Headlines

ਸੰਪਾਦਕੀ- ਸਿਆਸੀ ਲਾਲਸਾਵਾਂ ਵਿਚ ਉਲਝੀ ਖਿਮਾ ਯਾਚਨਾ…

-ਸੁਖਵਿੰਦਰ ਸਿੰਘ ਚੋਹਲਾ-

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ  ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਸਰਕਾਰ ਹੁੰਦਿਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਆਪਣੇ, ਆਪਣੇ ਮਰਹੂਮ ਪਿਤਾ ਤੇ ਅਕਾਲੀ ਦਲ ਦੀ ਤਰਫੋਂ ਹੱਥ ਜੋੜਕੇ ਸਿੱਖ ਕੌਮ ਕੋਲੋਂ ਖਿਮਾ ਜਾਚਨਾ ਕੀਤੀ ਹੈ। ਇਕੱਠ ਨੂੰ ਸੰਬੋਧਨ ਕਰਨ ਸਮੇਂ ਉਹਨਾਂ ਦਾ ਸਿੱਖ ਕੌਮ ਤੋਂ ਮੁਆਫੀ ਮੰਗਣ ਦਾ ਇਹ ਬਿਆਨ ਮੀਡੀਆ ਤੇ ਸੋਸ਼ਲ ਮੀਡੀਆ ਉਪਰ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਦੇ ਬਿਆਨ ਦਾ ਮੂਲ ਰੂਪ ਇਹ ਹੈ ਕਿ..

‘’ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ। ਮੈਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੁੱਖ ਸੇਵਾਦਾਰ ਹੋਣ ਦੇ ਨਾਤੇ, ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜੂਰੀ ਵਿਚ ‘ਬਿਰਾਜਮਾਨ’ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋਕੇ, ਸਿਰ ਝੁਕਾਕੇ ਮੈਂ ਗੁਰੂ ਮਹਾਰਾਜ ਤੋ ਮੁਆਫੀ ਮੰਗਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ‘ਦੁਖ’ ਦੁਖਾਇਆ ਹੋਵੇ ਤਾਂ ਅਸੀ ਮੁਆਫੀ ਚਾਹੁੰਨੇ ਆਂ।  ਜੇ ਸਾਡੇ ਰਾਜ ਵਿਚ ਬੇਅਦਬੀਆਂ ਹੋਈਆਂ, ਕਿਉਂਕਿ ਆਮ ਸੰਗਤ ਵਿਚ ‘ਮਨਸ਼ਾ’ ਹੈ ਕਿ ਪੰਥਕ ਸਰਕਾਰ ਸੀ, ਹਾਂ ਪੰਥਕ ਸਰਕਾਰ ਸੀ, ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤਾਂ ਸਾਥੋਂ ਪਰੈਸ਼ਰ ਪਾਕੇ ਕੱਢ ਦਿੱਤਾ ਗਿਆ, ਸਾਨੂੰ ਉਹਦੀ ਵੀ ਮਾਫੀ ਕਿ ਅਸੀ ਦੋਸ਼ੀ ਨਹੀ ਫੜ ਸਕੇ। ਪਰ ਅਸੀ ਵਾਅਦਾ ਕਰਦੇ ਹਾਂ ਕਿ ਜੋ ਅਸਲੀ ਦੋਸ਼ੀ ਆ ਉਹਨਾਂ ਨੂੰ ਜੇਲਾਂ ਵਿਚ ਪਾਵਾਂਗੇ ਤੇ ਜਿਹਨਾਂ  ਸਿਆਸਤ ਕੀਤੀ, ਉਹਨਾਂ ਦੀਆਂ ‘ਸ਼ਕਲਾਂ’ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ।  ਮੈਂ ਸ ਪਰਕਾਸ਼ ਸਿੰਘ ਬਾਦਲ ਦੀ  ਤਰਫੋ ਵੀ ਕਿਉਂਕਿ ਉਹ ਹੁਣ ਸਾਡੇ ਵਿਚ ਨਹੀ ਰਹੇ, ਪਾਰਟੀ ਦੇ ਮੁੱਖ ਸੇਵਾਦਾਰ ਵਜੋਂ, ਸਮੁੱਚੀ ਪਾਰਟੀ ਦੀ ਲੀਡਰਸ਼ਿਪ ਦੀ ਤਰਫੋ ਤੇ ਸਮੁੱਚੇ ਪਾਰਟੀ ਵਰਕਰਾਂ ਦੀ ਤਰਫੋਂ ਕਿਉਂਕਿ ਵਰਕਰ ਵੀ ਪਾਰਟੀ ਦੀ ਜਾਨ ਹੁੰਦੇ ਆ, ਅਸੀ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਕਿ ਪ੍ਰਮਾਤਮਾ, ਜਾਣੇ ਅਣਜਾਣੇ ਸਾਥੋਂ  ਕੋਈ ਵੀ ਭੁੱਲ ਹੋਈ ਹੋਵੇ , ਅਸੀ ਸਿਰ ਝੁਕਾਕੇ ਮਾਫੀ ਮੰਗਦੇ ਹਾਂ।  ਅਸੀ ਜੋ ਗੁਰੂ ਸਾਹਿਬਾਂ ਦੇ ਦੱਸੇ ਹੋਏ ਰਸਤੇ,ਸਿਧਾਂਤਾਂ ਤੇ, ਜਿਵੇਂ ਸਿਧਾਂਤ ਆ- ਅਮਨ ਸਾਂਤੀ, ਭਾਈਚਾਰਕ ਸਾਂਝ ਦਾ,ਸਰਬੱਤ ਦੇ ਭਲੇ ਦਾ, ਪੰਜਾਬ ਦੀ ਤਰੱਕੀ ਦਾ,  ਉਸੇ ਈ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ, ਸਮੁੱਚੇ ਵਰਕਰਾਂ ਤੇ ਸਾਡੀ ਜਥੇਬੰਦੀਂ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹਨਾਂ ਲੀਹਾਂ ਤੇ ਲੈਕੇ ਆਈਏ।  ਕਿਉਂਕਿ ਜਿਹੋ ਜਿਹੀ ਹਾਲਾਤ ਬਣ ਗਈ ਆ ਪੰਜਾਬ ਵਿਚ । ਪੰਜ ਸਾਲ ਕਾਂਗਰਸ ਦੇ ਅਤੇ ਜਿਵੇ ਦੇ ਹੁਣ ਹੁਕਮਰਾਨ ਆਏ ਆ, ਉਹ ਜਿਸ ਤਰੀਕੇ ਨਾਲ ਲੱਗੇ ਆ, ਜਿਸ ਤਰੀਕੇ ਨਾਲ ਉਹਨਾਂ  ਗੁਰੂ ਘਰਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਆਪਣੀ ਪੁਲਿਸ ਰਾਹੀ, ਇਹੋ ਜਿਹਾ ਸੀਨ ਆਪਾਂ ਅੱਜ ਤੱਕ  ਕਦੇ ਨਹੀ ਵੇਖਿਆ। ਸੋ ਆਪਣੀ ਫੌਜ ਨੂੰ ਬਲ ਬਖਸ਼ਣ, ਅਸੀ ਇਹੋ ਜਿਹੇ ਦੁਸ਼ਮਣਾਂ ਦਾ ਸਾਹਮਣਾ ਕਰ ਸਕੀਏ ਤੇ  ਪੰਜਾਬ ਨੂੰ ਇਕੱਠਾ ਕਰਕੇ,ਅਸੀਂ ਸੱਚੀ ਅਗਵਾਈ, ਜਿਹੋ ਜਿਹੀ ਪਹਿਲਾਂ ਦਿੰਦੇ ਰਹੇ ਆਂ, ਉਹ ਸੱਚੀ ਅਗਵਾਈ ਦੇ ਕੇ ਖਾਲਸਾ ਪੰਥ ਦੀ ਚੜਦੀ ਕਲਾ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ।‘’

ਆਪਣੀ ਇਸ ਖਿਮਾ ਜਾਚਨਾ ਦੇ ਨਾਲ ਹੀ ਪ੍ਰਧਾਨ ਸਾਹਿਬ ਨੇ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਨ ਵਾਲੇ ਆਗੂਆਂ ਨੂੰ ਇਕ ਝੰਡੇ ਹੇਠ ਇਕੱਤਰ ਹੋਣ ਅਤੇ ਏਕਤਾ ਦੀ ਅਪੀਲ ਕੀਤੀ ਹੈ।

ਸਿੱਖ ਪੰਥ ਤੋਂ ਮੁਆਫੀ ਮੰਗਣ ਦੇ ਢੰਗ ਤਰੀਕੇ ਅਤੇ ਬਿਆਨ ਦੀ ਕੱਚ -ਘਰੜ ਸ਼ਬਦਾਵਲੀ ਦੀ ਚੀਰ- ਫਾੜ ਕਰਨ ਨੂੰ ਪਾਸੇ ਰੱਖਦਿਆਂ ਉਹਨਾਂ ਦੇ ਮੁਆਫੀਨਾਮੇ ਅਤੇ ਏਕਤਾ ਦੀ ਅਪੀਲ  ਨੂੰ ਰਲਵਾਂ ਮਿਲਵਾਂ ਪ੍ਰਤੀਕਰਮ ਵੇਖਣ ਨੂੰ ਮਿਲਿਆ ਹੈ। ਜਿਥੇ ਇਕ ਪਾਸੇ ਬੇਅਦਬੀਆਂ ਦੇ ਮੁੱਦੇ ਉਪਰ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਣ ਤੇ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕਰਨ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਨਰਮ ਰੁਖ ਅਖਤਿਆਰ ਕਰਦਿਆਂ ਆਪਣੀ ਪਾਰਟੀ ਵਿਚ ਏਕਤਾ ਦਾ ਮਸਲਾ ਵਿਚਾਰਨ ਦੀ ਗੱਲ ਕਹੀ ਹੈ ਤੇ ਦਿੱਲੀ ਦੇ ਇਕ ਹੋਰ ਵੱਡੇ ਆਗੂ ਪਰਮਜੀਤ ਸਿੰਘ ਸਰਨਾ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਬਿਆਨ ਦਾ ਹੁੰਗਾਰਾ ਭਰਿਆ ਹੈ ਤਾਂ ਦੂਸਰੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਕੁਝ ਹੋਰ ਗਰਮ ਖਿਆਲੀ ਆਗੂਆਂ ਨੇ ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਡਰਾਮਾ ਦਸਦਿਆਂ ਮੁਆਫੀ ਮੰਗਣ ਦੇ ਢੰਗ ਤਰੀਕੇ ਨੂੰ ਪੰਥਕ ਰਵਾਇਤਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ  ਦੀ ਦਲੀਲ ਹੈ ਕਿ ਅਗਰ ਅਕਾਲੀ ਦਲ ਦੇ ਪ੍ਰਧਾਨ ਸਚਮੁੱਚ  ਬੇਅਦਬੀਆਂ ਦੇ ਮੁੱਦੇ ਉਪਰ ਪੰਥਕ ਸਰਕਾਰ ਤੋਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ। ਪਰ ਉਹਨਾਂ ਨੇ ਇਸ ਮਾਮਲੇ ਵਿਚ ਆਪ ਹੀ ਦੋਸ਼ੀ ਤੇ ਜੱਜ ਵਾਲੀ ਭੂਮਿਕਾ ਨਿਭਾਉਂਦਿਆਂ ਪੰਥਕ ਰਵਾਇਤਾਂ ਦਾ ਮਜਾਕ ਉਡਾਇਆ ਹੈ।

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਿਥੇ ਅਕਾਲੀ ਦਲ ਦੇ ਪ੍ਰਧਾਨ ਵਲੋਂ ਖਿਮਾ ਜਾਚਨਾ ਉਪਰ ਵਿਅੰਗੇ ਕੱਸੇ ਹਨ ਉਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁਆਫੀ ਕਿਸੇ ਗਲਤੀ ਦੀ  ਹੁੰਦੀ ਹੈ ਅਪਰਾਧ ਦੀ ਨਹੀ। ਪਰ ਸੋਚਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਅਦਬੀਆਂ ਬਾਰੇ ਵਿਸ਼ੇਸ਼ ਜਾਂਚ ਟੀਮ ( ਸਿਟ) ਦੀ ਜੋ ਫਾਈਨਲ ਰਿਪੋਰਟ ਜਨਤਕ ਕੀਤੀ ਗਈ ਹੈ, ਉਸ ਵਿਚ ਬੇਅਦਬੀਆਂ ਲਈ ਡੇਰਾ ਸਿਰਸਾ ਦੇ ਮੁੱਖੀ ਤੇ ਉਸਦੇ ਪ੍ਰੇਮੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਵਿਚ ਕਿਸੇ ਵੀ ਸਿਆਸੀ ਦਖਲ ਅੰਦਾਜੀ ਦਾ ਕੋਈ ਸੰਕੇਤ ਨਹੀ। ਇਸ ਸਬੰਧੀ ਵਿਧਾਨ ਸਭਾ ਵਿਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲਿਖਤੀ ਸਵਾਲ ਉਠਾਇਆ ਸੀ ਕਿ ਰਿਪੋਰਟ ਵਿਚ ਬਾਦਲਾਂ ਦਾ ਨਾਮ ਗਾਇਬ ਕਿਉਂ ਹੈ ?

ਸਾਲ 2015 ਵਿਚ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈਕੇ ਸਿੱਖ ਭਾਈਚਾਰੇ ਵਿਚ ਉਸ ਸਮੇਂ ਦੀ ਅਕਾਲੀ ਸਰਕਾਰ ਵਿਰੁੱਧ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਨਾ ਕੀਤੇ ਜਾ ਸਕਣ ਕਾਰਣ ਭਾਰੀ ਰੋਸ ਸੀ। ਇਹ ਰੋਸ ਉਸ ਸਮੇਂ ਰੋਹ ਵਿਚ ਬਦਲ ਗਿਆ ਜਦੋਂ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਇਨਸਾਫ ਲਈ ਮੋਰਚੇ ਵਿਚ ਬੈਠੇ ਦੋ ਸਿੱਖਾਂ ਦੀ ਪੁਲਿਸ ਗੋਲੀ ਨਾਲ ਜਾਨ ਚਲੀ ਗਈ। ਤਤਕਾਲੀ ਸਰਕਾਰ ਪੁਲਿਸ ਗੋਲੀਬਾਰੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਬਿਜਾਏ ਸਿੱਖਾਂ ਨੂੰ ਹੀ ਬੇਅਦਬੀ ਲਈ ਦੋਸ਼ੀ ਬਣਾਉਣ ਦੇ ਰਾਹ ਪੈ ਗਈ। ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ‘ਮੈਸੰਜਰ ਆਫ ਗਾਡ’ ਦੇ ਰੀਲੀਜ ਨੂੰ ਲੈਕੇ ਗੁੱਸੇ ਵਿਚ ਆਏ ਡੇਰਾ ਪ੍ਰੇਮੀਆਂ ਵਲੋਂ ਸਿੱਖਾਂ ਨੂੰ ਵੰਗਾਰਕੇ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਪਰ ਸਰਕਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ। ਇਥੋ ਤੱਕ ਕਿ ਸੀ ਬੀ ਆਈ ਨੂੰ ਸੌਂਪੀ ਗਈ ਜਾਂਚ ਵਿਚ ਡੇਰਾ ਪ੍ਰੇਮੀਆਂ ਨੂੰ ਬੇਅਦਬੀਆਂ ਲਈ ਜਿੰਮੇਵਾਰ ਨਾ ਦੱਸਿਆ ਗਿਆ। ਡੇਰਾ ਸੱਚਾ ਸੌਦਾ ਦੇ ਮੁਖੀ ਵਲੋਂ ਸਭ ਤੋਂ ਪਹਿਲਾਂ ਦਸਮ ਪਿਤਾ ਦਾ ਸਵਾਂਗ ਰਚਕੇ ਬੱਜਰ ਗੁਨਾਹ ਕਰਦਿਆਂ ਸਿੱਖ ਭਾਵਨਾਵਾਂ ਨੂੰ ਵਲੂੰਧਰਨ ਦਾ ਕੋਝਾ ਯਤਨ ਕੀਤਾ ਗਿਆ। ਉਸਦੇ ਖਿਲਾਫ ਕੇਸ ਦਰਜ ਹੋਇਆ। ਅਕਾਲ ਤਖਤ ਤੋਂ ਫਤਵਾ ਜਾਰੀ ਹੋਇਆ ਪਰ ਬਾਦ ਵਿਚ ਤਤਕਾਲੀ ਜਥੇਦਾਰ ਗੁਰਬਚਨ ਸਿੰਘ ਵਲੋਂ ਡੇਰਾ ਮੁਖੀ ਨੂੰ ਸਿੱਖ ਭਾਵਨਾਵਾਂ ਦੇ ਵਿਰੁਧ ਜਾਂਦਿਆਂ ਮੁਆਫੀ ਨਾਮਾ ਜਾਰੀ ਕਰ ਦਿੱਤਾ ਗਿਆ। ਡੇਰਾ ਮੁਖੀ ਨੂੰ  ਮੁਆਫੀ ਬਾਰੇ ਚਰਚਾ ਰਹੀ ਕਿ ਅਕਾਲੀ ਸਰਕਾਰ ਨੇ ਅਕਾਲ ਤਖਤ ਤੇ ਸਿਆਸੀ ਦਬਾਅ ਪਾਉਂਦਿਆਂ ਮੁਆਫੀਨਾਮਾ ਜਾਰੀ ਕਰਵਾਇਆ ਤੇ ਬਦਲੇ ਵਿਚ ਵਿਧਾਨ ਸਭਾ ਚੋਣਾਂ ਵਿਚ ਡੇਰਾ ਸੱਚਾ ਸੌਦਾ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਅਕਾਲੀ ਦਲ ਵਲੋਂ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਉਪਰ ਟੇਕ ਰੱਖਦਿਆਂ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਦਾ ਇਹ ਦੁਖਦਾਈ ਮੰਜ਼ਰ ਸਭ ਨੇ ਵੇਖਿਆ। ਪਰ ਅਕਾਲੀ ਦਲ ਨੂੰ ਡੇਰਾ ਸੱਚਾ ਸੌਦਾ ਦੀ ਹਮਾਇਤ ਲੈਣ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੱਖੋ ਪਰੋਖਾ ਕਰਨ ਦਾ ਵੱਡਾ ਖਮਿਆਜਾ ਭੁਗਤਣਾ ਪਿਆ। ਪੰਜਾਬ ਵਿਚ ਲਗਾਤਾਰ ਦੋ ਵਾਰ ਸੱਤਾ ਦਾ ਆਨੰਦ ਮਾਨਣ ਵਾਲੀ ਪਾਰਟੀ 2017 ਵਿਚ ਸੱਤਾ ਗਵਾਉਣ ਅਤੇ 2022 ਵਿਚ ਕੇਵਲ ਤਿੰਨ ਸੀਟਾਂ ਤੱਕ ਸਿਮਟ ਕੇ ਰਹਿ ਗਈ। ਅਕਾਲੀ ਦਲ ਦੀ ਇਸ ਤਰਸਯੋਗ ਹਾਲਤ ਲਈ ਬਹੁਗਿਣਤੀ ਸਿੱਖਾਂ ਵਲੋਂ ਬਾਦਲ ਪਰਿਵਾਰ, ਵਿਸ਼ੇਸ਼ ਕਰਕੇ ਸੁਖਬੀਰ ਬਾਦਲ ਦੀਆਂ ਮਨਆਈਆਂ ਨੂੰ ਸਮਝਿਆ ਜਾਂਦਾ ਰਿਹਾ ਹੈ। ਇਸੇ ਲਈ ਅਕਾਲੀ ਦਲ ਦੇ ਹਮਦਰਦ ਅਤੇ ਸਮਰਥਕਾਂ ਵਲੋਂ ਬਾਦਲ ਪਰਿਵਾਰ ਨੂੰ ਅਕਸਰ ਇਹ ਸਲਾਹ ਦਿੱਤੀ ਜਾਂਦੀ ਰਹੀ ਹੈ ਕਿ ਉਹ ਬੀਤੇ ਵਿਚ ਹੋਈਆਂ ਗਲਤੀਆਂ ਨੂੰ ਸਵੀਕਾਰ ਕਰਦਿਆਂ ਅਕਾਲ ਤਖਤ ਸਾਹਿਬ ਤੇ ਖਿਮਾ ਜਾਚਨਾ ਕਰ ਲੈਣ । ਮਰਹੂਮ ਸ ਪਰਕਾਸ਼ ਸਿੰਘ ਬਾਦਲ ਵਲੋਂ ਪੰਥ ਕੋਲੋਂ ਖਿਮਾ ਜਾਚਨਾ ਦੀ ਭਾਵਨਾ ਜਾਹਰ ਵੀ ਕੀਤੀ ਗਈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਨੂੰ ਜਨਤਕ ਰੂਪ ਵਿਚ ਸਵੀਕਾਰ ਕਰਨਾ ਕਦੇ ਦਰੁਸਤ ਨਾ ਜਾਣਿਆ । ਉਹ ਦਰਬਾਰ ਸਾਹਿਬ ਜਾਕੇ ਨਤਮਸਤਕ ਹੋਣ, ਜੋੜਿਆਂ ਦੀ ਸੇਵਾ ਅਤੇ  ਹੋਰ ਧਾਰਮਿਕ ਸਰਗਰਮੀਆਂ ਕਰਦੇ ਵਿਖਾਈ ਤਾਂ ਦਿੱਤੇ ਪਰ ਬਹੁਗਿਣਤੀ ਸਿੱਖਾਂ ਨੂੰ ਉਹਨਾਂ ਦੀ ਸੇਵਾ ਪ੍ਰਭਾਵਿਤ ਨਾ ਕਰ ਸਕੀ ।

ਸਿੱਖ ਸਿਆਸਤ ਦੇ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਪੰਥ ਤੋਂ ਮੁਆਫੀ ਮੰਗਣ ਦਾ ਅਗਰ ਮਨ ਬਣਾ ਲਿਆ ਸੀ ਤਾਂ ਇਸਨੂੰ ਪੰਥਕ ਰਵਾਇਤਾਂ ਮੁਤਾਬਿਕ ਹੀ ਅਮਲ ਵਿਚ ਲਿਆਉਣ ਦੀ ਲੋੜ ਸੀ। ਕਿਹਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਵਲੋਂ ਆਗਾਮੀ ਲੋਕ ਸਭਾ ਅਤੇ ਸ੍ਰੋਮਣੀ ਕਮੇਟੀ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਸਿਖ ਆਵਾਮ ਵਿਚ ਅਕਾਲੀ ਦਲ ਦਾ  ਖੁੱਸਿਆ ਆਧਾਰ ਮੁੜ ਪ੍ਰਾਪਤ ਕਰਨ ਦੀ ਚਾਰਾਜੋਈ ਵਜੋਂ ਇਹ ਖਿਮਾ ਜਾਚਨਾ ਦਾ ਐਲਾਨ ਕੀਤਾ ਗਿਆ ਹੈ ਪਰ ਸਵਾਲ ਹੈ , ਕੀ ਤਿਆਗ ਤੇ ਸੇਵਾ ਦੀ ਭਾਵਨਾ ਤੋਂ ਬਿਨਾਂ ਸਿੱਖ ਮਨਾਂ ਨੂੰ ਜਿੱਤ ਸਕਣਾ ਸੰਭਵ ਹੈ। ਜਦੋਂ ਪ੍ਰਧਾਨਗੀ ਦੀ ਕੁਰਸੀ ਨਾਲ ਚਿੰਬੜੇ ਰਹਿਣ ਦੀ ਲਾਲਸਾ ਖਿਮਾ ਜਾਚਨਾ ਤੋਂ ਵੱਡੀ ਹੋਵੇ ਤਾਂ ਪੰਜਾਬ ਤੇ ਪੰਥ ਦੇ ਭਲੇ ਲਈ ਅਰਦਾਸ ਸੱਚੇ ਮਨੋਂ ਕਿਵੇਂ ਹੋ ਸਕਦੀ ਹੈ ?