Headlines

ਸੋਸ਼ਲ ਮੀਡੀਆ ਦਾ ਚਰਚਿਤ ਨਾਮ ਨਵਜੋਤ ਕੌਰ ਲੰਬੀ ਹੁਣ ਗਾਇਕੀ ਚ ਅਜ਼ਮਾਏਗੀ ਕਿਸਮਤ

ਨਵਜੋਤ ਕੌਰ ਤੋਂ ਸੰਗੀਤਕ ਖੇਤਰ ਵਿੱਚ ਵੀ ਨਵੀਆਂ ਉਮੀਦਾਂ- ਗਰਚਾ
 ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਸੋਸ਼ਲ ਮੀਡੀਆ ਤੇ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਬਹੁਤ ਸਾਰੀ ਫੈਨ ਫਾਲੋਅਰਜ ਵਾਲੀ ਸ੍ਰੀ ਮੁਕਤਸਰ ਜਿਲ੍ਹੇ ਨਾਲ ਸੰਬੰਧਿਤ ਨਵਜੋਤ ਕੌਰ ਲੰਬੀ ਹੁਣ ਸੰਗੀਤਕ ਦੁਨੀਆਂ ਵਿੱਚ ਪ੍ਰਵੇਸ਼ ਕਰਦਿਆਂ, ਸਿੰਗਰ ਬਣਨ ਜਾ ਰਹੀ ਹੈ। ਉਹ ਆਪਣੀ ਆਵਾਜ਼ ਵਿੱਚ ਦੋ ਗੀਤ ਰਿਕਾਰਡ ਕਰਾ ਚੁੱਕੀ ਹੈ ਤੇ ਉਨਾਂ ਦਾ ਵੀਡੀਓ ਫਿਲਮਾਂਕਣ ਵੀ ਸ਼ੁਰੂ ਹੋ ਚੁੱਕਾ ਹੈ। ਜੋ ਛੇਤੀ ਹੀ ਰਿਲੀਜ਼ ਲਈ ਤਿਆਰ ਹਨ। ਐਮ ਏ ਪੰਜਾਬੀ ਕਰ ਰਹੀ ਨਵਜੋਤ ਕੌਰ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਇਸ ਤੋਂ ਕਈ ਸਾਲ ਪਹਿਲਾਂ ਆਪ ਪਾਰਟੀ ਲਈ ਵੀ ਕੰਮ ਕਰ ਚੁੱਕੀ ਹੈ। ਦਰਸ਼ਕਾਂ ਨੂੰ ਬਹੁਤ ਜਲਦ ਉਸ ਦਾ ਪਹਿਲਾ ਟਰੈਕ ਬੁਟੀਕ ਦੇਖਣ ਨੂੰ ਮਿਲੇਗਾ।ਪਿਛਲੇ ਮਹੀਨੇ ਨਵਜੋਤ ਕੌਰ ਲੰਬੀ ਤੇ ਉਨਾਂ ਦੇ ਪਿਤਾ ਦੀ ਮੁਲਾਕਾਤ ਪ੍ਰਮੋਟਰ ਜਗਰਾਜ ਸਿੰਘ ਗਰਚਾ ਜੋ ਉਸ ਸਮੇਂ ਇੰਡੀਆਂ ਗਏ ਹੋਏ ਸਨ, ਦੇ ਗ੍ਰਹਿ ਵਿਖੇ ਇੱਕ ਮਿਲਣੀ ਦੌਰਾਨ ਹੋਈ। ਉਨਾਂ ਦੱਸਿਆ ਕਿ ਨਵਜੋਤ ਕੌਰ ਲੰਬੀ ਸੰਗੀਤਕ ਖੇਤਰ ਵਿੱਚ ਵੀ ਨਵੇਂ ਦਿਸਹੱਦੇ ਸਥਾਪਿਤ ਕਰਨ ਦਾ ਮਾਦਾ ਰੱਖਦੀ ਹੈ ਤੇ ਜਲਦੀ ਹੀ ਨਵਜੋਤ ਕੌਰ ਲੰਬੀ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਸੰਗੀਤਕ ਪ੍ਰੇਮੀਆਂ ਦੇ ਸਨਮੁੱਖ ਕਰਨ ਦੀ ਯੋਜਨਾ ਹੈ। ਨਵਜੋਤ ਕੌਰ ਲੰਬੀ ਜੋ ਆਪਣੇ ਪਿਤਾ ਨਾਲ ਗਰਚਾ ਦੇ ਗ੍ਰਹਿ ਵਿਖੇ ਮਿਲਣ ਆਏ ਸਨ। ਉਸ ਮੌਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ।