Headlines

ਕਵਿਤਾ- ਮੁਹੱਬਤ /- ਪ੍ਰੇਮ ਸਾਹਿਲ

ਹਾਂ ਤੇ ਯਾਰ ਮੁਹੱਬਤ ਹੀ ਮੈੰ
ਨਾਂ ਤੋੰ ਹੀਰ ਸਦਾਵਾਂ ਮੈੰ
ਤੇ ਜੋ ਹਾਂ ਸੋ ਬਣਕੇ ਰਹਿ ਸਾਂ
ਭੇਖ, ਪਖੰਡ ਠੁਕਰਾਵਾਂ ਮੈੰ

ਸੋਹਣੀ ਬਣ ਜਦ ਜੱਗ ‘ਤੇ ਆਵਾਂ
ਪਾਰ ਕਰਾਂ ਦਰਿਆਵਾਂ ਮੈੰ
ਯਾਰ ਆਪਣੇ ਸੰਗ ਵਫ਼ਾ ਨਿਭਾਵਾਂ
ਡੁੱਬ ਕੇ ਵੀ ਤਰ ਜਾਵਾਂ ਮੈੰ

ਤੇ ਇੱਕ ਦਿਨ ਜਦ ਇਸ ਧਰਤੀ ‘ਤੇ
ਸੱਸੀ ਨਾਮ ਧਰਾਵਾਂ ਮੈੰ
ਇੱਕ ਡਾਚੀ ਦੀਆਂ ਪੈੜਾਂ ਨੱਪਦੀ
ਵਿੱਚ ਥਲਾਂ ਕੁਰਲਾਵਾਂ ਮੈੰ

ਲੂਣਾ ਵੀ ਮੇਰਾ ਨਾਂ ਹੈ ਜੇ
ਅੱਗ ਦੀ ਜੂਨ ‘ਚ ਆਵਾਂ ਮੈੰ
ਬਿਨ ਬਲ਼ਿਆਂ ਬੁਝਣੋੰ ਬਿਹਤਰ
ਕਿਉੰ ਨਾ ਪੂਰਨ ਗਲ਼ ਲਾਵਾਂ ਮੈੰ

ਸੱਸੀ, ਸੋਹਣੀ, ਹੀਰ ਜਾਂ ਲੂਣਾ
ਹੀ ਚਾਹਾਂ ਬਣ ਆਵਾਂ ਮੈੰ
ਸਾਹਿਬਾਂ ਬਣ ਨਾ ਨਾਮ ਆਪਣੇ ਨੂੰ
ਸਾਹਿਲ ਦਾਗ਼ ਲਗਾਵਾਂ ਮੈੰ

10 ਦਿਸੰਬਰ, 2023 (ਦੇਹਰਾਦੂਨ)