Headlines

ਵਿਦਵਾਨ ਲੇਖਕ ਅਤੇ ਪੱਤਰਕਾਰ ਗੁਰਬਚਨ ਸਿੰਘ (ਦੇਸ ਪੰਜਾਬ) ਦਾ ਬੇਵਕਤ ਦੁਖਦਾਈ ਵਿਛੋੜਾ

ਵੈਨਕੂਵਰ (ਡਾ ਗੁਰਵਿੰਦਰ ਸਿੰਘ)- ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਸਮਰਪਿਤ ਲੋਕਾਂ, ‘ਦੇਸ ਪੰਜਾਬ’ ਦੇ ਪਾਠਕਾਂ ਅਤੇ ਪੰਥਕ ਹਲਕਿਆਂ ਵਿੱਚ ਇਹ ਖਬਰ ਬੜੀ ਦੁੱਖ ਨਾਲ ਪੜੀ ਜਾਵੇਗੀ ਕਿ ਨਾਮਵਰ ਸਾਹਿਤਕਾਰ, ਪੱਤਰਕਾਰ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਸਰਦਾਰ ਗੁਰਬਚਨ ਸਿੰਘ (ਸਾਬਕਾ ਸੰਪਾਦਕ ਦੇਸ ਪੰਜਾਬ) ਸਾਡੇ ਵਿਚਕਾਰ ਨਹੀਂ ਰਹੇ। ਅੱਜ ਜਲੰਧਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ 73 ਕੁ ਸਾਲਾਂ ਦੀ ਸੀ। ਸਰਦਾਰ ਗੁਰਬਚਨ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਸਨ। ਉਹਨਾਂ ਨੇ ਹੁਣ ਤੱਕ ਕਈ ਵਡਮੁੱਲੀਆਂ ਪੁਸਤਕਾਂ ਤੋਂ ਇਲਾਵਾ ‘ਦੇਸ ਪੰਜਾਬ’ ਖੋਜ ਭਰਪੂਰ ਮੈਗਜ਼ੀਨ ਰਾਹੀਂ ਮਨੁੱਖੀ ਹੱਕਾ ਦੇ ਅਲੰਬਰਦਾਰ ਵਜੋਂ ਇਤਿਹਾਸਿਕ ਭੂਮਿਕਾ ਨਿਭਾਈ। ਪੰਜਾਬ ਵਿੱਚ ਸਰਕਾਰੀ ਕਹਿਰ ਦੇ ਦਿਨਾਂ ਦੌਰਾਨ ਜਦੋਂ ਇੰਡੀਅਨ ਸਟੇਟ ਅਤੇ ਪੰਜਾਬ ਪੁਲਿਸ ਦਾ ਲਗਾਤਾਰ ਤਸ਼ੱਦਦ ਹੋ ਰਿਹਾ ਸੀ, ਉਸ ਵੇਲੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਵਿੱਚੋਂ ਸਰਦਾਰ ਗੁਰਬਚਨ ਸਿੰਘ ਮੋਹਰੀ ਸਨ। ਉਹਨਾਂ ਜਸਟਿਸ ਅਜੀਤ ਸਿੰਘ ਬੈਂਸ ਹੁਰਾਂ ਨਾਲ ਮਿਲ ਕੇ, ਜਿੱਥੇ ਮਨੁੱਖੀ ਹੱਕਾਂ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ, ਉੱਥੇ ਸਾਬਕਾ ਜਸਟਿਸ ਕੁਲਦੀਪ ਸਿੰਘ ਦੇ ਲੋਕ ਕਮਿਸ਼ਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਆਪਣੇ ਸਮੇਂ ਦੌਰਾਨ ਉਨਾਂ ਨਕਸਲਾਈਟ ਮੂਵਮੈਂਟ ਦੇ ਰਸਾਲੇ ‘ਪੈਗਾਮ’ ਵਿੱਚ ਵੀ ਵੱਡੀ ਜਿੰਮੇਵਾਰੀ ਵਾਲਾ ਕੰਮ ਕੀਤਾ। ‘ਅੱਜ ਦੀ ਆਵਾਜ਼’ ਅਖਬਾਰ ਵਿੱਚ ਸੰਪਾਦਕੀਆਂ ਦੇ ਪੰਨੇ ਅਤੇ ਪ੍ਰਮੁੱਖ ਖਬਰਾਂ ਤਿਆਰ ਕਰਨ ਵਿੱਚ ਵੀ ਸਰਦਾਰ ਗੁਰਬਚਨ ਸਿੰਘ ਦੀ ਵੱਡੀ ਭੂਮਿਕਾ ਰਹੀ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਕਈ ਕਿਤਾਬਾਂ ਲਿਖੀਆਂ, ਜਿਹੜੀਆਂ ਕਿ ਪੰਥ ਅਤੇ ਚੁਣੌਤੀਆਂ ਤੇ ਦਰਪੇਸ਼ ਮੁਸ਼ਕਲਾਂ ਨੂੰ ਬਿਆਨ ਕਰਦੀਆਂ ਹਨ।
ਸਰਦਾਰ ਗੁਰਬਚਨ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਇਹ ਪਰਿਵਾਰ ਪਿੱਛੋਂ ਪਾਕਿਸਤਾਨ ਦੇ ਲਾਇਲਪੁਰ ਨਾਲ ਸਬੰਧ ਸੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਆ ਗਿਆ। ਇੱਥੇ ਹੀ ਗੁਰਬਚਨ ਸਿੰਘ ਜੀ ਨੇ ਬਚਪਨ ਗੁਜ਼ਾਰਿਆ। ਮਗਰੋਂ ਉਹ ਜਲੰਧਰ ਆ ਗਏ। ਇੱਥੇ ਹੀ ਪੜੇ ਅਤੇ ਨੌਕਰੀਆਂ ਤੋਂ ਇਲਾਵਾ, ਉਹ ਲਗਾਤਾਰ ਲੇਖਕ ਅਤੇ ਪੱਤਰਕਾਰ ਵਜੋਂ ਵਿਚਰਦੇ ਰਹੇ। ਉਹਨਾਂ ਦੀਆਂ ਵੱਖ ਵੱਖ ਸਾਹਿਤਕ ਸਰਗਰਮੀਆਂ ਬੇਮਿਸਾਲ ਰਹੀਆਂ।
ਮੈਨੂੰ ਯਾਦ ਹੈ ਕਿ ਸੰਨ 2019 ਵਿੱਚ “ਗੁਰੂ ਨਾਨਕ ਦਰਸ਼ਨ (ਰਬਾਬ ਤੋਂ ਨਗਾਰੇ ਤੱਕ)” ਕਿਤਾਬ ਦਾ ਰਿਲੀਜ਼ ਸਮਾਰੋਹ, ਜੋ ਕੇਂਦਰੀ ਸਿੱਖ ਸਭਾ ਚੰਡੀਗੜ੍ਹ ਨੇ ਕੀਤਾ ਸੀ, ਉਸ ਵਿੱਚ ਸ. ਗੁਰਬਚਨ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਉਹਨਾਂ ਨਾਲ ਬਿਤਾਏ ਪਲ ਹਮੇਸ਼ਾ ਹੀ ਯਾਦ ਰਹੇ। ਜਦੋਂ ਕਾਫੀ ਸਮਾਂ ਪਹਿਲਾਂ ਕੈਨੇਡਾ ਆਏ ਅਤੇ ਹੁਣ ਵੀ ਜਦੋਂ ਕਦੇ ਉਹਨਾਂ ਨਾਲ ਗੱਲਬਾਤ ਹੁੰਦੀ, ਉਹ ਚੜਦੀ ਕਲਾ ਵਿੱਚ ਵਿਚਾਰਾਂ ਦਿੰਦੇ ਅਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਸਹੀ ਜਾਣਕਾਰੀ ਤੇ ਸਹੀ ਸੋਚ ਦਾ ਪ੍ਰਗਟਾਵਾ ਕਰਦੇ।
ਸਰਦਾਰ ਗੁਰਬਚਨ ਸਿੰਘ ਦਾ ਖਾਲਸਾਈ ਚੇਤਨਾ ਦੇ ਪ੍ਰਸੰਗ ਵਿੱਚ ਬਿਰਤਾਂਤ ਬਹੁਤ ਹੀ ਡੂੰਘਾ ਅਤੇ ਅਰਥ ਭਰਪੂਰ ਰਿਹਾ। ਉਹਨਾਂ ਦੇ ਵੱਡੇ ਸਪੁੱਤਰ ਜਗਮੀਤ ਸਿੰਘ ਇਸ ਵੇਲੇ ਐਬਟਸਫੋਰਡ ਬੀਸੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਛੋਟੇ ਪੁੱਤਰ ਇੰਦਰਪਾਲ ਸਿੰਘ ਆਸਟਰੇਲੀਆ ਹਨ। ਇਹਨਾਂ ਦੇ ਆਉਣ ਤੇ ਸਰਦਾਰ ਗੁਰਬਚਨ ਸਿੰਘ ਜੀ ਦਾ ਸਸਕਾਰ ਪੰਜਾਬ ਵਿੱਚ ਜਲੰਧਰ ਵਿਖੇ, ਸ਼ਨੀਚਰਵਾਰ ਨੂੰ ਕੀਤਾ ਜਾਵੇਗਾ। ਉਹਨਾਂ ਦੇ ਸੁਪਤਨੀ ਮਾਨਯੋਗ ਬੀਬੀ ਜੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰੇ ਸਰਦਾਰ ਸਾਹਿਬ ਨੂੰ ਪਿਆ ਦਿਲ ਦਾ ਦੌਰਾ ਜਾਨ ਲੇਵਾ ਸਾਬਤ ਹੋਇਆ। ਪਰਿਵਾਰ ਨਾਲ ਹਮਦਰਦੀ ਕਰਨ ਵਾਲੀਆਂ ਸ਼ਖਸੀਅਤਾਂ ਵਿੱਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਹੋਰ ਕਈ ਸ਼ਖਸੀਅਤਾਂ ਨਾਲ ਗੱਲਬਾਤ ਹੋਈ। ਉਹਨਾਂ ਸਰਦਾਰ ਗੁਰਬਚਨ ਸਿੰਘ ਦੇ ਵੱਡੇ ਯੋਗਦਾਨ ਬਾਰੇ ਬਹੁਤ ਭਾਵਪੂਰਤ ਵਿਚਾਰਾਂ ਸਾਂਝੀਆਂ ਕੀਤੀਆਂ।
‘ਦੇਸ ਪੰਜਾਬ’ ਰਾਹੀਂ ਸੁੱਤੀ ਜਮੀਰ ਨੂੰ ਹਲੂਣਾ ਦੇਣ ਵਾਲੇ ਸਰਦਾਰ ਗੁਰਬਚਨ ਸਿੰਘ ਦੀਆਂ ਦੇਣਾਂ ਨੂੰ ਯਾਦ ਕਰਦਿਆਂ ਹੋਇਆਂ, ਸ਼ਰਧਾਂਜਲੀ ਭੇਟ ਕਰਦੇ ਹਾਂ। ਯਕੀਨੀ ਤੌਰ ‘ਤੇ ਗੁਰਬਚਨ ਸਿੰਘ ਜੀ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੀੜਿਤ ਸਮਾਜ ਅਤੇ ਸੱਤਾ ਦੇ ਸਤਾਏ ਲੋਕਾਂ ਦੀ ਗੱਲਬਾਤ ਕਰਨ ਵਾਲੇ ਲਿਖਾਰੀਆਂ, ਚਿੰਤਕਾਂ, ਬੁੱਧੀਜੀਵੀਆਂ, ਸਹੀ ਬਿਰਤਾਂਤ ਨੂੰ ਪਛਾਨਣ ਵਾਲੇ, ਮੌਜੂਦਾ ਸਮੇਂ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਖਿਲਾਫ ਬੋਲਣ ਵਾਲੇ, ਫਾਸ਼ੀਵਾਦੀ ਇੰਡੀਅਨ ਸਟੇਟ ਵੱਲੋਂ ਘੱਟ ਗਿਣਤੀਆਂ ਦੀ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਅਤੇ ਪੰਥ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਜ਼ਾਹਿਰ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਨਿਗੁਣੀ ਹੈ ਅਤੇ ਉਹਨਾਂ ਵਿੱਚੋਂ ਪ੍ਰਮੁੱਖ ਸਰਦਾਰ ਗੁਰਬਚਨ ਸਿੰਘ ਦੇਸ ਪੰਜਾਬ ਦੇ, ਤੁਰ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।