Headlines

ਗ਼ਜ਼ਲ-ਅੰਬਰ ‘ਤੇ ਨਵੀਂ ਉਡਾਣ ਭਰ ਰਿਹਾ -ਪ੍ਰੀਤ ਮਨਪ੍ਰੀਤ

ਮੋਗਾ ਜ਼ਿਲੇ ਦੇ ਪਿੰਡ ਮਨਾਵਾਂ ਦਾ ਜੰਮਪਲ ਪ੍ਰੀਤ ਮਨਪ੍ਰੀਤ ਪੰਜਾਬੀ ਗ਼ਜ਼ਲ-ਅੰਬਰ ‘ਤੇ ਨਿਤ ਦਿਨ ਨਵੀਂ ਉਡਾਣ ਭਰ ਰਿਹਾ ਹੈ। 2006 ਤੋਂ ਉਹ ਸਰੀ (ਕੈਨੇਡਾ) ਦਾ ਵਸਨੀਕ ਹੈ। ਕੈਨੇਡਾ ਆ ਕੇ ਕੁਝ ਸਮਾਂ ਉਸ ਅੰਦਰਲਾ ਸ਼ਾਇਰ ਖਾਮੋਸ਼ ਜ਼ਰੂਰ ਰਿਹਾ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਕਾਵਿਕ ਖ਼ਿਆਲਾਂ ਨੇ ਫਿਰ ਅੰਗੜਾਈ ਭਰੀ ਹੈ। ਉਸ ਨੇ ਨਜ਼ਮ ਤੋਂ ਮੋੜਾ ਕਟਦਿਆਂ ਗ਼ਜ਼ਲ ਦੇ ਖੇਤਰ ਵਿਚ ਪੈਰ ਧਰਿਆ ਹੈ। ਉਸ ਦੇ ਖ਼ਿਆਲਾਂ ਵਿਚਲੀ ਨਵੀਨਤਾ, ਮੌਲਿਕਤਾ, ਅੰਦਾਜ਼ ਅਤੇ ਪੇਸ਼ਕਾਰੀ ਦਰਸਾਉਂਦੀ ਹੈ ਕਿ ਭਵਿੱਖ ਵਿਚ ਉਸ ਦਾ ਸ਼ੁਮਾਰ ਚੋਣਵੇਂ ਗ਼ਜ਼ਲਕਾਰਾਂ ਵਿਚ ਹੋਵੇਗਾ। ਉਹ ‘ਗ਼ਜ਼ਲ ਮੰਚ ਸਰੀ’ ਦਾ ਸਰਗਰਮ ਮੈਂਬਰ ਹੈ। ਉਸ ਦਾ ਇਕ ਕਾਵਿ ਸੰਗ੍ਰਹਿ:- “ਰੁੱਤਾਂ, ਦਿਲ ਤੇ ਸੁਫਨੇ” ਪ੍ਰਕਾਸ਼ਿਤ ਹੋਇਆ ਹੈ। ਇੱਥੇ ਅਸੀਂ ਉਸ ਦੀਆਂ ਕੁਝ ਗ਼ਜ਼ਲਾਂ ਦੀ ਸਾਂਝ ਪਾਠਕਾਂ ਨਾਲ ਪੁਆ ਰਹੇ ਹਾਂ-

ਗ਼ਜ਼ਲ-1

ਮੇਰੇ ਸੀਨੇ ‘ਚ ਡੂੰਘਾ ਬਹਿ ਗਿਆ, ਸਾਹਾਂ ਦੇ ਵਿਚ ਲਹਿ ਕੇ

ਦਬਾਇਆ ਸੀ ਜੋ ਹਉਕਾ ਮੈਂ ਕਿਸੇ ਨੂੰ ਅਲਵਿਦਾ ਕਹਿ ਕੇ

ਮੇਰੇ ਪੈਰਾਂ ‘ਚ ਅੱਗੇ ਤੁਰਨ ਦਾ ਅਹਿਸਾਸ ਵੀ ਸਹਿਕੇ

ਤੇ ਪਿੱਛੇ ਰਹਿ ਗਿਆਂ ਦੀ ਯਾਦ ਵੀ ਆਉਂਦੀ ਹੈ ਰਹਿ ਰਹਿ ਕੇ

ਕਦੇ ਇਕ ਫੁੱਲ ਦੀ ਛੋਹ ਨਾਲ਼ ਵੀ ਮੈਂ ਤੜਫ ਉੱਠਦਾ ਹਾਂ

ਕਦੇ ਸਹਿਜੇ ਹੀ ਮੇਰੇ ਨਾਲ਼ ਗੁਜ਼ਰਨ ਹਾਦਸੇ ਖਹਿ ਕੇ

ਉਹ ਪਿੱਛੇ ਛੱਡ ਗਿਆ ਖ਼ਾਮੋਸ਼ੀਆਂ ਦੇ ਕੰਬਦੇ ਸਾਏ

ਭਰੀ ਮਹਿਫ਼ਲ ‘ਚੋਂ ਜਿਹੜਾ ਤੁਰ ਗਿਆ ਧੁਖਦੀ ਕਥਾ ਕਹਿ ਕੇ

ਕਦੇ ਹਰਿਆਵਲਾਂ ਵਿਚ ਵੀ ਨਾ ਲੱਭਣ ਨਕਸ਼ ਮਹਿਕਾਂ ਦੇ

ਖ਼ਿਜ਼ਾਂ ਵਿਚ ਵੀ ਸੁਭਾਵਿਕ ਹੀ ਕਦੇ ਮਨ ਦੀ ਕਲੀ ਟਹਿਕੇ

ਚਿਰਾਂ ਮਗਰੋਂ ਉਸੇ ਹੜ੍ਹ ਵਿਚ ਦੁਬਾਰਾ ਡੁੱਬੀਆਂ ਅੱਖਾਂ

ਮੈਂ ਸੁਣਿਆ ਤਾਂ ਸੀ ਪਾਣੀ ਇਸ਼ਕ ਦਾ ਚੜ੍ਹਦਾ ਨਹੀਂ ਲਹਿ ਕੇ

ਗਜ਼ਲ-2

ਕਈ ਬਸ ਭਰਮ ਸਿਰਜਣ ਜਿਉਂ ਘਟਾ ਘਣਘੋਰ ਹੁੰਦੇ ਨੇ

ਤੇ ਕੁਝ ਰਿਸ਼ਤੇ ਥਲਾਂ ਵਿਚ ਰੇਤ ਦੀ ਚਿਲਕੋਰ ਹੁੰਦੇ ਨੇ

ਜਦੋਂ ਕੁਝ ਤਿੜਕਦਾ ਜਾਵੇ ਜਾਂ ਹੱਥੋਂ ਖਿਸਕਦਾ ਜਾਵੇ

ਉਹੀ ਪਲ ਜ਼ਿੰਦਗੀ ਤੇ ਮੌਤ ਵਿਚਲੀ ਡੋਰ ਹੁੰਦੇ ਨੇ

ਤੇਰੀ ਇਸ ਦਿਲ-ਫ਼ਰੇਬੀ ਦੀ ਵਜ੍ਹਾ ਦਾ ਤਾਂ ਪਤਾ ਲੱਗੇ

ਰੁਝੇਵੇਂ ਹੋਰ ਹੁੰਦੇ ਨੇ , ਅਕੇਵੇਂ ਹੋਰ ਹੁੰਦੇ ਨੇ

ਕਿਸੇ ਬਿਫ਼ਰੀ ਨਦੀ ਦੇ ਵਾਂਗ ਮਨ ਦੇ ਵਲਵਲੇ ਜਾਪਣ

ਕਦੇ ਸੰਗੀਤ ਲੱਗਦੇ ਨੇ , ਕਦੇ ਇਹ ਸ਼ੋਰ ਹੁੰਦੇ ਨੇ

ਕਿਸੇ ਦਾ ਖ਼ਿਆਲ, ਮਨ ਦਾ ਵੇਗ, ਨੂਰੀ ਖ਼ਾਬ, ਵਸਲੀ ਪਲ

ਕਦੋਂ ਇਹ ਰੋਕਿਆਂ ਰੁਕਦੇ , ਬੜੇ ਮੂੰਹ-ਜ਼ੋਰ ਹੁੰਦੇ ਨੇ

ਗਜ਼ਲ-3

ਇਹ ਜਿਸਮ ਪੱਥਰ ਹੋ ਗਿਆ ਤੇ ਅੱਖ ਵੀ ਰੋਈ ਨਹੀਂ

ਪਰ ਕੁਝ ਤਾਂ ਅੰਦਰ ਤੜਫ਼ਦਾ, ਸੰਵੇਦਨਾ ਮੋਈ ਨਹੀਂ

ਜੰਗਲ ਨੂੰ ਤੁਰਿਆ ਆਦਮੀ, ਜੰਗਲ ਘਰਾਂ ਨੂੰ ਤੁਰ ਪਿਆ

ਹਰ ਭਟਕਦੀ ਸ਼ੈਅ ਨੂੰ ਕਦੇ, ਮਿਲਦੀ ਕਿਤੇ ਢੋਈ ਨਹੀਂ

ਇਹ ਇਸ਼ਕ ਦੇ ਜੋ ਤਤਕਰੇ, ਅਕਸਰ ਹੀ ਰਹਿੰਦੇ ਅਨਪੜ੍ਹੇ

ਪੁਸਤਕ ਦਿਲਾਂ ਦੀ ਪੜ੍ਹ ਸਕੇ ਜੋ, ਉਹ ਨਜ਼ਰ ਕੋਈ ਨਹੀਂ

ਸਾਰੇ ਨਗਰ ਵਿਚ ਘੁੰਮਦੇ , ਬੇਖ਼ੌਫ ਹੋ ਕੇ ਹਾਦਸੇ

ਹੋਈ ਅਸਾਡੇ ਨਾਲ ਹੀ ਤਾਂ ਸਿਰਫ਼ ਅਣਹੋਈ ਨਹੀਂ

ਫਿਰ ਸ਼ੀਸ਼ਿਆਂ ‘ਤੇ ਧੂੜ ਦਾ ਇਲਜ਼ਾਮ ਕੀ ਦੇਣਾ ਭਲਾ

ਜੇ ਆਪਣੀ ਪਹਿਚਾਣ ਮੈਥੋਂ, ਆਪ ਹੀ ਹੋਈ ਨਹੀਂ

ਹੁਣ ਦਿਲ ਦਿਆਂ ਜ਼ਖ਼ਮਾਂ ਨੂੰ ਵੀ ਕੁਝ ਲੋਕ ਢਕਦੇ ਇਸ ਤਰ੍ਹਾਂ

ਜੇ ਦਰਦ ਪੁੱਛੀਏ ਆਖਦੇ ਨੇ, ‘ ਨਾ ਜੀ ਨਾ, ਕੋਈ ਨਹੀਂ ’

ਆਮਦ ਕਿਸੇ ਦੀ ਮਹਿਕ ਬਣ , ਮੇਰੀ ਗਲੀ ਮਹਿਕਾ ਗਈ

ਉਹ ਤੁਰ ਗਿਆ ਮੈਂ ਫੇਰ ਇਹ, ਖਿੜਕੀ ਕਦੇ ਢੋਈ ਨਹੀਂ

ਦਿਲ ਦੇ ਲਹੂ ਦੇ ਨਾਲ ਹੀ, ਲਿਖਦਾ ਹਾਂ ਦਿਲ ਦਾ ਹਾਲ ਹੀ

ਉਂਝ ਸਿਰਫ਼ ਬਹਿਰਾਂ ਨਾਲ਼ ਹੀ, ਹੁੰਦੀ ਗ਼ਜ਼ਲਗੋਈ ਨਹੀਂ

ਗਜ਼ਲ-4

ਕਿਤੇ ਪਹੁੰਚਣ ਲਈ ਜੋ ਰਾਹ ਫੜ੍ਹੇ ਸਨ

ਉਨ੍ਹਾਂ ਰਾਹਾਂ ਨੇ ਸਾਨੂੰ ਫੜ੍ਹ ਲਿਆ ਹੈ

ਚਲੋ ਹੁਣ ਤਪਦੀਆਂ ਪੈੜਾਂ ਨੂੰ ਮਿਲੀਏ

ਬਥੇਰਾ ਛਾਂ ‘ਚ ਬਹਿ ਕੇ ਸੜ ਲਿਆ ਹੈ

ਬਿਨਾਂ ਬੋਲੇ ਤੁਸੀਂ ਜੋ ਆਖਿਆ ਸੀ

ਮੈਂ ਸਾਰੀ ਸੁਣ ਲਈ ਉਹ ਭਾਖਿਆ ਵੀ

ਤੁਸੀਂ ਜੋ ਗ਼ੈਬ ਦੀ ਲਿੱਪੀ ‘ਚ ਲਿਖਿਆ

ਉਹ ਕਿੱਸਾ ਦਰਦ ਦਾ ਮੈਂ ਪੜ੍ਹ ਲਿਆ ਹੈ

ਬੁਲੰਦੀ ਦਾ ਨਾ ਪਾਰਾਵਾਰ ਕੋਈ

ਉਤਾਂਹ ਨੂੰ ਜਾਂਦਿਆਂ ਇਹ ਯਾਦ ਰੱਖੀਂ

ਜੇ ਕੋਈ ਆਪਣਾ ਮਿਲਿਆ ਨਾ ਓਥੇ

ਤਾਂ ਕੀ ਮਤਲਬ ਜੇ ਉੱਚਾ ਚੜ੍ਹ ਲਿਆ ਹੈ

ਮੈਂ ਏਧਰ ਖੋਲ੍ਹ ਕੇ ਰਖਦਾ ਹਾਂ ਅੱਖਾਂ

ਤੇਰੀ ਇਕ ਝਲਕ ਦੀ ਮੈਂ ਝਾਕ ਰੱਖਾਂ

ਤੇ ਓਧਰ ਮੇਰੀ ਦਸਤਕ ਤੋਂ ਵੀ ਪਹਿਲਾਂ

ਤੂੰ ਅਪਣੇ ਦਿਲ ਦਾ ਕੁੰਡਾ ਜੜ ਲਿਆ ਹੈ

ਕਿਤਾਬਾਂ ਵਿਚ ਤਾਂ ਕੇਵਲ ਮਸ਼ਵਰੇ ਸਨ

ਤੇ ਮੇਰਾ ਇਸ਼ਕ ਏਨ੍ਹਾਂ ਤੋਂ ਪਰ੍ਹੇ ਸੀ

ਕਿਸੇ ਵਰਕੇ ‘ਤੇ ਜੇ ਨਫ਼ਰਤ ਸੀ ਲਿਖਿਆ

ਮੈਂ ਉਸ ਨੂੰ ਵੀ ਮੁਹੱਬਤ ਪੜ੍ਹ ਲਿਆ ਹੈ

ਰਵਾਇਤੀ ਰਸਤਿਆਂ ਤੋਂ ਵੱਖ ਜਾ ਕੇ

ਅਤੇ ਸੂਰਜ ਦੀ ਅੱਖ ਵਿਚ ਅੱਖ ਪਾ ਕੇ

ਤੇਰੀ ਛੋਹ ਨਾਲ਼ ਇਸ ਵਿਚ ਜਾਨ ਪੈਣੀ

ਮੈਂ ਇਹ ਜੋ ਮੋਮ ਦਾ ਬੁੱਤ ਘੜ ਲਿਆ ਹੈ

ਗਜ਼ਲ-5

ਫਿਰ ਤੋਂ ਬਿਗਾਨੀ ਆਸ ਦਾ ਮੈਂ ਭਰਮ ਐਵੇਂ ਪਾਲ਼ਿਆ
ਕਿਉਂ ਕਾਗਜ਼ੀ ਛਤਰੀ ਦਾ ਮੀਂਹ ਵਿਚ ਆਸਰਾ ਮੈਂ ਭਾਲ਼ਿਆ?

ਉਹ ਵਕਤ ਵੀ ਕੁਝ ਹੋਰ ਸੀ ਤੇ ਜ਼ਬਤ ਵੀ ਕਮਜ਼ੋਰ ਸੀ
ਇਹ ਇਸ਼ਕ ਵੀ ਮੂੰਹ-ਜ਼ੋਰ ਸੀ,ਟਲ਼ਿਆ ਨਾ ਸਿਰ ਤੋਂ ਟਾਲ਼ਿਆ

ਕਲ੍ਹ ਮਨ ‘ਚ ਤਨਹਾਈ ਦਾ ਸੀ ਏਨਾ ਹਨੇਰਾ ਪਸਰਿਆ
ਫਿਰ ਜਾਗ ਕੇ ਮੈਂ ਰਾਤ ਭਰ ਯਾਦਾਂ ਦਾ ਦੀਵਾ ਬਾਲ਼ਿਆ

ਪਾਣੀ ਤੋਂ ਬਣਿਆ ਭਾਫ਼ ਤੇ ਮੈਂ ਮੇਘਲਾ ਹੋ ਪਰਤਿਆ
ਤੇਰੇ ਥਲਾਂ ਦੀ ਪਿਆਸ ਲਈ, ਮੈਂ ਰੂਪ ਕੀ-ਕੀ ਢਾਲ਼ਿਆ

ਮੈਨੂੰ ਨਾ ਖ਼ੁਦ ਤੂਫ਼ਾਨ ਵਿੱਚੋਂ ਪਰਤਣੇ ਦੀ ਆਸ ਸੀ
ਦੇਣਾ ਮਲਾਹਾਂ ਡੋਬ ਸੀ, ਲਹਿਰਾਂ ਨੇ ਆ ਸੰਭਾਲ਼ਿਆ

ਬਹਿ ਕੇ ਬਰੇਤੇ ‘ਤੇ ਕਦੇ, ਉਹ ਕਰਨਗੇ ਇਹ ਤਬਸਰੇ
ਇਸ ਪਾਣੀਆਂ ਦੇ ਦੇਸ ਨੂੰ, ਔੜਾਂ ਨੇ ਕਿੱਦਾਂ ਖਾ ਲਿਆ ?

ਗਜ਼ਲ-6

ਉਹਦੀ ਨੀਂਦਰ ‘ਚ ਹਰਗਿਜ਼ ਜਾਗਦਾ ਵਿਰਲਾਪ ਨਾ ਹੁੰਦਾ
ਜੇ ਮੇਰੇ ਕਤਲ ਦਾ ਵਾਹਦ ਗਵਾਹ ਉਹ ਆਪ ਨਾ ਹੁੰਦਾ

ਸਰੀਰਾਂ ਤੋਂ ਸ਼ੁਰੂ ਨਾ ਖ਼ਤਮ ਹੁੰਦੇ ਇਸ਼ਕ ਦੇ ਰਕਬੇ
ਬਦਨ ਦੇ ਵਰਕਿਆਂ ‘ਤੇ ਮੋਹ ਦਾ ਖੇਤਰ ਮਾਪ ਨਾ ਹੁੰਦਾ

ਇਹ ਤੇਰੀ ਸੰਘਣੀ ਛਾਂ ਵੀ ਹੈ ਅਜਕਲ੍ਹ ਸਾੜ੍ਹਦੀ ਮੈਨੂੰ
ਤੇਰੀ ਬੁੱਕਲ ਦੇ ਸੂਰਜ ਵਿਚ ਵੀ ਹੁਣ ਉਹ ਤਾਪ ਨਾ ਹੁੰਦਾ

ਅਸੀਂ ਖਿੱਚਦੇ ਰਹੇ ਲੀਕਾਂ, ਬਿਗਾਨੀ ਧਰਤ ਦੇ ਉੱਤੇ
ਤੇ ਸਾਡਾ ਆਪਣਾ ਅੰਬਰ ਹੀ ਸਾਥੋਂ ਨਾਪ ਨਾ ਹੁੰਦਾ

ਜੇ ਕੋਈ ਛਲਕਿਆ ਹੰਝੂ ਹੀ ਮੈਨੂੰ ਰੋਕ ਲੈਂਦਾ ਤਾਂ
ਮੇਰਾ ਇਸ ਸ਼ਹਿਰ ‘ਚੋਂ ਜਾਣਾ ਵੀ ਇਉਂ ਚੁਪਚਾਪ ਨਾ ਹੁੰਦਾ

ਜਦੋਂ ਮੈਂ ਥਾਂ-ਕੁਥਾਂ ਖਿੰਡਿਆ, ਉਦੋਂ ਜਾ ਕੇ ਪਤਾ ਲੱਗਾ
ਕਿ ਬਿਖਰੀ ਹੋਂਦ ਵਰਗਾ ਵੀ ਕੋਈ ਸੰਤਾਪ ਨਾ ਹੁੰਦਾ

ਗਜ਼ਲ-7

ਲਤੀਫ਼ਾ ਮੌਤ ਦਾ ਮੈਂ ਜ਼ਿੰਦਗੀ ਨੂੰ ਜਦ ਸੁਣਾਇਆ ਸੀ ।
ਉਦੋਂ ਅੱਖਾਂ ‘ਚ ਹੰਝੂ ਸਾਂਭ ਕੇ ਤੂੰ ਮੁਸਕਰਾਇਆ ਸੀ ।

ਵਿਛਾਉਂਦੇ ਫੁੱਲ ਕੀਕਣ ਉਸ ਦਿਆਂ ਰਾਹਾਂ ‘ਚ ਰੀਝਾਂ ਦੇ
ਖ਼ਿਜ਼ਾਂ ਦੇ ਪਹਿਣ ਕੇ ਵਸਤਰ ਉਹ ਸਾਨੂੰ ਮਿਲਣ ਆਇਆ ਸੀ ।

ਇਸੇ ਕਰ ਕੇ ਬਿਗਾਨੇ ਸਾਗਰੀਂ ਉਹ ਲਹਿ ਗਈ ਸ਼ਾਇਦ
ਨਦੀ ਦਾ ਦੇਸ ਤਾਂ ਉਸ ਵਾਸਤੇ ਮੁੱਢੋਂ ਪਰਾਇਆ ਸੀ ।

ਜਿਵੇਂ ਹੈ ਚੀਚ-ਵਹੁਟੀ ਬਾਰਿਸ਼ਾਂ ਵਿਚ ਭਾਲ਼ਦੀ ਠਾਹਰ
ਸੁਗੰਧਾਂ ਨੇ ਪਤਾ ਫੁੱਲਾਂ ਦਾ ਅਪਣੇ-ਆਪ ਲਾਇਆ ਸੀ ।

ਜਦੋਂ ਜੰਗਲ ‘ਚ ਪੈੜਾਂ ਮੇਰੀਆਂ ਵਿਚ ਝਾੜ ਸੀ ਉੱਗੇ
ਹਵਾ ਤੇ ਅੱਗ ਨੇ ਮਿਲ਼ ਕੇ ਨਵਾਂ ਰਸਤਾ ਬਣਾਇਆ ਸੀ ।

ਪੁਰਾਣੇ ਜ਼ਖ਼ਮ ਅਪਣੇ ਗਿਣ ਰਿਹਾ ਸੀ ਮੈਂ ਅਜੇ ਤੀਕਰ
ਕਿਸੇ ਨੇ ਪਾ ਵਫ਼ਾ ਦਾ ਵਾਸਤਾ ਮੁੜ ਤੋਂ ਬੁਲਾਇਆ ਸੀ ।

ਚਿਰਾਗਾਂ ਦਾ ਪਤਾ ਪੁੱਛਿਆ ਹਵਾ ਨੇ ਜਦ ਹਨੇਰੇ ਤੋਂ
ਬੜਾ ਕੰਬਿਆ ਸੀ ਮੱਥੇ ਵਿਚ ਮੈਂ ਜੋ ਸੂਰਜ ਛੁਪਾਇਆ ਸੀ ।

ਗਜ਼ਲ-8

ਸੋਚ ਸਮਝ ਕੇ ਹੀ ਲਿਖਿਆ ਕਰ ਧੁੱਪਾਂ ਦਾ ਫ਼ਰਮਾਨ ਕਿਤੇ ।
ਬਹੁਤਾ ਚਾਨਣ ਨਜ਼ਰ ਤੇਰੀ ਦਾ ਕਰ ਨਾ ਦਏ ਨੁਕਸਾਨ ਕਿਤੇ ।

ਅੱਜ ਦੇ ਅਰਜਨ ਕਿੱਦਾਂ ਵਿੰਨ੍ਹਣ ਅੱਖ ਸਮੇਂ ਦੀ ਮੱਛੀ ਦੀ
ਗ਼ਰਜ਼ਾਂ ਕੋਲ਼ ਜੋ ਗਹਿਣੇ ਧਰ ਆਏ ਨੇ ਤੀਰ-ਕਮਾਨ ਕਿਤੇ ।

ਹਰ ਕੋਈ ਮੇਰੇ ਵਿੱਚੋਂ ਆਪੋ-ਅਪਣਾ ਹਿੱਸਾ ਲੈ ਤੁਰਿਆ
ਮੈਂ ਖ਼ੁਦ ਵਿੱਚੋਂ ਖ਼ੁਦ ਨੂੰ ਲੱਭਾਂ ਖੜ੍ਹ ਕੇ ਸੁੰਨ-ਮਸਾਨ ਕਿਤੇ ।

ਨਾ ਤਾਂ ਸਾਡੇ ਮੋਢੇ ਝੁਕਦੇਨਾ ਹੀ ਰਾਹਾਂ ਵਿਚ ਰੁਕਦੇ
ਲੋੜੋਂ ਵੱਧ ਅਸੀਂ ਨਾ ਚੁੱਕਦੇ ਸਫ਼ਰ ਦਾ ਜੇ ਸਾਮਾਨ ਕਿਤੇ ।

ਲਟਕੇ ਵਿੱਚ ਖ਼ਲਾਅ ਦੇ ਧਰਤੀ ਦੇ ਵੀ ਅਰਥ ਗੁਆ ਬੈਠੇ
ਅੰਬਰ ਵਿਚ ਉੱਡਣ ਦਾ ਜਦ ਲੈ ਬੈਠੇ ਸਾਂ ਅਰਮਾਨ ਕਿਤੇ ।

ਅੱਜ ਕਿਸੇ ਬੇਬਸ ਦੇ ਅੱਥਰੂ ਉਤਰੇ ਮੇਰੇ ਨੈਣਾਂ ਵਿਚ
ਇਉਂ ਲੱਗਿਆ ਜਿਉਂ ਕਰ ਆਇਆ ਹਾਂ ਮੈਂ ਰੂਹ ਦਾ ਇਸ਼ਨਾਨ ਕਿਤੇ ।

ਸਾਬਤ-ਕਦਮੀਂ ਤੁਰਦਾ ਸ਼ਾਇਰ ਅਦਬੀ-ਮੰਜ਼ਿਲ ਪਾ ਲੈਂਦਾ
ਜੇ ਨਾ ਰਾਹ ਵਿਚ ਠਿੱਬੀ ਲਾਉਂਦੇ ਹਾਕਮ ਦੇ ਸਨਮਾਨ ਕਿਤੇ ।

ਹਰਫ਼ਾਂ ਦੇ ਸੁੱਚੇ-ਮੋਤੀ ਮੈਂ ਤੇਰੇ ਦਰ ਤੇ ਧਰ ਚੱਲਿਆਂ
ਬੋਲ-ਰਸੀਦੀ ਵਾਪਸ ਭੇਜੀਂ ਹੋ ਗਏ ਜੇ ਪਰਵਾਨ ਕਿਤੇ ।