Headlines

ਕਮਿਊਨਿਟੀ ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈ

ਸਾਬਕਾ ਪ੍ਰਧਾਨ ਨੇ ਗੁਰੂ ਰਵੀਦਾਸ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਕਮੇਟੀ ਨੂੰ ਸਵਾਲ ਕੀਤੇ-

ਸਰੀ- ਬੀਤੇ ਦਿਨ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਸੋਹਪਾਲ, ਰਿਕ ਤੂਰਾ, ਅਮਰਜੀਤ ਸਿੰਘ , ਮਾਈਕਲ ਘੀਰਾ, ਪਰਮ ਸਰੋਆ, ਬਲਵੀਰ ਬੈਂਸ ਤੇ ਸਾਥੀਆਂ ਵਲੋਂ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੀਤ ਸੰਗੀਤ ਦੇ ਪ੍ਰੋਗਰਾਮ ਦੇ ਨਾਲ ਲੱਕੀ ਡਰਾਅ ਕੱਢੇ ਗਏ। ਪ੍ਰੋਗਰਾਮ ਵਿਚ ਲਿਬਰਲ ਐਮ ਪੀ ਸੁੱਖ ਧਾਲੀਵਾਲ ਤੇ ਕੌਂਸਲਰ ਮਨਦੀਪ ਨਾਗਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਪ੍ਰਧਾਨ ਰਿਕ ਤੂਰਾ ਤੇ ਹਰਜੀਤ ਸਿੰਘ ਸੋਹਪਾਲ ਨੇ ਆਪਣੇ ਵਧਾਈ ਸੰਦੇਸ਼ ਦੇ ਨਾਲ ਗੁਰੂ ਰਵਿਦਾਸ ਸਭਾ ਦੀ ਮੌਜੂਦਾ ਕਮੇਟੀ ਵਲੋਂ ਗੁਰੂ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ  ਸੰਗਤਾਂ ਦੀ ਰਾਇ ਤੋਂ ਬਿਨਾਂ ਮਨਆਈਆਂ ਕਰਨ ਅਤੇ ਭਾਰੀ ਵਿਆਜ਼ ਦਰ ਉਪਰ ਕਰਜਾ ਚੁੱਕੇ ਜਾਣ ਬਾਰੇ ਕਈ ਸਵਾਲ ਉਠਾਏ ਤੇ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਮੇਟੀ ਨੂੰ ਇਸ ਸਬੰਧੀ ਜਵਾਬਦੇਹ ਬਣਾਉਣ। ਉਹਨਾਂ ਸਪੱਸ਼ਟ ਕੀਤਾ ਕਿ ਉਹ ਕ੍ਰਿਸਮਿਸ ਪਾਰਟੀ ਦੇ ਮੌਕੇ ਅਜਿਹੀਆਂ ਗੱਲਾਂ ਨਹੀ ਕਰਨਾ ਚਾਹੁੰਦੇ ਪਰ ਲੋਕਾਂ ਨੂੰ ਇਸ ਮੁੱਦੇ ਉਪਰ ਜਾਗਰੁਕ ਕਰਨਾ ਆਪਣਾ ਫਰਜ਼ ਸਮਝਦੇ ਹਨ।

ਇਸ ਪਾਰਟੀ ਵਿਚ ਵੱਡੀ ਗਿਣਤੀ ਵਿਚ ਲੋਕ ਪਰਿਵਾਰਾਂ ਸਮੇਤ ਸ਼ਾਮਿਲ ਹੋਏ ਤੇ ਗੀਤ ਸੰਗੀਤ ਤੇ ਵੰਨ ਸੁਵੰਨੇ ਖਾਣਿਆਂ ਦਾ ਭਰਪੂਰ ਆਨੰਦ ਮਾਣਿਆ। ਐਮ ਪੀ ਸੁਖ ਧਾਲੀਵਾਲ ਨੇ ਹਾਜ਼ਰੀਨ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ ਤੇ ਲੋਕਾਂ ਦੇ ਪਿਆਰ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ।