Headlines

ਮਾਨਤੋਵਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) -ਉੱਤਰੀ ਇਟਲੀ ਦੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੁਜਾਰਾ,ਮਾਨਤੋਵਾ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਮਿਤੀ 17 ਦਸੰਬਰ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਵੇਰੇ 10:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਮਨਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਲਈ ਗਈ ਸੀ। ਸਵੇਰੇ 11 ਵਜੇ ਤੋਂ 12.30 ਵਜੇ ਤੱਕ ਭਾਈ ਅਮਰਜੀਤ ਸਿੰਘ ਜੀ ਉੱਤਰਾਖੰਡ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਭਾਈ ਸਾਹਿਬ ਨੇ ਬਹੁਤ ਹੀ ਭਾਵ ਭਿੰਨੇ ਸ਼ਬਦਾਂ ਵਿੱਚ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਹੀਦੀ ਕਥਾ ਸੁਣਾਈ। ਸੰਗਤਾਂ ਦੇ ਮਨ ਅਤੇ ਅੱਖਾਂ ਵਿੱਚ ਸਤਿਗੁਰੂ ਸਾਹਿਬ ਜੀ ਸ਼ਹਾਦਤ ਦੀ ਦਾਸਤਾਨ ਸੁਣਦਿਆਂ ਵੈਰਾਗ ਦੇ ਅੱਥਰੂ ਸਨ। ਸੰਗਤ ਦੇ ਮੂੰਹੋਂ ਆਪ ਮੁਹਾਰੇ ਹੀ ਨਿੱਕਲ ਰਿਹਾ ਸੀ “ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ,ਧਰਮ ਦੀ ਚਾਦਰ”। ਚੱਲਦੇ ਪ੍ਰਸੰਗ ਦੌਰਾਨ ਭਾਈ ਸਤੀ ਦਾਸ ਜੀ,ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੇ ਵੀ ਸੰਗਤਾਂ ਦੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਲਾਕਾ ਨਿਵਾਸੀ ਸੰਗਤਾਂ ਦੇ ਭਾਰੀ ਇਕੱਠ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਭਾਗੀ ਬਣੇ। ਗੁਰੂ ਸਾਹਿਬ ਦੀਆਂ ਬਖਸੀਆਂ ਦਾਤਾਂ ਵਿੱਚੋਂ ਸੰਗਤ ਲਈ ਅਤੁੱਟ ਲੰਗਰ ਵਰਤਾਏ ਗਏ।