂ ਕਵਿਤਾਵਾਂ ਦੀ ਉਡੀਕ ਕਰਦੇ ਹਨ ।
ਹੁਣ ਉਹ ਆਪਣਾ ਦੂਜਾ ਕਾਵਿ ਸੰਗ੍ਰਹਿ ‘ਮੈਂ ਕੰਮੀਆਂ ਦੀ ਕੁੜੀ ‘ ਲੈ ਕੇ ਪਾਠਕਾਂ ਦੇ ਸਨਮੁੱਖ ਹੈ ।
ਇਸ ਕਾਵਿ ਸੰਗ੍ਰਹਿ ਦੀ ਲੱਗ-ਭੱਗ ਹਰ ਕਵਿਤਾ ਕਿਸੇ ਵੱਖਰੇ ਜ਼ਾਵੀਏ ਤੋਂ ਸੁਨੇਹਾ ਦੇ ਰਹੀ ਹੈ ।
ਸਮਕਾਲੀ ਸਮਾਜ ,ਵਿਸ਼ੇਸ਼ ਕਰ ਕੇ ਪੰਜਾਬੀਆਂ ਦੇ ਵਤੀਰੇ ਵੱਲ ਉਹ ਘੋਖਵੀਂ ਨਜ਼ਰ ਨਾਲ਼ ਦੇਖਦਾ ਹੈ ।ਲੋਕਾਂ ਦੀਆਂ ਜਿਹੜੀਆਂ ਗਤੀਵਿਧੀਆਂ ਤੇ ਹਰਕਤਾਂ ਉਸ ਨੂੰ ਬੇਚੈਨ ਕਰਦੀਆਂ ਹਨ, ਜਿਹੜੀਆਂ ਸੁਹਿਰਦ ਮਾਨਵੀ ਸਮਾਜ ਦੀਆਂ ਸੀਮਾਵਾਂ ਉਲੰਘਦੀਆਂ ਮਹਿਸੂਸ ਕਰਦਾ ਹੈ ਜਾਂ ਕਿਸੇ ਪਾਸੇ ਵੀ ਉਲਾਰ ਹੁੰਦੀਆਂ ਜਾਪਦੀਆਂ ਹਨ , ਉਨ੍ਹਾਂ ਬਾਰੇ ਅਨੇਕਾਂ ਸੁਆਲ ਉਸ ਦੇ ਮਨ ਵਿੱਚ ਉੱਠਦੇ ਹਨ ।ਉਹ ਸਰਲ ਕਵਿਤਾਵਾਂ ਰਾਹੀਂ ਸ਼ੀਸ਼ਾ ਦਿਖਾ ਦਿੰਦਾ ਹੈ ।

ਤੂੰ ਕੰਮੀਆਂ ਦੀ ਕੁੜੀ / ਮੈਂ ਜੱਟਾਂ ਦਾ ਮੁੰਡਾ
ਇਹ ਨਹੀਂ ਹੋਣਾ / ਤੂੰ ਆਪਣੇ ਰਾਹ ਪੈ
ਦਿਲ ਦੁਲ ਨੂੰ ਛੱਡ / ਹਨੇਰੇ ਸਵੇਰੇ ਟਿਊਬਵੈੱਲ ਤੇ ਆ ਜਾਵੀਂ ….
ਬੱਸ ਮੇਰੀ ਭੁੱਖ ਮਿਟਾ ਜਾਵੀਂ

ਮੈਂ ਤਾਂ ਮਾਂ ਦੀ ਇੱਕ ਗੱਲ ਵੀ ਨਹੀਂ ਮੰਨੀ
ਹੁਣ ਮੈਂ ਕਿਹੜੇ ਮੂੰਹ ਨਾਲ਼ ਆਖਾਂ / ਹੈਪੀ ਮਦਰਜ਼ ਡੇ

ਇੱਕੋ ਹੀ ਗੱਲ / ਸਾਡੇ ਸਿਰਾਂ ਵਿੱਚ ਫਸੀ ਰਹਿੰਦੀ ਹੈ
ਕਿ ਵਰਤਿਆ ਮਾਲ ਹੈ /ਜੂਠਾ ਮਾਲ ਹੈ

ਤੇਰਾ ਡੈਡੀ / ਆਪਣੀ ਮੁੱਠੀ
ਸਿਆਸੀ ਲੋਕਾਂ ਦੀਆਂ /ਜੇਬਾਂ ਵਿੱਚ ਪਾ ਲੈੰਦਾ

ਜੇ ਭਈਆ ਆਪਣੇ ਪਰਿਵਾਰ ਨਾਲ਼ / ਪੰਜਾਬ ਰਹਿਣ ਲਈ ਆ ਜਾਵੇ
ਅਸੀਂ ਮੱਥੇ ਤੇ ਤਿਉੜੀਆਂ ਪਾਉਂਦੇ ਹਾਂ
ਜੇ ਕੋਈ ਗੋਰਾ ਸਿੱਖ ਬਣ ਜਾਵੇ / ਜਾਂ ਕੋਈ ਗੋਰੀ ਮੰਦਰ ਆਉਣ ਲੱਗ ਜਾਵੇ …
ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ…..
ਆਪਣੀ ਅਕਲ ਦਾ ਆਪ ਹੀ ਜਲੂਸ ਕੱਢਦੇ ਹਾਂ

ਮੌਮ ! ਇੰਡੀਆ ਦੀ ਮਨੀਪੁਰ ਸਟੇਟ ਵਿੱਚ
ਦੋ ਲੇਡੀਜ਼ ਨੂੰ ਨੇਕਡ ਕਰ ਕੇ /ਇੱਧਰ ਉੱਧਰ ਘੁੰਮਾਂ ਰਹੇ ਸਨ

ਜੀ …ਜੀ …ਜੀ …ਮੈਂ ਸੋਚਦਾ ਸੀ / ਲੀਡਰਾਂ ਤੇ ਮੰਤਰੀਆਂ ਦੇ ਬੱਚੇ ….
ਸ਼ਹੀਦ ਕਿਉਂ ਨਹੀਂ ਹੁੰਦੇ ?/ ਚਿੱਟੀ ਸਿਓਂਕ ਤੇ ਭਗਵਿਆਂ ਦੇ ਬੱਚੇ
ਸ਼ਹੀਦ ਕਿਉਂ ਨਹੀਂ ਹੁੰਦੇ ?
ਕਿਸੇ ਗਰੀਬ ਬਾਬੇ ਕਿਸ਼ਨ ਸਿੰਘ ਦਾ / ਪੋਤਾ ਹੀ ਕਿਉਂ ਸ਼ਹੀਦ ਹੁੰਦਾ ਹੈ ?
ਕਿਉਂ ਕਿਸੇ ਗੁਰਮੁਖ ਸਿੰਘ ਦੇ ਇਕਲੌਤੇ ਜਵਾਨ ਪੁੱਤਰ ਦੀ ਲਾਸ਼
ਬਾਰਡਰ ਤੋਂ ਤਾਬੂਤ ਵਿੱਚ ਲਿਪਟੀ ਪਿੰਡ ਪਹੁੰਚਦੀ ਹੈ ?

ਅਜਿਹਾ ਕੁਝ ਕਰਨ ਵਾਲ਼ੇ ਭਾਵੇਂ ਕੁਝ ਨੌਜਵਾਨ ਪੀੜ੍ਹੀ ਦੇ ‘ਕਾਕੇ‘ ਹੋਣ, ਜਾਤ, ਧਰਮ ਦੀ ਹਉਂ ਵਿੱਚ ਗ੍ਰਸਤ ਲੋਕ ਹੋਣ ; ਕੇਵਲ ਆਪਣੇ ਹਿੱਤ ਪਾਲਣ ਵਾਲ਼ੇ ਸਿਆਸੀ ਆਗੂ, ਕਵੀ, ਅਖੌਤੀ ਬੁੱਧੀਜੀਵੀ, ਕਹੇ ਜਾਂਦੇ ਵਿਦਵਾਨ ਹੋਣ। ਉਹਨਾਂ ਦੇ ਦਕੀਆਨੂਸੀ ਵਰਤਾਰੇ ਸੁਣ ਦੇਖ ਕੇ ਉਹ ਭਾਵੁਕ ਹੋ ਜਾਂਦਾ ਹੈ। ਚਾਪਲੂਸੀਆਂ, ਭ੍ਰਿਸ਼ਟਾਚਾਰ, ਪਖੰਡਾਂ, ਧਾਰਮਿਕ ਸੰਕੀਰਨਤਾ ਤੇ ਕਾਮੁਕ ਸੋਚਾਂ ਵਾਲਿਆਂ ਤੇ ਵਿਅੰਗ ਕੱਸਦਾ ਹੈ। ਉਨ੍ਹਾਂ ਦੇ ਨਕਾਬ ਲਾਹੁੰਦਾ ਹੈ। ਔਰਤਾਂ ਨਾਲ਼ ਹੁੰਦੇ ਸਲੂਕ ਤੇ ਉਸ ਪ੍ਰਤਿ ਸਾਡੇ ਰਵੱਈਏ ਦਾ ਜ਼ਿਕਰ ਹੀ ਨਹੀਂ ਸਗੋਂ ਕੇਵਲ ‘ਸੋ ਸੈਡ‘ ਕਹਿਣ ਵਾਲ਼ੀਆਂ ਔਰਤਾਂ ਨੂੰ ਵੀ ਸੁਚੇਤ ਵੀ ਕਰਦਾ ਹੈ ।

ਉਹ ਆਪਣੀਆਂ ਕੁਰਸੀਆਂ ਬਚਾਉਣ ਖਾਤਰ
ਹਿੰਦੂਆਂ ਨੂੰ ਸਿੱਖਾਂ ਨਾਲ਼ / ਸਿੱਖਾਂ ਨੂੰ ਕ੍ਰਿਸਚੀਅਨਾਂ ਨਾਲ਼ ਲੜਾਉਣਗੇ
ਬਾਹਰਲੇ ਪੰਜਾਬੀਆਂ ਨੂੰ / ਅੰਦਰਲੇ ਪੰਜਾਬੀਆਂ ਵਿਰੁੱਧ ਭੜਕਾਉਣਗੇ …

ਐ ਧਰਤੀ ਪੰਜਾਬ ਦੀਏ / ਤੂੰ ਆਪਣਾ ਬਚਾਅ ਕਰ
ਫਿਰ ਤੇਰਾ ਰੇਪ ਹੋਣ ਜਾ ਰਿਹਾ ਹੈ

ਆਹ ਜਿਹੜੇ ਆਪਣੇ / ਘਟੀਆ ਲੀਡਰ /ਪੁਜਾਰੀ /ਚਿੱਟੀ ਸਿਉਂਕ / ਰਿਸ਼ਵਤ ਖਾਣ ਵਾਲ਼ੇ
ਕੁੜੀਆਂ ਨੂੰ ਨੰਗੀਆਂ ਨਚਾਉਣ ਵਾਲ਼ੇ ਸਿੰਗਰ / ਚਿੱਟਾ ਵੇਚਣ ਵਾਲ਼ੇ
ਜਾਤ ਪਾਤ ਤੇ ਧਰਮ ਦੇ ਨਾਂ ਤੇ ਲੜਾਉਣ ਵਾਲ਼ੇ / ਏਕ ਨੂਰ ਤੇ ਸਭ ਜਗ ਉਪਜਿਆ
ਕਉਨ ਭਲੇ ਕੋ ਮੰਦੇ / ਵਰਗੀਆਂ ਤੁਕਾਂ ਦੀ ਇੱਜ਼ਤ ਨਾਂਹ ਕਰਨ ਵਾਲ਼ੇ
ਇਹ ਸਭ ਗੰਦੇ ਬੀਜ ਦੀ ਪੈਦਾਇਸ਼ ਹਨ

ਸਕੌਚ ਦੇ ਦੋ ਪੈੱਗ ਅੰਦਰ ਜਾਣ ਨਾਲ਼
ਸਾਨੂੰ ਪੰਜਾਬੀਆਂ ਨੂੰ ਔਰਤ ਦੀ ਥਾਂ
ਸਿਰਫ ਤੇ ਸਿਰਫ / ਜਿਸਮ ਦਿਸਣ ਲੱਗ ਜਾਂਦਾ ਹੈ

ਤੇਰੀਆਂ ਨਜ਼ਰਾਂ ਤਾਂ ਕੁਝ ਹੋਰ ਹੀ ਲੱਭ ਰਹੀਆਂ ਨੇ
ਤੇਰੀ ਇਹ ਭੁੱਖ ਏਥੇ ਪੂਰੀ ਨਹੀਂ ਹੋਵੇਗੀ
ਕਿਉਂਕਿ ਮੈਂ ਉਹ ਨਹੀਂ

ਜਿਹੜੀਆਂ ਕੁਸ਼ਤੀ ਕਰਨ ਵਾਲ਼ੀਆਂ ਕੁੜੀਆਂ
ਮਜਬੂਰ ਹੋ ਕੇ ਧਰਨੇ ਤੇ ਬੈਠੀਆਂ ਹਨ ….
ਆਪਣੇ ਕੱਪੜੇ ਲੀਰੋ ਲੀਰ ਕਰਵਾ ਰਹੀਆਂ ਹਨ

ਜੇ ਸਮਝ ਲਈਏ ਕਿ /ਸਾਰੇ ਪੁਰਸ਼ ਕੁੱਤੇ ਹਨ
ਲੁੱਚੇ ਹਨ / ਬੇਸ਼ਰਮ ਹਨ / ਕਾਮ ਦੇ ਭੁੱਖੇ ਹਨ
ਭਗਵਿਆਂ ਤੇ ਚਿੱਟੀ ਸਿਉਂਕ ਦੇ ਭੌਂਕੇ ਹਨ
ਫਿਰ ਸੱਤ ਸੌ ਮਿਲੀਅਨ ਔਰਤਾਂ ਵੀ ਹਨ
ਜੇ ਉਹ ਉਹ ਸਿਰਫ ‘ਸੋ ਸੈਡ ‘ ਕਹਿ ਕੇ
ਅਗਾਂਹ ਤੁਰ ਜਾਣਗੀਆਂ
ਉਨ੍ਹਾਂ ਨਾਲ਼ ਅਜਿਹਾ ਹੁੰਦਾ ਰਹੇਗਾ

ਇਨ੍ਹਾਂ ਕਵਿਤਾਵਾਂ ਵਿੱਚ ਵਿੱਦਿਅਕ ਪ੍ਰਾਪਤੀਆਂ ਦੀ ਕਦਰ, ਨਰੋਆ ਆਚਰਨ ਅਪਨਾਉਣ, ਬਜ਼ੁਰਗਾਂ ਨੂੰ ਜ਼ਿੰਦਗੀ ਮਾਣਨ, ਜਾਤ ਪਾਤ ਤੇ ਨਸਲੀ ਵਿਤਕਰੇ ਤਿਆਗਣ, ਵਿਸ਼ਾਲ ਚਿੱਤ ਹੋਣ, ਪੈਸੇ ਦੇ ਲੋਭ ਨੂੰ ਛੱਡਣ ਤੇ ਚੰਗੀਆਂ ਪੁਸਤਕਾਂ ਪੜ੍ਹਨ ਲਈ ਇਸ਼ਾਰੇ ਵੀ ਮਿਲਦੇ ਹਨ।

ਮੈਂ ਐਸ .ਡੀ.ਐਮ. ਬਣ ਗਈ
ਆ ਤੈਨੂੰ ਦਿਖਾਵਾਂ /ਜੱਟਾਂ ਦੇ ਮੁੰਡੇ ਮੇਰੇ ਦਫਤਰ ਵਿੱਚ
ਪੀਅਨ, ਕਲਰਕ, ਐਸਿਸਟੈਂਟ ਲੱਗੇ ਹੋਏ ਨੇ
ਮੈਨੂੰ ਮੈਡਮ ਜੀ ਮੈਡਮ ਜੀ ਕਰਦੇ ਨਹੀਂ ਥੱਕਦੇ …
ਵੱਡੇ ਘਰਾਂ ਵਾਲ਼ੇ ਜੱਟਾਂ ਦੇ ਮੁੰਡੇ / ਮੇਰੇ ਨਾਲ਼ ਵਿਆਹ ਕਰਾਉਣ ਲਈ
ਮਿੰਨਤਾਂ ਕਰਦੇ ਫਿਰਦੇ ਹਨ /ਹੁਣ ਉਹ ਕਹਿੰਦੇ ਆ / ਨਹੀਂ ਜੀ
ਜਾਤ ਪਾਤ ਵਿੱਚ ਕੀ ਰੱਖਿਆ / ਸਾਰੇ ਰੱਬ ਦੇ ਜੀਅ ਹਨ

ਦੇਖੀਂ ਕਿਤੇ / ਇਹ ਨਾ ਹੋਵੇ
ਮੋਮਬੱਤੀ ਸਾਰੀ ਹੀ ਪਿਘਲ ਜਾਵੇ /ਰਹਿੰਦੇ ਖੁਹੰਦੇ ਚਾਨਣ ਦੀ ਲੀਕ
ਕਿਸੇ ਹੋਰ ਨੁੱਕਰ ਵਿੱਚ ਜਾ ਵੱਜੇ
ਫਿਰ ਤੇਰੇ ਇਕੱਠੇ ਕੀਤੇ /ਰੰਗ ਬਰੰਗੇ ਕਾਗਜ਼
ਕਿਸੇ ਕੰਮ ਨਹੀਂ ਆਉਣੇ

ਜੇ ਤੂੰ ਦੁਨੀਆ ਦੇਖਣੀ
ਜੇ ਤੂੰ ਦੁਨੀਆ ਨੂੰ ਵਿਚਰਦੇ ਦੇਖਣਾ/ ਜੇ ਤੂੰ ਦੁਨੀਆ ਦਾ ਲੁਤਫ ਲੈਣਾ …..
ਤਾਂ ਤੂੰ ਆਹ ਕਿਤਾਬਾਂ ਪੜ੍ਹ …

ਜ਼ਿੰਦਗੀ ਤਾਂ ਇਕ ਗਿਫਟ ਹੈ / ਇਹ ਤਾਂ ਸੰਤਰੇ ਦੀ ਤਰਾਂ ਹੈ
ਜੇ ਇਸ ਦਾ ਸਾਰਾ ਜੂਸ ਨਾਂਹ ਪੀਤਾ / ਤਾਂ ਪਈ ਪਈ ਨੇ ਸੜ ਜਾਣੈ …..
ਤੈਂ ਬੱਚਿਆਂ ਤੋਂ ਕੀ ਲੈਣੈ …?

ਆਜਾ ਆਜਾ ਲੈ ਜਾ ਮੈਨੂੰ
ਮੈਂ ਲਾਇਬ੍ਰੇਰੀ ਸ਼ੈਲਫ ਤੇ ਪਈ
ਬੇਸਬਰੀ ਨਾਲ਼ ਤੇਰੀ ਉਡੀਕ ਕਰ ਰਹੀ ਹਾਂ

ਪਹਿਲਾਂ ਵਾਂਗ ਸੰਨੀ ਦੀਆਂ ਕਵਿਤਾਵਾਂ ਆਪਣੇ ਵਿਸ਼ੇਸ਼ ਮੈਟਾਫਰ, ਕਹਾਣੀ ਨੁਮਾ ਸਰਲ ਤੇ ਆਮ ਬੋਲ ਚਾਲ ਵਾਲੇ ਮੁਹਾਵਰੇ ਨਾਲ਼ ਭਰਪੂਰ ਹਨ ।
ਇਸ ਕਾਵਿ ਸੰਗ੍ਰਹਿ ਦੀ ਆਮਦ ਦਾ ਸੁਆਗਤ ਕਰਨਾ ਹੀ ਬਣਦਾ ਹੈ । ਉਸ ਤੋਂ ਹਲੂਣ ਕੇ ਜਗਾਉਣ ਵਾਲ਼ੀਆਂ ਕਵਿਤਾਵਾਂ ਦੀ ਉਮੀਦ ਰਹੇਗੀ ।

– ਅਵਤਾਰ ਸਿੰਘ ਧਾਲੀਵਾਲ
ਵਾਈਸ-ਪ੍ਰਿੰਸੀਪਲ ( ਰਿਟਾਇਰਡ )
ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ।