ਡਾ. ਗੁਰਵਿੰਦਰ ਸਿੰਘ
ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਪੰਜਾਬੀ ਵਿੱਚ ਅਨੁਵਾਦਿਤ ਕਰਦਿਆਂ, ਡਾ. ਗੁਰਨਾਮ ਸਿੰਘ ਦੇ ਸੁਪਤਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਤੇ ਪੰਜਾਬੀ ਸਾਹਿਤ ਅਧਿਅਨ ਵਿਭਾਗ ਦੇ ਮੁਖੀ ਰਹੇ ਡਾਕਟਰ ਅੰਮ੍ਰਿਤਪਾਲ ਕੌਰ ਨੇ ਪੰਜਾਬੀ ਸ਼ਬਦ ਲਿਖੇ, ਜਿਹਨਾਂ ਨੂੰ ਕੈਨੇਡੀਅਨ ਪੰਜਾਬੀ ਬੱਚਿਆਂ ਨੇ ਲੈਅ, ਸੁਰ, ਤਾਲ ਰਾਹੀਂ ਗਾਇਆ। ਇਹਨਾਂ ਵਿੱਚੋਂ ਕੁਝ ਸ਼ਬਦ ਇਸ ਤਰ੍ਹਾਂ ਹਨ
”ਓ ਕੈਨੇਡਾ!
ਦੂਰੋਂ ਦੂਰ ਤੱਕ
ਅਸੀਂ ਸਦਾ ਰਖਵਾਲੇ ਤੇਰੇ।
ਰੱਬ ਸਾਡੀ ਧਰਤ ਰੱਖੇ
ਆਜ਼ਾਦ ਸ਼ਾਨ ਵਾਲੀ।
ਓ ਕੈਨੇਡਾ!
ਅਸੀੰ ਸਦਾ ਰੱਖਵਾਲੇ ਤੇਰੇ!!”
ਇਸ ਇਤਿਹਾਸਿਕ ਪ੍ਰਾਪਤੀ ਲਈ ਸਮੂਹ ਕੈਨੇਡੀਅਨ ਵਧਾਈ ਦੇ ਪਾਤਰ ਹਨ। 16 ਦਸੰਬਰ 2023 ਨੂੰ ਅਜਿਹਾ ਇਤਿਹਾਸ ਸਿਰਜਿਆ ਗਿਆ, ਜਿਸ ਲਈ ਕੈਨੇਡਾ ਵਸਦੇ ਪੰਜਾਬੀ ਵਰਿਆਂ ਤੋਂ ਉਪਰਾਲੇ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਹਾਕੀ ਦੀ ਪੰਜਾਬੀ ਵਿੱਚ ਕੁਮੈਂਟਰੀ, ਡੇਢ ਦਹਾਕਾ ਪਹਿਲਾਂ ਤੋਂ ਬਹੁਤ ਉਤਸ਼ਾਹ ਨਾਲ ਚੱਲ ਰਹੀ ਹੈ, ਜਿਸ ਨੂੰ ਸੀਬੀਸੀ ਕੈਨੇਡੀਅਨ ਬਰੌਡਕਾਸਟਿੰਗ ਵੱਲੋਂ ਪ੍ਰਸਾਰਤ ਕੀਤਾ ਜਾਂਦਾ ਹੈ। ਇਹ ਵੀ ਵੱਡੀ ਪ੍ਰਾਪਤੀ ਹੈ। ਕੈਨੇਡਾ ਵਿੱਚ ਪੰਜਾਬੀ ਦਾ ਬੂਟਾ ਲਾਉਣ ਵਾਲੇ ਗਦਰੀ ਬਾਬਿਆਂ ਅਤੇ ਉਸ ਤੋਂ ਮਗਰੋਂ ਕੀਤੇ ਜਾ ਰਹੇ ਸਮੂਹ ਉਪਰਾਲਿਆਂ ਦਾ, ਇਹ ਸ਼ਾਨਦਾਰ ਨਤੀਜਾ ਹੈ।
ਇਸ ਸਮੇਂ ਪੰਜਾਬੀ ਕੈਨੇਡਾ ਦੀ ਚੌਥੀ ਵੱਡੀ ਬੋਲੀ ਹੈ। ਅੰਗਰੇਜ਼ੀ, ਫਰੈਂਚ ਅਤੇ ਚੀਨੀ ਤੋਂ ਮਗਰੋਂ, ਪੰਜਾਬੀ ਦਾ ਨਾਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਆਉਂਦਾ ਹੈ, ਇਸ ਦੇ ਬਾਵਜੂਦ ਕਿ ਮਰਦਮ ਸ਼ੁਮਾਰੀ ਮੌਕੇ ਬਹੁਤ ਸਾਰੇ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਪੱਖੋਂ ਅਵੇਸਲੇ ਵੀ ਹੋ ਜਾਂਦੇ ਹਨ। ਆਓ ਮਾਂ ਬੋਲੀ ਪੰਜਾਬੀ ਨੂੰ ਪਿੱਠ ਨਾ ਦਿਖਾਈਏ। ਘਰਾਂ ਵਿੱਚ ਪੰਜਾਬੀ ਬੋਲੀਏ। ਮਰਦਮ ਸ਼ੁਮਾਰੀ ਮੌਕੇ ਪੰਜਾਬੀ ਲਿਖਵਾਈਏ, ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰੀਏ ਅਤੇ ਫ਼ਖ਼ਰ ਨਾਲ ਆਖੀਏ ;
ਰੱਬ ਸਾਡੀ ਧਰਤ ਰੱਖੇ
ਆਜ਼ਾਦ ਸ਼ਾਨ ਵਾਲੀ।
ਓ ਕੈਨੇਡਾ!
ਅਸੀੰ ਸਦਾ ਰੱਖਵਾਲੇ ਤੇਰੇ!